Begin typing your search above and press return to search.

ਪੰਜਾਬੀ ਪਤੀ ਨਾਲ ਅਮਰੀਕਾ ਤੋਂ ਫਰਾਰ ਪਤਨੀ ਗ੍ਰਿਫ਼ਤਾਰ

6 ਸਾਲ ਦੇ ਬੱਚੇ ਦਾ ਕਤਲ ਕਰਨ ਮਗਰੋਂ ਪੰਜਾਬੀ ਪਤੀ ਨਾਲ ਅਮਰੀਕਾ ਤੋਂ ਫ਼ਰਾਰ ਹੋਈ ਸਿੰਡੀ ਰੌਡਰਿਗਜ਼ ਸਿੰਘ ਨੂੰ ਆਖਰਕਾਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ

ਪੰਜਾਬੀ ਪਤੀ ਨਾਲ ਅਮਰੀਕਾ ਤੋਂ ਫਰਾਰ ਪਤਨੀ ਗ੍ਰਿਫ਼ਤਾਰ
X

Upjit SinghBy : Upjit Singh

  |  21 Aug 2025 6:08 PM IST

  • whatsapp
  • Telegram

ਨਿਊ ਯਾਰਕ : 6 ਸਾਲ ਦੇ ਬੱਚੇ ਦਾ ਕਤਲ ਕਰਨ ਮਗਰੋਂ ਪੰਜਾਬੀ ਪਤੀ ਨਾਲ ਅਮਰੀਕਾ ਤੋਂ ਫ਼ਰਾਰ ਹੋਈ ਸਿੰਡੀ ਰੌਡਰਿਗਜ਼ ਸਿੰਘ ਨੂੰ ਆਖਰਕਾਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਰਤੀ ਪੁਲਿਸ ਅਤੇ ਇੰਟਰਪੋਲ ਦੀ ਮਦਦ ਨਾਲ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵਾਲੇ ਆਪਣੇ 10 ਪ੍ਰਮੁੱਖ ਭਗੌੜਿਆਂ ਵਿਚੋਂ ਇਕ ਨੂੰ ਕਾਬੂ ਕਰਨ ਵਿਚ ਸਫ਼ਲ ਹੋ ਸਕੇ। ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ 40 ਸਾਲ ਦੀ ਸਿੰਡੀ ਨੂੰ ਭਾਰਤ ਤੋਂ ਅਮਰੀਕਾ ਲਿਆਂਦਾ ਜਾ ਚੁੱਕਾ ਹੈ ਅਤੇ ਉਹ ਐਫ਼.ਬੀ.ਆਈ. ਦੀ ਹਿਰਾਸਤ ਵਿਚ ਹੈ। ਉਸ ਨੂੰ ਜਲਦ ਹੀ ਟੈਕਸਸ ਪੁਲਿਸ ਦੇ ਸਪੁਰਦ ਕੀਤਾ ਜਾਵੇਗਾ ਜਿਥੇ ਕਤਲ ਦੀ ਵਾਰਦਾਤ ਅੰਜਾਮ ਦਿਤੀ ਗਈ। ਐਫ਼.ਬੀ.ਆਈ. ਦੇ ਡਾਇਰੈਕਟਰ ਕਾਸ਼ ਪਟੇਲ ਨੇ ਸੋਸ਼ਲ ਮੀਡੀਆ ਰਾਹੀਂ ਸਿੰਡੀ ਰੌਡਰਿਗਜ਼ ਦੀ ਗ੍ਰਿਫ਼ਤਾਰੀ ਬਾਰੇ ਤਸਦੀਕ ਕਰ ਦਿਤੀ।

6 ਸਾਲਾ ਬੱਚਾ ਕਤਲ ਕਰਨ ਦੇ ਲੱਗੇ ਸਨ ਦੋਸ਼

ਇਥੇ ਦਸਣਾ ਬਣਦਾ ਹੈ ਕਿ ਸਿੰਡੀ 22 ਮਾਰਚ 2023 ਨੂੰ ਆਪਣੇ ਪਤੀ ਅਰਸ਼ਦੀਪ ਸਿੰਘ ਅਤੇ ਛੇ ਬੱਚਿਆਂ ਨਾਲ ਭਾਰਤ ਫਰਾਰ ਹੋਈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਵਿਚ ਨਾਕਾਮ ਐਫ਼.ਬੀ.ਆਈ. ਨੇ ਇਕ ਸਾਲ ਬਾਅਦ 25 ਹਜ਼ਾਰ ਡਾਲਰ ਦਾ ਇਨਾਮ ਐਲਾਨ ਦਿਤਾ। ਇਸ ਹੈਰਾਨਕੁੰਨ ਅਤੇ ਦਰਦ ਭਰੀ ਕਹਾਣੀ ਦੀ ਸ਼ੁਰੂਆਤ ਟੈਕਸਸ ਦੇ ਐਵਰਮੈਨ ਸ਼ਹਿਰ ਤੋਂ ਹੋਈ ਜਿਥੇ ਸਿੰਡੀ ਦਾ 6 ਸਾਲਾ ਬੇਟਾ ਨੌਇਲ ਰੌਡਰਿਗਜ਼ ਅਕਤੂਬਰ 2022 ਮਗਰੋਂ ਕਦੇ ਨਜ਼ਰ ਨਾ ਆਇਆ। ਨੌਇਲ ਮਾਨਸਿਕ ਤੌਰ ’ਤੇ ਬਿਮਾਰ ਸੀ ਜਿਸ ਨੂੰ ਮਾਰ ਕੇ ਸੁੱਟ ਦਿਤਾ ਗਿਆ ਅਤੇ ਅੱਜ ਤੱਕ ਲਾਸ਼ ਵੀ ਨਹੀਂ ਮਿਲ ਸਕੀ। ਐਵਰਮੈਨ ਪੁਲਿਸ ਮੁਤਾਬਕ ਸਿੰਡੀ ਦੇ ਪਤੀ ਅਰਸ਼ਦੀਪ ਸਿੰਘ ਵਿਰੁੱਧ ਵੀ ਕਤਲ ਦੀ ਵਾਰਦਾਤ ਵਿਚ ਸਹਾਇਕ ਹੋਣ ਦੇ ਦੋਸ਼ ਆਇਦ ਕੀਤੇ ਜਾ ਸਕਦੇ ਹਨ। ਪੁਲਿਸ ਨੇ ਦੱਸਿਆ ਕਿ 6 ਸਾਲ ਦਾ ਨੌਇਲ, ਸਿੰਡੀ ਦੇ 10 ਬੱਚਿਆਂ ਵਿਚੋਂ ਇਕ ਸੀ। ਤਿੰਨ ਬੱਚੇ ਗਰੈਂਡ ਪੇਰੈਂਟਸ ਕੋਲ ਰਹਿੰਦੇ ਸਨ ਜਦਕਿ ਨੌਇਲ ਸਣੇ 7 ਬੱਚੇ ਅਰਸ਼ਦੀਪ ਅਤੇ ਸਿੰਡੀ ਨਾਲ ਰਹਿ ਰਹੇ ਸਨ। ਇਨ੍ਹਾਂ ਬੱਚਿਆਂ ਵਿਚੋਂ ਜੌੜੇ ਬੱਚਿਆਂ ਦਾ ਜਨਮ ਅਕਤੂਬਰ 2022 ਵਿਚ ਹੋਇਆ ਅਤੇ ਇਸੇ ਦੌਰਾਨ ਨਵੰਬਰ ਵਿਚ ਨੌਇਲ ਲਾਪਤਾ ਹੋ ਗਿਆ। ਜਾਂਚਕਰਤਾਵਾਂ ਮੁਤਾਬਕ ਨੋਇਲ ਦੇ ਲਾਪਤਾ ਹੋਣ ਮਗਰੋਂ ਸਿੰਡੀ ਕਾਫ਼ੀ ਸਮਾਂ ਇਹ ਕਹਿੰਦੀ ਰਹੀ ਕਿ ਉਹ ਮੈਕਸੀਕੋ ਵਿਚ ਆਪਣੇ ਅਸਲ ਪਿਤਾ ਕੋਲ ਹੈ। ਫਿਰ ਇਕ ਵਾਰ ਉਸ ਨੇ ਆਖ ਦਿਤਾ ਕਿ ਉਨ੍ਹਾਂ ਦੀ ਇਕ ਰਿਸ਼ਤੇਦਾਰ ਨੇ ਬੱਚਾ ਕਿਸੇ ਨੂੰ ਵੇਚ ਦਿਤਾ।

ਐਫ਼.ਬੀ.ਆਈ. ਨੇ ਰੱਖਿਆ ਸੀ ਇਨਾਮ, ਭਾਰਤ ਵਿਚ ਕੀਤੀ ਕਾਬੂ

ਪੁਲਿਸ ਨੇ ਸਿੰਡੀ ਦੇ ਦਾਅਵਿਆਂ ਦੀ ਤਸਦੀਕ ਵਾਸਤੇ ਮੈਕਸੀਕੋ ਸਰਕਾਰ ਤੱਕ ਪਹੁੰਚ ਕੀਤੀ ਅਤੇ ਇਹ ਗੱਲ ਸਾਫ਼ ਹੋ ਗਈ ਕਿ ਨੋਇਲ, ਮੈਕਸੀਕੋ ਵਿਚ ਨਹੀਂ ਸੀ। ਮਾਮਲੇ ਦੀ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨੌਇਲ ਆਪਣੀ ਪੈਦਾਇਸ਼ ਤੋਂ ਹੀ ਬਿਮਾਰ ਰਹਿੰਦਾ ਸੀ ਅਤੇ ਸਿੰਡੀ ਉਸ ਨੂੰ ਸ਼ੈਤਾਨ ਦਾ ਰੂਪ ਦਸਦੀ। ਜਦੋਂ ਸਿੰਡੀ ਨੇ ਜੌੜੇ ਬੱਚਿਆਂ ਨੂੰ ਜਨਮ ਦਿਤਾ ਤਾਂ ਨੋਇਲ ਪ੍ਰਤੀ ਉਸ ਦੀ ਨਫ਼ਰਤ ਹੋਰ ਵਧ ਗਈ। ਆਖਰੀ ਵਾਰ ਦੇਖੇ ਜਾਣ ਵੇਲੇ ਨੌਇਲ ਬਿਮਾਰ ਅਤੇ ਭੁੱਖਣ-ਭਾਣਾ ਲੱਗ ਰਿਹਾ ਸੀ। ਸਿੰਡੀ ਦੇ ਅਪਰਾਧਕ ਪਿਛੋਕੜ ਨੇ ਇਸ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿਤਾ। ਹੱਦ ਤੋਂ ਉਸ ਵੇਲੇ ਹੋ ਗਈ ਜਦੋਂ ਨਵੰਬਰ 2022 ਵਿਚ ਸਿੰਡੀ ਨੇ ਆਪਣੇ ਸਾਰੇ ਬੱਚਿਆਂ ਦੀਆਂ ਪਾਸਪੋਰਟ ਫੋਟੋਆਂ ਖਿਚਵਾਈਆਂ ਪਰ ਨੌਇਲ ਦੀ ਕੋਈ ਤਸਵੀਰ ਨਹੀਂ ਸੀ। ਪਾਸਪੋਰਟ ਦੀਆਂ ਅਰਜ਼ੀਆਂ ਵਿਚੋਂ ਵੀ ਨੌਇਲ ਦਾ ਨਾਂ ਗਾਇਬ ਸੀ। ਡੈਲਸ ਵਿਖੇ ਐਫ਼.ਬੀ.ਆਈ ਦੇ ਸਪੈਸ਼ਲ ਏਜੰਟ ਇੰਚਾਰਜ ਚੈਡ ਯਾਰਬ੍ਰਾਅ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨਾਮੀ ਰਕਮ ਦੇ ਐਲਾਨ ਮਗਰੋਂ ਸਿੰਡੀ ਨੂੰ ਗ੍ਰਿਫ਼ਤਾਰ ਕਰਨ ਵਿਚ ਮਦਦ ਮਿਲੀ।

Next Story
ਤਾਜ਼ਾ ਖਬਰਾਂ
Share it