ਭਾਰਤੀਆਂ ਨੂੰ ਡਿਪੋਰਟ ਕਰਵਾਉਣ ਸੜਕਾਂ ’ਤੇ ਉਤਰੇ ਗੋਰੇ
ਆਸਟ੍ਰੇਲੀਆ ਤੋਂ ਲੈ ਕੇ ਯੂ.ਕੇ. ਤੱਕ ਇੰਮੀਗ੍ਰੇਸ਼ਨ ਵਿਰੁੱਧ ਰੈਲੀਆਂ ਨੇ ਪ੍ਰਵਾਸੀਆਂ, ਖਾਸ ਤੌਰ ’ਤੇ ਭਾਰਤੀ ਲੋਕਾਂ ਵਿਚ ਖੌਫ਼ ਪੈਦਾ ਕਰ ਦਿਤਾ ਹੈ

By : Upjit Singh
ਸਿਡਨੀ/ਲੰਡਨ : ਆਸਟ੍ਰੇਲੀਆ ਤੋਂ ਲੈ ਕੇ ਯੂ.ਕੇ. ਤੱਕ ਇੰਮੀਗ੍ਰੇਸ਼ਨ ਵਿਰੁੱਧ ਰੈਲੀਆਂ ਨੇ ਪ੍ਰਵਾਸੀਆਂ, ਖਾਸ ਤੌਰ ’ਤੇ ਭਾਰਤੀ ਲੋਕਾਂ ਵਿਚ ਖੌਫ਼ ਪੈਦਾ ਕਰ ਦਿਤਾ ਹੈ ਜਿਥੇ ਵੱਡੀ ਗਿਣਤੀ ਵਿਚ ਨਾਜ਼ੀਵਾਦ ਹਮਾਇਤੀ ਨਜ਼ਰ ਆਏ ਅਤੇ ਕਈ ਥਾਵਾਂ ’ਤੇ ਹਿੰਸਕ ਟਕਰਾਅ ਹੋਣ ਦੀ ਰਿਪੋਰਟ ਹੈ। ਇੰਮੀਗ੍ਰੇਸ਼ਨ ਵਿਰੋਧੀ ਰੈਲੀਆਂ ਵਿਰੁੱਧ ਪ੍ਰਵਾਸੀ ਵੀ ਸੜਕਾਂ ’ਤੇ ਉਤਰ ਆਏ ਅਤੇ ਆਸਟ੍ਰੇਲੀਆ ਵਿਚ ਘੱਟੋ ਘੱਟ ਦੋ ਥਾਵਾਂ ’ਤੇ ਝੜਪਾਂ ਹੋਈਆਂ ਜਦਕਿ ਲੰਡਨ ਵਿਖੇ ਮੁਜ਼ਾਹਰਾਕਾਰੀਆਂ ਦੀ ਪੁਲਿਸ ਨਾਲ ਝੜਪ ਹੋਣ ਦੀ ਰਿਪੋਰਟ ਹੈ। ਸਿਡਨੀ, ਮੈਲਬਰਨ, ਬ੍ਰਿਸਬਨ, ਕੈਨਬਰਾ, ਐਡੀਲੇਡ, ਪਰਥ ਅਤੇ ਹੋਬਾਰਟ ਵਰਗੇ ਸ਼ਹਿਰਾਂ ਵਿਚ ਰੈਲੀਆਂ ਦੌਰਾਨ ਭਾਰਤੀ ਲੋਕਾਂ ਨੂੰ ਆਸਟ੍ਰੇਲੀਆ ਵਿਚੋਂ ਕੱਢਣ ਦੀ ਜ਼ੋਰਦਾਰ ਆਵਾਜ਼ ਉਠੀ।
ਆਸਟ੍ਰੇਲੀਆ ਤੋਂ ਲੈ ਕੇ ਯੂ.ਕੇ. ਤੱਕ ਪ੍ਰਵਾਸੀਆਂ ਵਿਰੁੱਧ ਰੋਸ ਵਿਖਾਵੇ
‘ਮਾਰਚ ਫੌਰ ਆਸਟ੍ਰੇਲੀਆ’ ਗਰੁੱਪ ਦੀ ਵੈਬਸਾਈਟ ’ਤੇ ਦਾਅਵਾ ਕੀਤਾ ਗਿਆ ਕਿ ਵੱਡੇ ਪੱਧਰ ’ਤੇ ਹੋ ਰਹੇ ਪ੍ਰਵਾਸ ਨੇ ਸਮਾਜਿਕ ਤਾਣੀ ਉਲਝਾ ਕੇ ਰੱਖ ਦਿਤੀ ਹੈ। ਵੈਬਸਾਈਟ ਮੁਤਾਬਕ ਪਿਛਲੇ ਪੰਜ ਸਾਲ ਵਿਚ ਸਭ ਤੋਂ ਵੱਧ ਭਾਰਤੀ ਲੋਕ ਆਸਟ੍ਰੇਲੀਆ ਪੁੱਜੇ ਜਦਕਿ ਗਰੀਸ ਜਾਂ ਇਟਲੀ ਨਾਲ ਸਬੰਧਤ ਲੋਕਾਂ ਦੀ ਗਿਣਤੀ ਕੁਝ ਸੈਂਕੜਿਆਂ ਤੱਕ ਹੀ ਸੀਮਤ ਰਹੀ। ਇੰਮੀਗ੍ਰੇਸ਼ਨ ਵਿਰੋਧੀਆਂ ਨੇ ਦਲੀਲ ਦਿਤੀ ਕਿ ਇਹ ਸਭਿਆਚਾਰਕ ਵੰਨ ਸੁਵੰਨਤਾ ਨਹੀਂ ਬਲਕਿ ਸਿੱਧੇ ਤੌਰ ’ਤੇ ਸਭਿਆਚਾਰਕ ਤਬਦੀਲੀ ਲਿਆਂਦੀ ਜਾ ਰਹੀ ਹੈ। ਐਡੀਲੇਡ ਪੁਲਿਸ ਮੁਤਾਬਕ ਪ੍ਰਵਾਸੀਆਂ ਦਾ ਵਿਰੋਧ ਕਰਨ ਘੱਟੋ ਘੱਟ 15 ਹਜ਼ਾਰ ਲੋਕ ਇਕੱਠੇ ਹੋਏ ਜਦਕਿ ਸਿਡਨੀ ਵਿਖੇ 9 ਹਜ਼ਾਰ ਤੋਂ ਵੱਧ ਲੋਕਾਂ ਦਾ ਇਕੱਠ ਹੋਣ ਦੀ ਰਿਪੋਰਟ ਹੈ। ਉਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਕੈਬਨਿਟ ਵਿਚ ਸੀਨੀਅਰ ਮੰਤਰੀ ਮਰੀ ਵੌਟ ਨੇ ਕਿਹਾ ਕਿ ਫੈਡਰਲ ਸਰਕਾਰ ਇਨ੍ਹਾਂ ਰੋਸ ਮੁਜ਼ਾਹਰਿਆਂ ਦੀ ਹਮਾਇਤ ਨਹੀਂ ਕਰਦੀ ਅਤੇ ਅਜਿਹੀਆਂ ਰੈਲੀਆਂ ਨਫ਼ਰਤ ਫੈਲਾਉਣ ਜਾਂ ਸਮਾਜਿਕ ਵੰਡੀਆਂ ਪਾਉਣ ਤੋਂ ਸਿਵਾਏ ਕੁਝ ਨਹੀਂ ਕਰਦੀਆਂ।
ਪ੍ਰਵਾਸੀਆਂ ਅਤੇ ਮੁਜ਼ਾਹਰਾਕਾਰੀਆਂ ਦਰਮਿਆਨ ਹੋਈਆਂ ਝੜਪਾਂ
ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਰਨੀ ਬਰਕ ਦਾ ਕਹਿਣਾ ਸੀ ਕਿ ਸਮਾਜਿਕ ਸਦਭਾਵਨਾ ਨੂੰ ਢਾਹ ਲਾਉਣ ਵਾਲਿਆਂ ਵਾਸਤੇ ਇਸ ਮੁਲਕ ਵਿਚ ਕੋਈ ਜਗ੍ਹਾ ਨਹੀਂ। ਅਸੀਂ ਆਧੁਨਿਕ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਦੇ ਹਾਂ ਅਤੇ ਅਜਿਹੀਆਂ ਰੈਲੀਆਂ ਸਾਡੀ ਸੋਚ ਦੇ ਸਰਾਸਰ ਵਿਰੁੱਧ ਹਨ। ਬਹੁਸਭਿਆਚਾਰ ਮਾਮਲਿਆਂ ਬਾਰੇ ਮੰਤਰੀ ਐਨੀ ਐਲੀ ਨੇ ਕਿਹਾ ਕਿ ਆਸਟ੍ਰੇਲੀਆ ਦੀ ਕੌਮੀ ਪਛਾਣ ਹੀ ਵੰਨ ਸੁਵੰਨੇ ਸਭਿਆਚਾਰਕ ਪਿਛੋਕੜ ਵਾਲਾ ਸਮਾਜ ਹੈ। ਫੈਡਰਲ ਸਰਕਾਰ ਆਸਟ੍ਰੇਲੀਆ ਵਾਸੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਪ੍ਰਵਾਸੀਆਂ ਨੂੰ ਧਮਕਾਉਣ ਵਾਲੇ ਬਖਸ਼ੇ ਨਹੀਂ ਜਾਣਗੇ। ਦੱਸ ਦੇਈਏ ਕਿ ਪ੍ਰਵਾਸੀਆਂ ਦੀ ਸੰਘਣੀ ਵਸੋਂ ਵਾਲੇ ਯੂਰਪੀ ਮੁਲਕਾਂ ਵਿਚ ਰੋਸ ਵਿਖਾਵਿਆਂ ਤੋਂ ਇਲਾਵਾ ਜਾਪਾਨ ਵਿਚ ਵੀ ਪ੍ਰਵਾਸੀਆਂ ਦਾ ਵਿਰੋਧ ਕਰਦੇ ਲੋਕ ਸੜਕਾਂ ’ਤੇ ਨਜ਼ਰ ਆਏ ਜਿਥੇ ਵਿਦੇਸ਼ੀ ਲੋਕਾਂ ਦੀ ਗਿਣਤੀ ਕਾਫ਼ੀ ਘੱਟ ਹੈ।


