America : ਗੋਰੇ ਪੱਤਰਕਾਰ ਵੱਲੋਂ ਹਿੰਦੂ ਮੰਦਰ ਬੰਬ ਨਾਲ ਉਡਾਉਣ ਦੀ ਧਮਕੀ
ਅਮਰੀਕਾ ਵਿਚ ਹਿੰਦੂ ਮੰਦਰਾਂ ਨੂੰ ਬੰਬ ਨਾਲ ਉਡਾਉਣ ਅਤੇ ਭਾਰਤੀ ਲੋਕਾਂ ਦਾ ਕਤਲੇਆਮ ਕਰਨ ਦਾ ਸੱਦਾ ਦੇਣ ਵਾਲੇ ਪੱਤਰਕਾਰ ਮੈਟ ਫੌਰਨੀ ਜਲਦ ਹੀ ਘਬਰਾਅ ਗਿਆ ਅਤੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਡਿਲੀਟ ਕਰ ਦਿਤੀ

By : Upjit Singh
ਨਿਊ ਯਾਰਕ : ਅਮਰੀਕਾ ਵਿਚ ਹਿੰਦੂ ਮੰਦਰਾਂ ਨੂੰ ਬੰਬ ਨਾਲ ਉਡਾਉਣ ਅਤੇ ਭਾਰਤੀ ਲੋਕਾਂ ਦਾ ਕਤਲੇਆਮ ਕਰਨ ਦਾ ਸੱਦਾ ਦੇਣ ਵਾਲੇ ਪੱਤਰਕਾਰ ਮੈਟ ਫੌਰਨੀ ਜਲਦ ਹੀ ਘਬਰਾਅ ਗਿਆ ਅਤੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਡਿਲੀਟ ਕਰ ਦਿਤੀ। ਸੱਜੇ ਪੱਖੀ ਕਾਰਕੁੰਨ ਮੈਟ ਫੌਰਨੀ ਨੇ ਕਿਹਾ ਕਿ 2026 ਵਿਚ ਭਾਰਤੀ ਲੋਕਾਂ ਵਿਰੁੱਧ ਨਫ਼ਰਤ ਸਿਖਰਾਂ ’ਤੇ ਹੋਵੇਗੀ ਅਤੇ ਭਾਰਤੀ ਕਾਰੋਬਾਰੀਆਂ ਦੇ ਅਦਾਰੇ ਖੇਰੂੰ-ਖੇਰੂੰ ਕਰ ਦਿਤੇ ਜਾਣਗੇ ਜਦਕਿ ਸਮੂਹਕ ਕਤਲੇਆਮ ਦੌਰਾਨ ਹਿੰਦੂ ਮੰਦਰ ਬੰਬ ਨਾਲ ਉਡਾ ਦਿਤੇ ਜਾਣਗੇ। ਆਪਣੀ ਪੇਸ਼ੀਨਗੋਈ ਨੂੰ ਅੱਗੇ ਵਧਾਉਂਦਿਆ ਮੈਟ ਫੌਰਨੀ ਨੇ ਕਿਹਾ ਕਿ ਭਾਰਤੀ ਲੋਕਾਂ ਨੂੰ ਚੁਣ-ਚੁਣ ਕੇ ਅਮਰੀਕਾ ਵਿਚੋਂ ਕੱਢਣ ਵਾਲੇ ਸਿਰਫ਼ ਗੋਰੇ ਨਹੀਂ ਹੋਣਗੇ ਸਗੋਂ ਕਾਲੇ, ਲੈਟੀਨੋ ਜਾਂ ਪਾਕਿਸਤਾਨੀ ਵੀ ਇਸ ਕੰਮ ਵਿਚ ਪੂਰਾ ਯੋਗਦਾਨ ਪਾਉਣਗੇ।
ਇਕੱਲੇ-ਇਕੱਲੇ ਭਾਰਤੀ ਨੂੰ ਡਿਪੋਰਟ ਕਰਨ ਦਾ ਸੱਦਾ ਵੀ ਦਿਤਾ
ਮੌਟ ਫ਼ੌਰਨੀ ਨੇ ਆਪਣੇ ਦਾਅਵੇ ਨੂੰ ਜਾਇਜ਼ ਠਹਿਰਾਉਣ ਦੇ ਯਤਨ ਤਹਿਤ ਕਿਹਾ ਕਿ ਉਹ ਹਿੰਸਾ ਨੂੰ ਹੁਲਾਰਾ ਨਹੀਂ ਦੇ ਰਿਹਾ ਅਤੇ ਉਸ ਦਾ ਮੰਨਣਾ ਹੈ ਕਿ ਹਰ ਭਾਰਤੀ ਨੂੰ ਡਿਪੋਰਟ ਕਰ ਦਿਤਾ ਜਾਵੇ ਤਾਂ 2026 ਵਿਚ ਹਿੰਸਾ ਨਹੀਂ ਹੋਵੇਗੀ। ਫੌਰਨੀ ਨੇ ਅੱਗੇ ਕਿਹਾ ਕਿ ਅਮਰੀਕਾ ਦੇ ਹਰ ਵਸਨੀਕ ਵਾਂਗ ਉਹ ਵੀ ਸ਼ਾਂਤੀ ਚਾਹੁੰਦਾ ਹੈ ਅਤੇ ਹਰ ਕਿਸਮ ਦੀ ਹਿੰਸਾ ਦੇ ਵਿਰੁੱਧ ਹੈ ਪਰ ਇਸ ਨੂੰ ਇਕੋ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ ਅਤੇ ਉਹ ਇਹ ਹੈ ਕਿ ਹਰ ਭਾਰਤੀ ਨੂੰ ਅਮਰੀਕਾ ਵਿਚੋਂ ਕੱਢ ਦਿਤਾ ਜਾਵੇ। ਦੂਜੇ ਪਾਸੇ ਮੈਟ ਫ਼ੌਰਨੀ ਨੇ ਸ਼ਿਕਾਇਤ ਕੀਤੀ ਕਿ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਮਗਰੋਂ ਹਟਾਈ ਸੋਸ਼ਲ ਮੀਡੀਆ ਪੋਸਟ
ਆਪਣੇ ਆਪ ਨੂੰ ਚਾਰਲੀ ਕਰਕ ਦਾ ਦੂਜਾ ਰੂਪ ਕਰਾਰ ਦਿੰਦਿਆਂ ਫ਼ੌਰਨੀ ਨੇ ਕਿਹਾ ਕਿ ਭਾਰਤੀ ਮੂਲ ਦੇ ਲੋਕ ਮੇਰੇ ਵਾਸਤੇ ਖ਼ਤਰਾ ਪੈਦਾ ਕਰ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਮੈਟ ਫੌਰਨੀ ਸਭ ਤੋਂ ਪਹਿਲਾਂ ਭਾਰਤ ਅਤੇ ਐਚ-1ਬੀ ਵੀਜ਼ਿਆਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰ ਕੇ ਚਰਚਾ ਵਿਚ ਆਇਆ। ਪਿਛਲੇ ਮਹੀਨੇ ਉਸ ਨੇ ਦਾਅਵਾ ਕੀਤਾ ਸੀ ਕਿ ‘ਦਾ ਬਲੇਜ਼’ ਵੱਲੋਂ ਉਸ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਕਿਉਂਕਿ ਪ੍ਰਬੰਧਕਾਂ ਨੂੰ ਭਾਰਤ ਵਿਰੋਧੀ ਪੋਸਟਾਂ ਪਸੰਦ ਨਹੀਂ ਸਨ। ਹਰ ਭਾਰਤੀ ਨੂੰ ਡਿਪੋਰਟ ਕਰਨ ਦੀ ਟਿੱਪਣੀ ਉਹ ਪਹਿਲਾਂ ਵੀ ਕਰ ਚੁੱਕਾ ਹੈ ਪਰ ਇਸ ਵਾਰ ਸਾਰੀਆਂ ਹੱਦਾਂ ਪਾਰ ਕਰਦਿਆਂ ਹਿੰਦੂ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੇ ਸੱਦੇ ਵੀ ਦੇ ਰਿਹਾ ਹੈ।


