ਅਮਰੀਕਾ : 200 ਭਾਰਤੀਆਂ ਦਾ ਜਹਾਜ਼ ਮੁਸ਼ਕਲਾਂ ’ਚ ਘਿਰਿਆ
ਨਿਊ ਯਾਰਕ ਤੋਂ ਦਿੱਲੀ ਜਾ ਰਹੀ ਅਮੈਰਿਕਨ ਏਅਰਲਾਈਨਜ਼ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਹੰਗਾਮੀ ਹਾਲਾਤ ਵਿਚ ਇਟਲੀ ਦੇ ਹਵਾਈ ਅੱਡੇ ’ਤੇ ਉਤਾਰਨਾ ਪਿਆ।

By : Upjit Singh
ਰੋਮ : ਨਿਊ ਯਾਰਕ ਤੋਂ ਦਿੱਲੀ ਜਾ ਰਹੀ ਅਮੈਰਿਕਨ ਏਅਰਲਾਈਨਜ਼ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਹੰਗਾਮੀ ਹਾਲਾਤ ਵਿਚ ਇਟਲੀ ਦੇ ਹਵਾਈ ਅੱਡੇ ’ਤੇ ਉਤਾਰਨਾ ਪਿਆ। ਅਮੈਰਿਕਨ ਏਅਰਲਾਈਨਜ਼ ਦੀ ਨੌਨ ਸਟੌਪ ਫਲਾਈਟ ਏ.ਏ. 292 ਕੈਸਪੀਅਨ ਸੀਅ ਦੇ ਉਪਰੋਂ ਲੰਘ ਰਹੀ ਸੀ ਜਦੋਂ ਬੰਬ ਦੀ ਧਮਕੀ ਮਿਲੀ। ਜਹਾਜ਼ ਨੂੰ ਤੁਰਤ ਰੋਮ ਸ਼ਹਿਰ ਵੱਲ ਮੋੜਿਆ ਗਿਆ ਅਤੇ ਇਟਲੀ ਦੀ ਏਅਰ ਸਪੇਸ ਵਿਚ ਦਾਖਲ ਹੁੰਦਿਆਂ ਹੀ ਦੋ ਲੜਾਕੂ ਜਹਾਜ਼ਾਂ ਨੇ ਮੁਸਾਫ਼ਰ ਜਹਾਜ਼ ਨੂੰ ਸੁਰੱਖਿਆ ਘੇਰੇ ਵਿਚ ਲੈ ਲਿਆ। ਰੋਮ ਹਵਾਈ ਅੱਡੇ ’ਤੇ ਮੁਸਾਫ਼ਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਉਤਾਰਨ ਮਗਰੋਂ ਤਲਾਸ਼ੀ ਆਰੰਭੀ ਗਈ ਪਰ ਕੁਝ ਵੀ ਸ਼ੱਕੀ ਨਾ ਮਿਲਿਆ।
ਹੰਗਾਮੀ ਹਾਲਾਤ ਵਿਚ ਰੋਮ ਹਵਾਈ ਅੱਡੇ ’ਤੇ ਉਤਾਰਿਆ
ਜਹਾਜ਼ ਵਿਚ 199 ਮੁਸਾਫ਼ਰ ਅਤੇ 15 ਕਰੂ ਮੈਂਬਰ ਸਵਾਰ ਸਨ ਜਿਨ੍ਹਾਂ ਨੂੰ ਕੈਪਟਨ ਵੱਲੋਂ ਹਾਲਾਤ ਤੋਂ ਜਾਣੂ ਕਰਵਾ ਦਿਤਾ ਗਿਆ। ਦੂਜੇ ਪਾਸੇ ਜਹਾਜ਼ ਦੇ ਮੁਸਾਫ਼ਰਾਂ ਨੂੰ ਵੀ ਟਰਮੀਨਲ ਵਿਚ ਲਿਜਾ ਕੇ ਸੁਰੱਖਿਆ ਜਾਂਚ ਕੀਤੀ ਗਈ ਅਤੇ ਕੁਝ ਘੰਟੇ ਬਾਅਦ ਜਹਾਜ਼ ਨੂੰ ਦਿੱਲੀ ਰਵਾਨਾ ਕਰ ਦਿਤਾ ਗਿਆ। ਭਾਵੇਂ ਅਮੈਰਿਕਨ ਏਅਰਲਾਈਨਜ਼ ਦੇ ਕੈਪਟਨ ਅਤੇ ਹੋਰ ਅਮਲੇ ਨੂੰ ਮੁਢਲੇ ਤੌਰ ’ਤੇ ਹੀ ਧਮਕੀ ਝੂਠੀ ਹੋਣ ਬਾਰੇ ਪਤਾ ਲੱਗ ਗਿਆ ਪਰ ਦਿੱਲੀ ਹਵਾਈ ਅੱਡੇ ਦੇ ਪ੍ਰੋਟੋਕੌਲ ਮੁਤਾਬਕ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਉਣ ਦੀ ਸੂਰਤ ਵਿਚ ਹਵਾਈ ਜਹਾਜ਼ ਨੂੰ ਕਿਸੇ ਵੀ ਨੇੜਲੇ ਹਵਾਈ ਅੱਡੇ ’ਤੇ ਉਤਾਰ ਕੇ ਡੂੰਘਾਈ ਨਾਲ ਪੜਤਾਲ ਕਰਨੀ ਲਾਜ਼ਮੀ ਹੈ ਅਤੇ ਇਸ ਤੋਂ ਬਾਅਦ ਹੀ ਜਹਾਜ਼ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ। ਅਮੈਰਿਕਨ ਏਅਰਲਾਈਨਜ਼ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਿਊ ਯਾਰਕ ਦੇ ਜੌਹਨ ਐਫ਼. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਤੋਂ ਹਵਾਈ ਜਹਾਜ਼ ਨੇ ਸਥਾਨਕ ਸਮੇਂ ਮੁਤਾਬਕ ਸ਼ਨਿੱਚਰਵਾਰ ਰਾਤ ਤਕਰੀਬਨ ਸਵਾ ਅੱਠ ਵਜੇ ਉਡਾਣ ਭਰੀ ਅਤੇ ਯੂਰਪ ਦੇ ਹਵਾਈ ਖੇਤਰ ਵਿਚ ਲੰਘਣ ਮਗਰੋਂ ਸੁਰੱਖਿਆ ਮਸਲਾ ਪੈਦਾ ਹੋਇਆ।
ਦਿੱਲੀ ਆ ਰਹੇ ਸਾਰੇ ਮੁਸਾਫ਼ਰ ਸੁਰੱਖਿਅਤ
ਮੁਸਾਫ਼ਰਾਂ ਦੀ ਸੁਰੱਖਿਆ ਮੁੱਖ ਤਰਜੀਹ ਹੋਣ ਦੇ ਮੱਦੇਨਜ਼ਰ ਜਹਾਜ਼ ਨੂੰ ਰੋਮ ਹਵਾਈ ਅੱਡੇ ’ਤੇ ਲਿਜਾਇਆ ਗਿਆ। ਏਅਰਲਾਈਨ ਵੱਲੋਂ ਮੁਸਾਫ਼ਰਾਂ ਨੂੰ ਹੋਏ ਪ੍ਰੇਸ਼ਾਨੀ ਵਾਸਤੇ ਮੁਆਫ਼ੀ ਮੰਗੀ ਗਈ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਭਾਰਤ ਨਾਲ ਸਬੰਧਤ ਇੰਟਰਨੈਸ਼ਨਲ ਫਲਾਈਟਸ ਵਿਚ ਬੰਬ ਦੀ ਧਮਕੀ ਮਿਲੀ ਹੋਵੇ। ਪਿਛਲੇ ਸਾਲ ਅਕਤੂਬਰ ਵਿਚ ਮੁੰਬਈ ਤੋਂ ਨਿਊ ਯਾਰਕ ਜਾ ਰਹੇ ਹਵਾਈ ਜਹਾਜ਼ ਵਿਚ ਵੀ ਬੰਬ ਹੋਣ ਦੀ ਧਮਕੀ ਮਿਲੀ ਸੀ। ਸੋਸ਼ਲ ਮੀਡੀਆ ਰਾਹੀਂ ਮਿਲੀ ਧਮਕੀ ਮਗਰੋਂ 239 ਮੁਸਾਫ਼ਰਾਂ ਅਤੇ 19 ਕਰੂ ਮੈਂਬਰਾਂ ਵਾਲੇ ਏਅਰ ਇੰਡੀਆ ਦੇ ਜਹਾਜ਼ ਨੂੰ ਹੰਗਾਮੀ ਹਾਲਾਤ ਵਿਚ ਨਵੀਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਉਤਾਰਿਆ ਗਿਆ। ਨਿਊ ਯਾਰਕ ਜਾ ਰਹੀ ਫਲਾਈਟ ਤੋਂ ਇਲਾਵਾ ਮੁੰਬਈ ਤੋਂ ਮਸਕਟ ਜਾਣ ਲਈ ਤਿਆਰ ਬਰ ਤਿਆਰ ਇੰਡੀਗੋ ਦੀ ਫਲਾਈਟ ਵਿਚ ਵੀ ਬੰਬ ਹੋਣ ਦੀ ਧਮਕੀ ਮਿਲੀ ਜਦਕਿ ਮੁੰਬਈ ਤੋਂ ਜੇਦਾਹ ਜਾਣ ਵਾਲੇ ਜਹਾਜ਼ ਵਿਚ ਵੀ ਬੰਬ ਦੇ ਖਤਰੇ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਇਨਾਵਾ 9 ਅਕਤੂਬਰ ਨੂੰ ਲੰਡਨ ਤੋਂ ਦਿੱਲੀ ਜਾ ਰਹੇ ਜਹਾਜ਼ ਵਿਚ ਬੰਬ ਹੋਣ ਦਾ ਰੌਲਾ ਪੈ ਗਿਆ। ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ਦਿੱਲੀ ਪੁੱਜਣ ਤੋਂ ਤਕਰੀਬਨ ਸਾਢੇ ਤਿੰਨ ਘੰਟੇ ਪਹਿਲਾਂ ਇਕ ਮੁਸਾਫਰ ਨੂੰ ਟੁਆਇਲਟ ਵਿਚ ਧਮਕੀ ਭਰੀ ਚਿੱਠੀ ਮਿਲੀ ਜਿਸ ਬਾਰੇ ਉਸ ਨੇ ਕਰੂ ਮੈਂਬਰਾਂ ਨੂੰ ਦੱਸਿਆ। ਜਹਾਜ਼ ਵਿਚ ਤਕਰੀਬਨ 300 ਮੁਸਾਫਰ ਸਵਾਰ ਸਨ ਜੋ ਸੁਰੱਖਿਆ ਜਾਂਚ ਦੇ ਮੱਦੇਨਜ਼ਰ 5 ਘੰਟੇ ਤੱਕ ਹਵਾਈ ਅੱਡੇ ’ਤੇ ਹੀ ਫਸੇ ਰਹੇ।


