ਅਮਰੀਕਾ ਦੀ ਕੌਮੀ ਸੁਰੱਖਿਆ ਏਜੰਸੀ ਦਾ ਮੁਖੀ ਬਰਖਾਸਤ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਕ ਹੋਰ ਹੈਰਾਨਕੁੰਨ ਫੈਸਲੇ ਤਹਿਤ ਕੌਮੀ ਸੁਰੱਖਿਆ ਏਜੰਸੀ ਦੇ ਡਾਇਰੈਕਟਰ ਨੂੰ ਬਰਖਾਸਤ ਕਰ ਦਿਤਾ ਹੈ।

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਕ ਹੋਰ ਹੈਰਾਨਕੁੰਨ ਫੈਸਲੇ ਤਹਿਤ ਕੌਮੀ ਸੁਰੱਖਿਆ ਏਜੰਸੀ ਦੇ ਡਾਇਰੈਕਟਰ ਨੂੰ ਬਰਖਾਸਤ ਕਰ ਦਿਤਾ ਹੈ। ਜਨਰਲ ਟਿਮਥੀ ਹਫ਼ ਦੀ ਬਰਖਾਸਤਗੀ ਦੇ ਨਾਲ ਹੀ ਉਨ੍ਹਾਂ ਦੀ ਡਿਪਟੀ ਵੈਂਡੀ ਨੋਬਲ ਨੂੰ ਵੀ ਬਾਹਰ ਦਾ ਰਾਹ ਦਿਖਾ ਦਿਤਾ ਗਿਆ। ਕੌਮੀ ਸੁਰੱਖਿਆ ਏਜੰਸੀ ਦੇੋ ਡਾਇਰੈਕਟਰ ਦੀ ਜ਼ਿੰਮੇਵਾਰੀ ਵਿਲੀਅਮ ਹਾਰਟਮੈਨ ਨੂੰ ਦਿਤੀ ਗਈ ਹੈ ਜਦਕਿ ਐਨ.ਐਸ.ਏ. ਦੀ ਕਾਰਜਕਾਰੀ ਡਾਇਰੇਕਟਰ ਸ਼ੀਲਾ ਥੌਸਮ ਉਨ੍ਹਾਂ ਦੀ ਡਿਪਟੀ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਟਰੰਪ ਵੱਲੋਂ ਸੱਜੇ ਪੱਖੀ ਕਾਰਕੁੰਨ ਲੌਰਾ ਲੂਮਰ ਨਾਲ ਮੁਲਾਕਾਤ ਮਗਰੋਂ ਐਨਾ ਵੱਡਾ ਫੈਸਲਾ ਲਿਆ ਗਿਆ। ਲੌਰਾ ਲੂਮਰ ਨੇ ਸੋਸ਼ਲ ਮੀਡੀਆ ’ਤੇ ਟਿੱਪਣੀ ਕਰਦਿਆਂ ਦਾਅਵਾ ਕੀਤਾ ਕਿ ਟਿਮਥੀ ਹਫ਼ ਅਤੇ ਵੈਂਡੀ ਨੋਬਲ ਅਮਰੀਕਾ ਦੇ ਰਾਸ਼ਟਰਪਤੀ ਪ੍ਰਤੀ ਵਫਾਦਾਰ ਨਹੀਂ ਸਨ ਅਤੇ ਇਸੇ ਕਰ ਕੇ ਉਨ੍ਹਾਂ ਨੂੰ ਬਰਖਾਸਤ ਕੀਤਾ ਗਿਆ। ਲੌਰਾ ਲੂਮਰ ਨੇ ਦੋਸ਼ ਲਾਇਆ ਕਿ ਟਿਮਥੀ ਦੀ ਨਿਯੁਕਤੀ ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਸਾਬਕਾ ਚੇਅਰਮੈਨ ਮਾਰਕ ਮਿਲੇ ਵੱਲੋਂ ਕੀਤੀ ਗਈ ਸੀ।
ਟਰੰਪ ਨੇ ਸੱਜੀ ਪੱਖੀ ਕਾਰਕੁੰਨ ਨਾਲ ਮੀਟਿੰਗ ਮਗਰੋਂ ਕੀਤੀ ਕਾਰਵਾਈ
ਐਨ.ਐਸ.ਏ. ਨੂੰ ਦੁਨੀਆਂ ਦੀ ਸਭ ਤੋਂ ਤਾਕਤਵਾਰ ਖੁੁਫੀਆ ਏਜੰਸੀ ਕਰਾਰ ਦਿੰਦਿਆਂ ਲੌਰਾ ਲੂਮਰ ਨੇ ਕਿਹਾ ਕਿ ਬਾਇਡਨ ਵੱਲੋਂ ਨਾਮਜ਼ਦ ਅਫ਼ਸਰ ਨੂੰ ਇਸ ਦੀ ਅਗਵਾਈ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਲੌਰਾ ਲੂਮਰ ਬੁੱਧਵਾਰ ਨੂੰ ਓਵਲ ਦਫ਼ਤਰ ਵਿਚ ਪੁੱਜੀ ਅਤੇ ਕੌਮੀ ਸੁਰੱਖਿਆ ਕੌਂਸਲ ਦੇ ਅਫ਼ਸਰਾਂ ਦੀ ਬਰਖਾਸਤਗੀ ਦਾ ਦਬਾਅ ਪਾਇਆ। ਲੂਮਰ ਨੇ ਕਿਹਾ ਕਿ ਦੋਹਾਂ ਦੀ ਬਰਖਾਸਤਗੀ ਅਮਰੀਕਾ ਵਾਸੀਆਂ ਲਈ ਫਾਇਦੇਮੰਦ ਸਾਬਤ ਹੋਵੇਗੀ। ਇਸੇ ਦੌਰਾਨ ਸੀ.ਐਨ.ਐਨ. ਦੀ ਇਕ ਰਿਪੋਰਟ ਵਿਚ ਕਿਹਾ ਗਿਆ ਕਿ ਤਾਜ਼ਾ ਬਰਖਾਸਤਗੀਆਂ ਟਰੰਪ ਅਤੇ ਲੂਮਰ ਦੀ ਮੀਟਿੰਗ ਦਾ ਹੀ ਨਤੀਜਾ ਹਨ। ਦੱਸ ਦੇਈਏ ਕਿ ਵਾਈਟ ਹਾਊਸ ਦੀ ਸੀਨੀਅਰ ਪੱਤਰਕਾਰ ਕੈਟਲਿਨ ਕੌਲਿਨਜ਼ ਵੱਲੋਂ ਸਵਾਲ ਉਠਾਇਆ ਗਿਆ ਸੀ ਕਿ ਲੌਰਾ ਲੂਮਰ ਨੂੰ ਵਾਈਟ ਹਾਊਸ ਵਿਚ ਦਾਖਲ ਹੋਣ ਦੀ ਇਜਾਜ਼ਤ ਕਿਸ ਨੇ ਦਿਤੀ। ਮੀਡੀਆ ਵਿਚ ਆਈ ਇਸ ਟਿੱਪਣੀ ਮਗਰੋਂ ਲੂਮਰ ਭੜਕ ਉਠੀ ਅਤੇ ਕੈਟਲਿਨ ਕੌਲਿਨਜ਼ ਬਾਰੇ ਵੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ।