US-Iran war ਨੇ ਲਈ Indian ਮੁਟਿਆਰ ਦੀ ਬ.ਲੀ
ਅਮਰੀਕਾ ਵੱਲੋਂ ਈਰਾਨ ਉਤੇ ਫ਼ੌਜੀ ਹਮਲੇ ਦੀ ਕੀਮਤ ਭਾਰਤੀ ਮੁਟਿਆਰ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਜਦਕਿ ਭਾਰਤੀ ਨੌਜਵਾਨ ਦੀ ਜਾਨ ਮਸਾਂ ਹੀ ਬਚ ਸਕੀ

By : Upjit Singh
ਟੈਕਸਸ : ਅਮਰੀਕਾ ਵੱਲੋਂ ਈਰਾਨ ਉਤੇ ਫ਼ੌਜੀ ਹਮਲੇ ਦੀ ਕੀਮਤ ਭਾਰਤੀ ਮੁਟਿਆਰ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਜਦਕਿ ਭਾਰਤੀ ਨੌਜਵਾਨ ਦੀ ਜਾਨ ਮਸਾਂ ਹੀ ਬਚ ਸਕੀ। ਜੀ ਹਾਂ, ਟੈਕਸਸ ਵਿਖੇ ਈਰਾਨ ਹਮਾਇਤੀ ਹਮਲਾਵਰ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ 16 ਜਣਿਆਂ ਵਿਚ 21 ਸਾਲ ਦੀ ਸਵਿਤਾ ਸ਼ਾਨ ਵੀ ਸ਼ਾਮਲ ਸੀ ਜੋ ਮੌਕੇ ’ਤੇ ਦਮ ਤੋੜ ਗਈ। ਦੂਜੇ ਪਾਸੇ ਹਮਲਾਵਰ ਦੀ ਗੋਲੀ 21 ਸਾਲਾ ਕਰਨ ਭਗਤਾ ਦੇ ਸਿਰ ਨਾਲ ਖਹਿ ਕੇ ਲੰਘ ਗਈ ਜੋ ਆਪਣੇ ਦੋਸਤਾਂ ਨਾਲ ਔਸਟਿਨ ਦੀ ਬਾਰ ਵਿਚ ਮੌਜੂਦ ਸੀ। ਯੂਨੀਵਰਸਿਟੀ ਆਫ਼ ਟੈਕਸਸ ਵਿਚ ਮੈਨੇਜਮੈਂਟ ਇਨਫ਼ਰਮੇਸ਼ਨ ਸਿਸਟਮਜ਼ ਐਂਡ ਇਕਨੌਮਿਕਸ ਦੀ ਵਿਦਿਆਰਥਣ ਸਵਿਤਾ ਸ਼ਾਨ ਦਾ ਕੋਰਸ ਕੁਝ ਮਹੀਨੇ ਬਾਅਦ ਮੁਕੰਮਲ ਹੋ ਜਾਣਾ ਸੀ ਪਰ ਸਭ ਕੁਝ ਖੇਰੂੰ ਖੇਰੂੰ ਹੋ ਗਿਆ।
ਸਵਿਤਾ ਸ਼ਾਨ ਨੇ ਤ.ੜਪ-ਤ.ੜਪ ਕੇ ਤੋੜਿਆ ਦਮ
ਔਸਟਿਨ ਵਿਖੇ ਗੁਜਰਾਤ ਨਾਲ ਸਬੰਧਤ ਸਭਿਆਚਾਰਕ ਸਮਾਗਮ ਕਰਵਾਉਣ ਵਾਲੀ ਜਥੇਬੰਦੀ ਰਾਸ ਰੋਡੋ ਦੀ ਸਰਗਰਮ ਮੈਂਬਰ ਸਵਿਤਾ ਸ਼ਾਨ ਅਕਸਰ ਹੀ ਸਭਿਆਚਾਰਕ ਸਮਾਗਮਾਂ ਵਿਚ ਨਜ਼ਰ ਆਉਂਦੀ। ਯੂਨੀਵਰਸਿਟੀ ਆਫ਼ ਟੈਕਸਸ ਵਿਚ ਦਾਖਲਾ ਲੈਣ ਤੋਂ ਪਹਿਲਾਂ ਸਵਿਤਾ ਸ਼ਾਨ ਨੇ ਸਵਿਤਾ ਨੇ ਔਸਟਿਨ ਦੀ ਲਿਬਰਲ ਆਰਟਸ ਐਂਡ ਸਾਇੰਸ ਅਕੈਡਮੀ ਵਿਚ ਪੜ੍ਹਾਈ ਕੀਤੀ ਅਤੇ 11 ਹਫ਼ਤੇ ਮੈਸਾਚਿਊਸੈਟਸ ਦੇ ਸਟੇਪਲਜ਼ ਇੰਸਟੀਚਿਊਟ ਵਿਚ ਇਨਟਰਨਸ਼ਿਪ ਕੀਤੀ। ਯੂਨੀਵਰਸਿਟੀ ਆਫ਼ ਟੈਕਸਸ ਦੇ ਪ੍ਰੈਜ਼ੀਡੈਂਟ ਜਿਮ ਡੇਵਿਸ ਨੇ ਸਵਿਤਾ ਦੀ ਮੌਤ ਅਤੇ ਕਈ ਵਿਦਿਆਰਥੀਆਂ ਦੇ ਜ਼ਖਮੀ ਹੋਣ ਬਾਰੇ ਸੋਮਵਾਰ ਨੂੰ ਜਾਣਕਾਰੀ ਸਾਂਝੀ ਕੀਤੀ। ਸਵਿਤਾ ਦੇ ਪਿਤਾ ਮੂਦੀਅਨ ਸ਼ਾਨਮੁਗਾਸੁੰਦਰਮ, ਬੋਸਟਨ ਦੀ ਸਟੈਲਥ ਮੋਡ ਬਾਇਓਟੈਕ ਦੇ ਡਾਇਰੈਕਟਰ ਹਨ ਅਤੇ 17 ਸਾਲ ਔਸਟਿਨ ਦੀ ਥਰਮੋ ਫ਼ਿਸ਼ਰ ਸਾਇੰਟੇਫ਼ਿਕ ਵਿਚ ਸੀਨੀਅਰ ਸਟਾਫ਼ ਸਾਇੰਟਿਸਟ ਵਜੋਂ ਕੰਮ ਕੀਤਾ। ਸਵਿਤਾ ਸ਼ਾਨ ਤੋਂ ਇਲਾਵਾ ਜਾਨ ਗਵਾਉਣ ਵਾਲੇ 19 ਸਾਲਾ ਨੌਜਵਾਨ ਦੀ ਸ਼ਨਾਖਤ ਰਾਇਡਰ ਹੈਰਿੰਗਟਨ ਵਜੋਂ ਕੀਤੀ ਗਈ ਹੈ। ਗੋਲੀਬਾਰੀ ਦੀ ਵਾਰਦਾਤ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਔਸਟਿਨ ਦੇ ਬਾਰ ਵਿਚ ਜ਼ਿਆਦਾ ਯੂਨੀਵਰਸਿਟੀ ਵਿਦਿਆਰਥੀ ਹੀ ਮੌਜੂਦ ਸਨ ਜਦੋਂ 53 ਸਾਲ ਦੇ ਈਰਾਨ ਹਮਾਇਤੀ ਨੇ ਗੋਲੀਆਂ ਚਲਾਈਆਂ। ਵਾਰਦਾਤ ਦੌਰਾਨ ਵਾਲ-ਵਾਲ ਬਚੇ ਕਰਨ ਭਗਤਾ ਨੇ ਦੱਸਿਆ ਕਿ ਗੋਲੀਆਂ ਚੱਲਣ ਮਗਰੋਂ ਲੋਕ ਇਧਰ ਉਧਰ ਦੌੜਨ ਲੱਗੇ ਕਿਉਂਕਿ ਗੋਲੀਆਂ ਚੱਲਣ ਦੀ ਆਵਾਜ਼ ਤਾਂ ਆ ਰਹੀ ਸੀ ਪਰ ਹਮਲਾਵਰ ਨਜ਼ਰ ਨਹੀਂ ਸੀ ਆ ਰਿਹਾ।
ਭਾਰਤੀ ਨੌਜਵਾਨ ਦੇ ਸਿਰ ਨਾਲ ਖਹਿ ਕੇ ਲੰਘੀ ਗੋ.ਲੀ
ਸਵਿਤਾ ਅਤੇ ਰਾਇਡਰ ਦੀ ਮੌਤ ਤੋਂ ਇਲਾਵਾ 14 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਔਸਟਿਨ ਦੀ ਪੁਲਿਸ ਮੁਖੀ ਲਿਜ਼ਾ ਡੇਵਿਸ ਨੇ ਦੱਸਿਆ ਕਿ ਬੰਦੂਕਧਾਰੀ ਨੇ ਬਾਰ ਦੇ ਬਾਹਰੋਂ ਹੀ ਗੋਲੀਆਂ ਚਲਾ ਦਿਤੀਆਂ ਅਤੇ ਇਹ ਸਿਲਸਿਲਾ ਉਸ ਵੇਲੇ ਤੱਕ ਜਾਰੀ ਰਿਹਾ ਜਦੋਂ ਪੁਲਿਸ ਅਫ਼ਸਰਾਂ ਨੇ ਉਸ ਨੂੰ ਢੇਰ ਨਾ ਕਰ ਦਿਤਾ। ਦੱਸ ਦੇਈਏ ਕਿ ਸ਼ੱਕੀ ਦੇ ਘਰ ਦੀ ਤਲਾਸ਼ੀ ਦੌਰਾਨ ਈਰਾਨੀ ਝੰਡਾ ਅਤੇ ਉਥੋਂ ਦੇ ਆਗੂਆਂ ਦੀਆਂ ਤਸਵੀਰਾਂ ਮਿਲੀਆਂ ਜਿਸ ਮਗਰੋਂ ਗੋਲੀਬਾਰੀ ਦੀ ਵਾਰਦਾਤ ਨੂੰ ਅਤਿਵਾਦੀ ਹਮਲਾ ਐਲਾਨ ਦਿਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਿਊ ਯਾਰਕ ਸ਼ਹਿਰ ਨਾਲ ਸਬੰਧਤ ਸ਼ੱਕੀ ਸੈਨੇਗਲ ਤੋਂ ਅਮਰੀਕਾ ਪੁੱਜਾ ਅਤੇ ਸਾਲ 2000 ਤੇ 2008 ਵਿਚ ਟੈਕਸਸ ਵਿਖੇ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਨਿਊ ਯਾਰਕ ਸ਼ਹਿਰ ਵਿਚ ਵੀ ਸਾਲ 2001 ਦੌਰਾਨ ਗ੍ਰਿਫ਼ਤਾਰੀ ਹੋਈ। ਤਿੰਨ ਵਾਰ ਗ੍ਰਿਫ਼ਤਾਰੀ ਦੇ ਬਾਵਜੂਦ 53 ਸਾਲਾ ਦਾ ਸ਼ੱਕੀ ਅਪ੍ਰੈਲ 2013 ਵਿਚ ਅਮਰੀਕਾ ਦੀ ਸਿਟੀਜ਼ਨਸ਼ਿਪ ਹਾਸਲ ਕਰਨ ਵਿਚ ਸਫ਼ਲ ਰਿਹਾ ਜਿਸ ਮਗਰੋਂ ਇੰਮੀਗ੍ਰੇਸ਼ਨ ਮਹਿਕਮਾ ਵੀ ਸਵਾਲਾਂ ਦੇ ਘੇਰੇ ਵਿਚ ਨਜ਼ਰ ਆ ਰਿਹਾ ਹੈ।


