ਭਾਰਤ ਉਤੇ ਹੋਰ ਟੈਰਿਫ਼ਸ ਲਾਉਣ ਦੇ ਰੌਂਅ ਵਿਚ ਅਮਰੀਕਾ
ਰਾਸ਼ਟਰਪਤੀ ਡੌਨਲਡ ਟਰੰਪ ਦੇ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਯੂਕਰੇਨ ਜੰਗ ਨੂੰ ‘ਮੋਦੀ ਵੌਰ’ ਦਾ ਨਾਂ ਦਿਤਾ ਹੈ

By : Upjit Singh
ਵਾਸ਼ਿੰਗਟਨ : ਰਾਸ਼ਟਰਪਤੀ ਡੌਨਲਡ ਟਰੰਪ ਦੇ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਯੂਕਰੇਨ ਜੰਗ ਨੂੰ ‘ਮੋਦੀ ਵੌਰ’ ਦਾ ਨਾਂ ਦਿਤਾ ਹੈ। ਬਲੂਮਬਰਗ ਟੀ.ਵੀ. ਨਾਲ ਇਕ ਇੰਟਰਵਿਊ ਦੌਰਾਨ ਨਵਾਰੋ ਨੇ ਦੋਸ਼ ਲਾਇਆ ਕਿ ਭਾਰਤ ਜੰਗ ਨੂੰ ਸ਼ਹਿ ਦੇ ਰਿਹਾ ਹੈ ਅਤੇ ਦੋਗਲੀ ਖੇਡ ਖੇਡੀ ਜਾ ਰਹੀ ਹੈ। ਰਾਸ਼ਟਰਪਤੀ ਦੇ ਸਲਾਹਕਾਰ ਨੇ ਚਿਤਾਵਨੀ ਦਿਤੀ ਕਿ ਰੂਸ ਅਤੇ ਚੀਨ ਨਾਲ ਭਾਰਤ ਦੀ ਵਧਦੀ ਨੇੜਤਾ ਦੁਨੀਆਂ ਵਾਸਤੇ ਖਤਰਾ ਪੈਦਾ ਕਰ ਸਕਦੀ ਹੈ। ਨਵਾਰੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹੰਕਾਰੀ ਵੀ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਲੋਕ, ਕਾਰੋਬਾਰੀ ਅਤੇ ਕਿਰਤੀ ਸੰਕਟ ਵਿਚ ਘਿਰੇ ਹੋਏ ਹਨ ਕਿਉਂਕਿ ਭਾਰਤ ਵੱਲੋਂ ਸਾਡੀਆਂ ਵਸਤਾਂ ’ਤੇ ਉਚੀਆਂ ਟੈਰਿਫ਼ਸ ਵਸੂਲ ਕੀਤੀਆਂ ਜਾਂਦੀਆਂ ਹਨ। ਅਮਰੀਕਾ ਵਿਚ ਕਾਰਖਾਨੇ ਬੰਦ ਹੋ ਰਹੇ ਹਨ, ਲੋਕਾਂ ਦੀ ਆਮਦਨ ਘਟ ਰਹੀ ਹੈ ਅਤੇ ਟੈਕਸਪੇਅਰਜ਼ ਵੱਡਾ ਨੁਕਸਾਨ ਬਰਦਾਸ਼ਤ ਕਰਨ ਲਈ ਮਜਬੂਰ ਹਨ।
ਟਰੰਪ ਦੇ ਸਲਾਹਕਾਰ ਨੇ ਯੂਕਰੇਨ ਜੰਗ ਨੂੰ ‘ਮੋਦੀ ਦੀ ਜੰਗ’ ਕਰਾਰ ਦਿਤਾ
ਰੂਸੀ ਤੇਲ ਇੰਪੋਰਟ ਕਰਨ ਬਾਰੇ ਭਾਰਤੀ ਅੰਕੜੇ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਰੋਜ਼ਾਨਾ 15 ਲੱਖ ਬੈਰਲ ਤੇਲ ਦੀ ਖਰੀਦ, ਯੂਕਰੇਨੀ ਲੋਕਾਂ ਨੂੰ ਮਾਰਨ ਵਾਸਤੇ ਹਥਿਆਰ, ਡਰੋਨ ਅਤੇ ਬੰਬ ਹਾਸਲ ਕਰਨ ਵਾਸਤੇ ਕਾਫ਼ੀ ਹੈ। ਨਵਾਰੋ ਨੇ ਕਿਹਾ ਕਿ ਭਾਰਤ ਇਕ ਲੋਕਤੰਤਰੀ ਮੁਲਕ ਹੈ ਪਰ ਫਿਰ ਵੀ ਸਾਡੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਹਿੰਦੇ ਹਨ ਕਿ ਰੂਸੀ ਤੇਲ ਖਰੀਦਣਾ ਬੰਦ ਨਹੀਂ ਕਰਨਗੇ। ਹੁਣ ਇਸ ਦਾ ਕੀ ਮਤਲਬ ਕੱਢਿਆ ਜਾਵੇ? ਰਾਸ਼ਟਰਪਤੀ ਦੇ ਟਰੇਡ ਐਡਵਾਇਜ਼ਰ ਦਾ ਕਹਿਣਾ ਸੀ ਕਿ ਭਾਰਤ ਨੂੰ ਤੇਲ ਵੇਚ ਕੇ ਮਿਲਣ ਵਾਲੀ ਰਕਮ ਯੂਕਰੇਨੀ ਲੋਕਾਂ ਵਿਰੁੱਧ ਵਰਤੀ ਜਾਂਦੀ ਹੈ ਅਤੇ ਫਿਰ ਯੂਕਰੇਨ ਅਮਰੀਕਾ ਤੇ ਯੂਰਪ ਕੋਲ ਆ ਕੇ ਹਥਿਆਰਾਂ ਦੀ ਮੰਗ ਕਰਦਾ ਹੈ। ਇਸ ਤਰੀਕੇ ਨਾਲ ਅਮਰੀਕਾ ਦੇ ਟੈਕਸਪੇਅਰਜ਼ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਨਵਾਰੋ ਦੀਆਂ ਤਲਖ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਅਮਰੀਕਾ ਵੱਲੋਂ ਭਾਰਤੀ ਵਸਤਾਂ ਉਤੇ 50 ਫ਼ੀ ਸਦੀ ਟੈਰਿਫ਼ਸ ਵਸੂਲ ਕੀਤੀਆਂ ਜਾ ਰਹੀਆਂ ਹਨ।
ਪੀਟਰ ਨਵਾਰੋ ਨੇ ਮੋਦੀ ਨੂੰ ‘ਹੰਕਾਰੀ’ ਵੀ ਦੱਸਿਆ
ਨਵਾਰੋ ਨੇ ਟੈਰਿਫ਼ਸ ਵਧਾਉਣ ਦੇ ਫੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਭਾਰਤੀ ਵਪਾਰ ਨੀਤੀਆਂ ਨੂੰ ਗੈਰਵਾਜਬ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਅਮਰੀਕਾ ਨੇ 25 ਫੀ ਸਦੀ ਵਾਧੂ ਟੈਕਸ ਇਸ ਕਰ ਕੇ ਲਾਇਆ ਕਿਉਂਕਿ ਵਪਾਰ ਦੇ ਮਾਮਲੇ ਵਿਚ ਭਾਰਤ ਸਾਡੇ ਨਾਲ ਧੋਖਾ ਕਰਦਾ ਹੈ। ਦੂਜੇ ਪਾਸੇ ਵਾਈਟ ਹਾਊਸ ਦੇ ਆਰਥਿਕ ਸਲਾਹਕਾਰ ਕੈਵਿਨ ਹੈਸਟ ਨੇ ਕਿਹਾ ਕਿ ਜੇ ਭਾਰਤ ਨੇ ਕੌਮਾਂਤਰੀ ਵਪਾਰ ਬਾਰੇ ਆਪਣਾ ਸਟੈਂਡ ਨਾ ਬਦਲਿਆ ਤਾਂ ਟਰੰਪ ਹੋਰ ਸਖ਼ਤੀ ਕਰ ਸਕਦੇ ਹਨ। ਉਨ੍ਹਾਂ ਸਾਫ਼ ਲਫਜ਼ਾਂ ਵਿਚ ਕਿਹਾ ਕਿ ਜੇ ਭਾਰਤ ਝੁਕਣ ਵਾਸਤੇ ਤਿਆਰ ਨਹੀਂ ਤਾਂ ਟਰੰਪ ਵੀ ਪਿੱਛੇ ਨਹੀਂ ਹਟਣਗੇ। ਕੈਵਿਨ ਹੈਸਟ ਨੇ ਦਲੀਲ ਦਿਤੀ ਕਿ ਭਾਰਤ ਉਤੇ ਟੈਰਿਫ਼ਸ ਦਾ ਮਕਸਦ ਰੂਸ ਉਤੇ ਦਬਾਅ ਪਾਉਣਾ ਹੈ ਤਾਂਕਿ ਯੂਕਰੇਨ ਨਾਲ ਸ਼ਾਂਤੀ ਸਮਝੌਤਾ ਕਰਵਾਇਆ ਜਾ ਸਕੇ ਅਤੇ ਲੱਖਾਂ ਜਾਨਾਂ ਬਚ ਸਕਣ। ਇਥੇ ਦਸਣਾ ਬਣਦਾ ਹੈ ਕਿ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ, ਰੂਸ ਤੋਂ ਸਿਰਫ਼ 68 ਹਜ਼ਾਰ ਬੈਰਲ ਤੇਲ ਰੋਜ਼ਾਨਾ ਖਰੀਦ ਰਿਹਾ ਸੀ ਪਰ ਮਈ 2023 ਤੱਕ ਅੰਕੜਾ ਵਧ ਕੇ 20 ਲੱਖ ਬੈਰਨ ਰੋਜ਼ਾਨਾ ਹੋ ਗਿਆ। ਮੌਜੂਦਾ ਵਰ੍ਹੇ ਦੌਰਾਨ ਜਨਵਰੀ ਤੋਂ ਜੁਲਾਈ ਤੱਕ ਭਾਰਤ ਵੱਲੋਂ ਰੋਜ਼ਾਨਾ 17 ਲੱਖ ਬੈਰਲ ਤੋਂ ਵੱਧ ਕੱਚਾ ਤੇਲ ਰੂਸ ਤੋਂ ਖਰੀਦਿਆ ਜਾ ਰਿਹਾ ਹੈ। ਰਕਮ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬੀਤੇ ਦੋ ਸਾਲ ਦੌਰਾਨ ਭਾਰਤ ਵੱਲੋਂ 130 ਅਰਬ ਡਾਲਰ ਦੀ ਅਦਾਇਗੀ ਰੂਸ ਨੂੰ ਕੀਤੀ ਜਾ ਚੁੱਕੀ ਹੈ।


