ਅਮਰੀਕਾ : ਅਤਿਵਾਦੀ ਹਮਲੇ ਦੌਰਾਨ ਮਰਨ ਵਾਲਿਆਂ ਦੀ ਸ਼ਨਾਖਤ ਜਨਤਕ
ਨਵੇਂ ਸਾਲ ਦੇ ਜਸ਼ਨਾਂ ਮੌਕੇ ਨਿਊ ਓਰਲੀਨਜ਼ ਵਿਖੇ ਅਤਿਵਾਦੀ ਹਮਲੇ ਦੌਰਾਨ ਮਰਨ ਵਾਲੇ 14 ਜਣਿਆਂ ਦੀ ਪਛਾਣ ਜਨਤਕ ਕਰ ਦਿਤੀ ਗਈ ਹੈ।
By : Upjit Singh
ਨਿਊ ਓਰਲੀਨਜ਼ : ਨਵੇਂ ਸਾਲ ਦੇ ਜਸ਼ਨਾਂ ਮੌਕੇ ਨਿਊ ਓਰਲੀਨਜ਼ ਵਿਖੇ ਅਤਿਵਾਦੀ ਹਮਲੇ ਦੌਰਾਨ ਮਰਨ ਵਾਲੇ 14 ਜਣਿਆਂ ਦੀ ਪਛਾਣ ਜਨਤਕ ਕਰ ਦਿਤੀ ਗਈ ਹੈ। ਐਫ਼.ਬੀ.ਆਈ. ਨੇ ਦੱਸਿਆ ਕਿ ਸ਼ਮਸੂਦੀਨ ਜਬਾਰ ਨੇ ਇਕੱਲਿਆਂ ਦੀ ਵਾਰਦਾਤ ਨੂੰ ਅੰਜਾਮ ਦਿਤਾ ਅਤੇ ਹਮਲੇ ਦੌਰਾਨ 15 ਲਈ ਬਲਕਿ 14 ਜਣਿਆਂ ਦੀ ਮੌਤ ਹੋਈ। ਕੌਰੋਨਰ ਵੱਲੋਂ 15 ਜਣਿਆਂ ਦੀ ਮੌਤ ਦਾ ਜ਼ਿਕਰ ਕੀਤਾ ਗਿਆ ਸੀ।
ਐਫ਼.ਬੀ.ਆਈ. ਨੇ ਮੌਤਾਂ ਦੀ ਗਿਣਤੀ 15 ਦੀ ਬਜਾਏ 14 ਦੱਸੀ
ਜਾਨ ਗਵਾਉਣ ਵਾਲਿਆਂ ਦੇ ਪਰਵਾਰ ਸੋਗ ਵਿਚ ਡੁੱਬੇ ਹੋਏ ਹਨ ਜਿਨ੍ਹਾਂ ਵਿਚੋਂ ਕਈ ਚੜ੍ਹਦੀ ਉਮਰ ਵਿਚ ਇਸ ਦੁਨੀਆਂ ਤੋਂ ਚਲੇ ਗਏ। ਕਰੀਮ ਬਦਾਵੀ ਯੂਨੀਵਰਸਿਟੀ ਆਫ਼ ਐਲਾਬਾਮਾ ਦਾ ਵਿਦਿਆਰਥੀ ਸੀ ਜਿਸ ਦੇ ਪਿਤਾ ਬਿਲਾਲ ਨੇ ਦੱਸਿਆ ਕਿ 2023 ਵਿਚ ਹੀ ਉਸ ਨੇ ਦਾਖਲਾ ਲਿਆ ਅਤੇ ਜ਼ਿੰਦਗੀ ਵਿਚ ਬਹੁਤ ਕੁਝ ਕਰਨਾ ਚਾਹੁੰਦਾ ਸੀ। ਯੂਨੀਵਰਸਿਟੀ ਆਫ਼ ਐਲਾਬਾਮਾ ਦੇ ਪ੍ਰੈਜ਼ੀਡੈਂਟ ਸਟੂਅਰਟ ਬੈਲ ਵੱਲੋਂ ਆਪਣੇ ਵਿਦਿਆਰਥੀ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ 28 ਸਾਲ ਦਾ ਟਾਈਗਰ ਬੈਕ ਫੁੱਟਬਾਲ ਦਾ ਨਾਮੀ ਖਿਡਾਰੀ ਸੀ ਜੋ ਹਮਲੇ ਦੌਰਾਨ ਮਾਰਿਆ ਗਿਆ।
ਸੋਗ ਵਿਚ ਡੁੱਬੇ ਪੀੜਤ ਪਰਵਾਰ
26 ਸਾਲ ਦੇ ਡਰੂ ਡੌਫਿਨ ਨੇ 2023 ਵਿਚ ਪੜ੍ਹਾਈ ਮੁਕੰਮਲ ਕੀਤੀ ਅਤੇ ਇਕ ਲੈਬੌਰਟਰੀ ਵਿਚ ਕੰਮ ਕਰਨ ਲੱਗਾ ਅਤੇ ਹੁਣ ਪਰਵਾਰ ਤੋਂ ਉਸ ਦਾ ਵਿਛੋੜਾ ਬਰਦਾਸ਼ਤ ਨਹੀਂ ਹੋ ਰਿਹਾ। ਐਫ਼.ਬੀ.ਆਈ. ਦੀ ਕਾਊਂਟਰ ਟੈਰੋਰਿਜ਼ਨ ਡਵੀਜ਼ਨ ਦੇ ਕ੍ਰਿਸਟੋਫਰ ਰੀਆ ਨੇ ਦੱਸਿਅਠਾ ਕਿ 35 ਜ਼ਖਮੀਆਂ ਵਿਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸ਼ਮਸੂਦੀਨ ਜਬਾਰ ਦੀਆਂ ਸਰਗਰਮੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨੇ 30 ਦਸੰਬਰ ਨੂੰ ਟੈਕਸਸ ਦੇ ਹਿਊਸਟਨ ਤੋਂ ਪਿਕਅੱਭ ਟਰੱਕ ਕਿਰਾਏ ’ਤੇ ਲਿਆ ਅਤੇ 31 ਦਸੰਬਰ ਦੀ ਸ਼ਾਮ ਨਿਊ ਓਰਲੀਨਜ਼ ਪੁੱਜ ਗਿਆ। ਜਬਾਰ ਨੇ ਇਸਲਾਮਿਕ ਸਟੇਟ ਦੀ ਹਮਾਇਤ ਵਿਚ ਫੇਸਬੁਕ ਅਕਾਊਂਟ ਰਾਹੀਂ ਪੰਜ ਵੀਡੀਓਜ਼ ਪੋਸਟ ਕੀਤੀਆਂ।