ਅਮਰੀਕਾ ਚੋਣਾਂ : ਡੌਨਲਡ ਟਰੰਪ ਨੇ 24 ਘੰਟੇ ਵਿਚ ਇਕੱਤਰ ਕਰ ਲਏ 53 ਮਿਲੀਅਨ ਡਾਲਰ
ਨਿਊ ਯਾਰਕ ਦੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਮਗਰੋਂ ਡੌਨਲਡ ਟਰੰਪ ’ਤੇ ਡਾਲਰਾਂ ਦੀ ਬਾਰਸ਼ ਹੋਣ ਲੱਗੀ ਅਤੇ ਸਿਰਫ 24 ਘੰਟੇ ਦੇ ਅੰਦਰ 53 ਮਿਲੀਅਨ ਡਾਲਰ ਇਕੱਤਰ ਕਰ ਲਏ। ਟਰੰਪ ਦੀ ਪ੍ਰਚਾਰ ਟੀਮ ਮੁਤਾਬਕ ਲੋਕ ਲਗਾਤਾਰ ਫੰਡ ਦੇ ਰਹੇ ਹਨ
By : Upjit Singh
ਵਾਸ਼ਿੰਗਟਨ : ਨਿਊ ਯਾਰਕ ਦੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਮਗਰੋਂ ਡੌਨਲਡ ਟਰੰਪ ’ਤੇ ਡਾਲਰਾਂ ਦੀ ਬਾਰਸ਼ ਹੋਣ ਲੱਗੀ ਅਤੇ ਸਿਰਫ 24 ਘੰਟੇ ਦੇ ਅੰਦਰ 53 ਮਿਲੀਅਨ ਡਾਲਰ ਇਕੱਤਰ ਕਰ ਲਏ। ਟਰੰਪ ਦੀ ਪ੍ਰਚਾਰ ਟੀਮ ਮੁਤਾਬਕ ਲੋਕ ਲਗਾਤਾਰ ਫੰਡ ਦੇ ਰਹੇ ਹਨ ਅਤੇ ਇਕ ਮੌਕਾ ਅਜਿਹਾ ਵੀ ਆਇਆ ਜਦੋਂ ਵੈਬਸਾਈਟ ਹੀ ਕਰੈਸ਼ ਹੋ ਗਈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਐਨੇ ਜ਼ਿਆਦਾ ਫੰਡਜ਼ ਦੀ ਕਿਸੇ ਨੇ ਉਮੀਦ ਨਹੀਂ ਸੀ ਕੀਤੀ। ਦੂਜੇ ਪਾਸੇ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਹੁਣ ਟਰੰਪ ਨੂੰ ਵਾਈਟ ਹਾਊਸ ਵਿਚ ਜਾਣ ਤੋਂ ਕੋਈ ਨਹੀਂ ਰੋਕ ਸਕੇਗਾ।
ਰਿਪਬਲਿਕਨ ਪਾਰਟੀ ਨਾਲ ਜੁੜੇ ਕਈ ਲੋਕਾਂ ਨੇ ਕਿਹਾ ਕਿ ਅਦਾਲਤੀ ਕਾਰਵਾਈ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਟਰੰਪ ਦੀ ਹਮਾਇਤ ਜਾਰੀ ਰੱਖਣਗੇ। ਅਦਾਲਤੀ ਫੈਸਲਾ ਟਰੰਪ ਨੂੰ ਚੋਣ ਲੜਨ ਤੋਂ ਵੀ ਨਹੀਂ ਰੋਕਦਾ। ਦੱਸ ਦੇਈਏ ਕਿ ਟਰੰਪ ਨੇ ਅਦਾਲਤ ਵਿਚੋਂ ਬਾਹਰ ਆਉਣ ਮਗਰੋਂ ਖੁਦ ਨੂੰ ਸਿਆਸੀ ਕੈਦੀ ਕਰਾਰ ਦਿਤਾ ਅਤੇ ਉਨ੍ਹਾਂ ਦੇ ਹਮਾਇਤੀ ਜ਼ਾਰੋ ਜ਼ਾਰ ਰੋਣ ਲੱਗੇ। ਆਉਣ ਵਾਲੇ ਦਿਨਾਂ ਵਿਚ ਟਰੰਪ ਨੂੰ ਮਿਲ ਰਹੀ ਰਕਮ 100 ਮਿਲੀਅਨ ਤੋਂ ਟੱਪਣ ਦੇ ਆਸਾਰ ਹਨ ਅਤੇ ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਕਿਸੇ ਆਰਥਿਕ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਦੂਜੇ ਪਾਸੇ ਡੂੰਘੀ ਸੋਚ ਵਾਲੇ ਕੁਝ ਬੁਧੀਜੀਵੀਆਂ ਦਾ ਕਹਿਣਾ ਹੈ ਕਿ ਵੋਟਾਂ ਵਾਲੇ ਦਿਨ ਲੋਕ ਸੋਚ ਸਮਝ ਕੇ ਹੀ ਆਪਣੀ ਵੋਟ ਪਾਉਣਗੇ। ਕਿਸੇ ਅਪਰਾਧੀ ਨੂੰ ਵੋਟ ਪਾਉਣਾ ਕੋਈ ਬਿਹਤਰ ਬਦਲ ਨਹੀਂ ਹੋਵੇਗਾ।