ਅਮਰੀਕਾ ਵੱਲੋਂ ਨਵੇਂ ਇੰਮੀਗ੍ਰੇਸ਼ਨ ਨਿਯਮਾਂ ਦਾ ਐਲਾਨ
ਟਰੰਪ ਸਰਕਾਰ ਨਿਤ ਨਵੇਂ ਇੰਮੀਗ੍ਰੇਸ਼ਨ ਨਿਯਮ ਲਿਆ ਰਹੀ ਹੈ ਅਤੇ ਹੁਣ ਅਮਰੀਕਾ ਦਾ ਜਹਾਜ਼ ਚੜ੍ਹਨ ਤੋਂ ਪਹਿਲਾਂ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦਾ ਪੰਜ ਸਾਲ ਪੁਰਾਣਾ ਰਿਕਾਰਡ ਇੰਮੀਗ੍ਰੇਸ਼ਨ ਅਫ਼ਸਰਾਂ ਅੱਗੇ ਪੇਸ਼ ਕਰਨਾ ਹੋਵੇਗਾ

By : Upjit Singh
ਵਾਸ਼ਿੰਗਟਨ : ਟਰੰਪ ਸਰਕਾਰ ਨਿਤ ਨਵੇਂ ਇੰਮੀਗ੍ਰੇਸ਼ਨ ਨਿਯਮ ਲਿਆ ਰਹੀ ਹੈ ਅਤੇ ਹੁਣ ਅਮਰੀਕਾ ਦਾ ਜਹਾਜ਼ ਚੜ੍ਹਨ ਤੋਂ ਪਹਿਲਾਂ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦਾ ਪੰਜ ਸਾਲ ਪੁਰਾਣਾ ਰਿਕਾਰਡ ਇੰਮੀਗ੍ਰੇਸ਼ਨ ਅਫ਼ਸਰਾਂ ਅੱਗੇ ਪੇਸ਼ ਕਰਨਾ ਹੋਵੇਗਾ। ਜੀ ਹਾਂ, ਸੈਰ-ਸਪਾਟੇ ਦੇ ਮਕਸਦ ਨਾਲ ਅਮਰੀਕਾ ਆਉਣ ਵਾਲਿਆਂ ’ਤੇ ਨਵਾਂ ਨਿਯਮ ਲਾਗੂ ਕੀਤਾ ਜਾ ਰਿਹਾ ਹੈ ਅਤੇ ਮੁਢਲੇ ਤੌਰ ’ਤੇ ਵੀਜ਼ਾ ਮੁਕਤ ਸਫ਼ਲ ਦੀ ਸਹੂਲਤ ਹਾਸਲ ਮੁਲਕਾਂ ਦੇ ਬਾਸ਼ਿੰਦੇ ਇਸ ਦੇ ਘੇਰੇ ਵਿਚ ਆਉਣਗੇ। ਦੱਸ ਦੇਈਏ ਕਿ ਯੂ.ਕੇ., ਜਰਮਨੀ, ਫ਼ਰਾਂਸ ਅਤੇ ਕਈ ਹੋਰ ਯੂਰਪੀ ਮੁਲਕਾਂ ਤੋਂ ਇਲਾਵਾ ਆਸਟ੍ਰੇਲੀਆ, ਨਿਊਜ਼ੀਲੈਂਡ, ਦੱਖਣੀ ਕੋਰੀਆ, ਇਜ਼ਰਾਈਲ ਅਤੇ ਜਾਪਾਨ ਦੇ ਲੋਕਾਂ ਨੂੰ 90 ਦਿਨ ਦੇ ਗੇੜੇ ਵਾਸਤੇ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ। ਪਰ ਫਿਰ ਵੀ ਇਨ੍ਹਾਂ ਮੁਲਕਾਂ ਦੇ ਨਾਗਰਿਕਾਂ ਨੂੰ ਇਲੈਕਟ੍ਰਾਨਿਕ ਸਿਸਟਮ ਫ਼ੌਰ ਟ੍ਰੈਵਲ ਆਥੋਰਾਈਜ਼ੇਸ਼ਨ ਅਧੀਨ ਇਕ ਆਨਲਾਈਨ ਅਰਜ਼ੀ ਦਾਖਲ ਕਰਨੀ ਹੁੰਦੀ ਹੈ।
5 ਸਾਲ ਦਾ ਸੋਸ਼ਲ ਮੀਡੀਆ ਰਿਕਾਰਡ ਕਰਨਾ ਹੋਵੇਗਾ ਪੇਸ਼
ਇਲੈਕਟ੍ਰਾਨਿਕ ਟ੍ਰੈਵਲ ਦਸਤਾਵੇਜ਼ ਹਾਸਲ ਲੋਕਾਂ ਨੂੰ ਅਮਰੀਕਾ ਵਾਸਤੇ ਖ਼ਤਰਾ ਨਹੀਂ ਮੰਨਿਆ ਜਾਂਦਾ ਹੈ ਅਤੇ ਇਹ ਸਾਰੇ ਵੀਜ਼ਾ ਮੁਕਤ ਸਫ਼ਰ ਕਰਨ ਦੇ ਹੱਕਦਾਰ ਮੰਨੇ ਜਾਂਦੇ ਹਨ। ਹੁਣ ਟਰੰਪ ਵੱਲੋਂ ਇਲੈਕਟ੍ਰਾਨਿਕ ਸਿਸਟਮ ਫ਼ੌਰ ਟ੍ਰੈਵਲ ਆਥੋਰਾਈਜ਼ੇਸ਼ਨ ਨੂੰ ਨਵਾਂ ਰੂਪ ਦਿਤਾ ਜਾ ਰਿਹਾ ਹੈ ਅਤੇ ਇਹ ਸਿਰਫ਼ ਮੋਬਾਈਲ ਫੋਨ ਦੁਆਲੇ ਕੇਂਦਰਤ ਹੋ ਜਾਵੇਗਾ। ਅਮਰੀਕਾ ਦਾਖਲ ਹੋਣ ਦੇ ਇੱਛਕ ਲੋਕਾਂ ਨੂੰ ਆਪਣੀ ਜਾਣਕਾਰੀ ਤੋਂ ਇਲਾਵਾ ਰਿਸ਼ਤੇਦਾਰਾਂ ਨਾਲ ਸਬੰਧਤ ਜਾਣਕਾਰੀ ਵੀ ਸਾਂਝੀ ਕਰਨੀ ਹੋਵੇਗੀ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਬਰਾਂਚ ਵੱਲੋਂ ਜਾਰੀ ਤਾਜ਼ਾ ਹਦਾਇਤਾਂ ਮੁਤਾਬਕ ਅਮਰੀਕਾ ਆਉਣ ਦੇ ਇੱਛਕ ਲੋਕਾਂ ਨੂੰ ਈਮੇਲ ਖਾਤੇ ਨਾਲ ਸਬੰਧਤ ਪਿਛਲੇ 10 ਸਾਲ ਦੇ ਵੇਰਵੇ ਅਤੇ ਸੋਸ਼ਲ ਮੀਡੀਆ ਖਾਤਿਆਂ ਦੇ ਪੰਜ ਸਾਲ ਦੇ ਵੇਰਵੇ ਦੇਣੇ ਹੋਣਗੇ। ਦੂਜੇ ਪਾਸੇ ਨਜ਼ਦੀਕੀ ਪਰਵਾਰਕ ਮੈਂਬਰਾਂ ਦੇ ਫ਼ੋਨ ਨੰਬਰ ਅਤੇ ਰਿਹਾਇਸ਼ ਦੇ ਪਤੇ ਵੀ ਲਿਖਵਾਉਣੇ ਹੋਣਗੇ। ਡੀ.ਐਚ.ਐਸ. ਦੇ ਨੋਟਿਸ ਵਿਚ ਸਾਫ਼ ਤੌਰ ’ਤੇ ਲਿਖਿਆ ਗਿਆ ਹੈ ਕਿ ਸੋਸ਼ਲ ਮੀਡੀਆ ਖਾਤਿਆਂ ਨਾਲ ਸਬੰਧਤ ਪੰਜ ਸਾਲ ਦੇ ਵੇਰਵੇ ਲਾਜ਼ਮੀ ਹੋਣਗੇ। ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦਾ ਕਹਿਣਾ ਹੈ ਕਿ ਸੈਲਾਨੀਆਂ ਅਤੇ ਬਿਜ਼ਨਸ ਟ੍ਰਿਪ ’ਤੇ ਅਮਰੀਕਾ ਆਉਣ ਵਾਲਿਆਂ ਨਾਲ ਸਬੰਧਤ ਨਵੇਂ ਨਿਯਮਾਂ ਬਾਰੇ ਵਾਈਟ ਹਾਊਸ ਦੇ ਬਜਟ ਦਫ਼ਤਰ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਇਹ ਨਿਯਮ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸਾਲ ਦੇ ਆਰੰਭ ਵਿਚ ਜਾਰੀ ਇਕ ਕਾਰਜਕਾਰੀ ਹੁਕਮ ਦੀ ਪਾਲਣਾ ਕਰਦਿਆਂ ਲਾਗੂ ਕੀਤੇ ਜਾ ਰਹੇ ਹਨ।
ਸੈਲਾਨੀਆਂ ਅਤੇ ਬਿਜ਼ਨਸ ਟ੍ਰਿਪ ਵਾਲਿਆਂ ਉਤੇ ਲਾਗੂ ਹੋਣਗੇ ਨਿਯਮ
ਟਰੰਪ ਵੱਲੋਂ ਜਾਰੀ ਹੁਕਮਾਂ ਤਹਿਤ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦਾ ਦਾਖਲਾ ਰੋਕਣ ਦੇ ਹਦਾਇਤ ਦਿਤੀ ਗਈ ਜੋ ਕੌਮੀ ਸੁਰੱਖਿਆ ਜਾਂ ਲੋਕ ਸੁਰੱਖਿਆ ਵਾਸਤੇ ਖ਼ਤਰਾ ਪੈਦਾ ਕਰਦੇ ਹੋਣ। ਪਰ ਨਵੇਂ ਨਿਯਮਾਂ ਦੀ ਆਮਦ ਬਾਰੇ ਪਤਾ ਲਗਦਿਆਂ ਹੀ ਨੁਕਤਾਚੀਨੀ ਆਰੰਭ ਹੋ ਚੁੱਕੀ ਹੈ ਅਤੇ ਟੂਰਿਜ਼ਮ ਸੈਕਟਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਐਨੀਆਂ ਬੰਦਿਸ਼ਾਂ ਨੂੰ ਵੇਖਦਿਆਂ ਲੋਕਾਂ ਨੇ ਅਮਰੀਕਾ ਆਉਣਾ ਹੀ ਛੱਡ ਦੇਣਾ ਹੈ। ਕੁਝ ਮਹੀਨੇ ਬਾਅਦ ਅਮਰੀਕਾ ਵਿਚ ਫ਼ੀਫ਼ਾ ਵਰਲਡ ਕੱਪ ਸ਼ੁਰੂ ਹੋ ਰਿਹਾ ਹੈ ਅਤੇ ਅਜਿਹੇ ਵਿਚ ਸਖ਼ਤ ਇੰਮੀਗ੍ਰੇਸ਼ਨ ਨਿਯਮ ਦਰਸ਼ਕਾਂ ਦੀ ਗਿਣਤੀ ਪ੍ਰਭਾਵਤ ਕਰ ਸਕਦੇ ਹਨ। ਉਧਰ, ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਯੂ.ਐਸ. ਅੰਬੈਸੀਜ਼ ਵਿਚ ਆ ਰਹੀਆਂ ਵੀਜ਼ਾ ਅਰਜ਼ੀਆਂ ਦੀ ਬਾਰੀਕੀ ਨਾਲ ਪੁਣ-ਛਾਣ ਲਾਜ਼ਮੀ ਹੈ ਅਤੇ ਅਮਰੀਕਾ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਮੁਲਕ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਇਥੇ ਦਸਣਾ ਬਣਦਾ ਹੈ ਕਿ ਇੰਮੀਗ੍ਰੇਸ਼ਨ ਬੰਦਿਸ਼ਾਂ ਨਾਲ ਸਬੰਧਤ ਤਾਜ਼ਾ ਮਾਮਲਾ ਬਿਲਕੁਲ ਉਸੇ ਵੇਲੇ ਸਾਹਮਣੇ ਆਇਆ ਜਦੋਂ ਡੌਨਲਡ ਟਰੰਪ ਅਮਰੀਕਾ ਵਿਚ ਪੱਕਾ ਦਾ ਰਾਹ ਪੱਧਰਾ ਕਰਦੇ ਗੋਲਡ ਕਾਰਡ ਲਈ ਅਰਜ਼ੀਆਂ ਪ੍ਰਵਾਨ ਕਰਨ ਵਾਲੇ ਪੋਰਟਲ ਦਾ ਉਦਘਾਟਨ ਕਰ ਰਹੇ ਸਨ।


