ਅਮਰੀਕਾ : 2 ਭਾਰਤੀ ਕੰਪਨੀਆਂ ’ਤੇ ਲੱਗੇ ਫੈਂਟਾਨਿਲ ਵਾਲਾ ਕੈਮੀਕਲ ਵੇਚਣ ਦੇ ਦੋਸ਼
ਅਮਰੀਕਾ ਵਿਚ ਦੋ ਭਾਰਤੀ ਕੰਪਨੀਆਂ ਅਤੇ ਇਕ ਕੰਪਨੀ ਦੇ ਮਾਲਕ ਭਾਵੇਸ਼ ਲਾਠੀਆ ਵਿਰੁੱਧ ਫੈਂਟਾਨਿਲ ਤਿਆਰ ਕਰਨ ਵਾਸਤੇ ਵਰਤਿਆ ਜਾਣ ਵਾਲੀ ਕੈਮੀਕਲ ਵੇਚਣ ਦੇ ਦੋਸ਼ ਆਇਦ ਕੀਤੇ ਗਏ ਹਨ।
By : Upjit Singh
ਨਿਊ ਯਾਰਕ : ਅਮਰੀਕਾ ਵਿਚ ਦੋ ਭਾਰਤੀ ਕੰਪਨੀਆਂ ਅਤੇ ਇਕ ਕੰਪਨੀ ਦੇ ਮਾਲਕ ਭਾਵੇਸ਼ ਲਾਠੀਆ ਵਿਰੁੱਧ ਫੈਂਟਾਨਿਲ ਤਿਆਰ ਕਰਨ ਵਾਸਤੇ ਵਰਤਿਆ ਜਾਣ ਵਾਲੀ ਕੈਮੀਕਲ ਵੇਚਣ ਦੇ ਦੋਸ਼ ਆਇਦ ਕੀਤੇ ਗਏ ਹਨ। ਭਾਵੇਸ਼ ਲਾਠੀਆ ਨੂੰ ਨਿਊ ਯਾਰਕ ਸ਼ਹਿਰ ਤੋਂ ਗ੍ਰਿਫ਼ਤਾਰ ਕਰਦਿਆਂ ਪੂਰਬੀ ਜ਼ਿਲ੍ਹੇ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਜਿਥੇ ਉਸ ਨੂੰ ਅਗਲੇ ਹੁਕਮਾਂ ਤੱਕ ਜੇਲ ਵਿਚ ਰੱਖਣ ਦੇ ਹੁਕਮ ਜਾਰੀ ਕੀਤੇ ਗਏ। ਅਟਾਰਨੀ ਜਨਰਲ ਮੈਰਿਕ ਬੀ. ਗਾਰਲੈਂਡ ਨੇ ਦੱਸਿਆ ਕਿ ਫੈਂਟਾਨਿਲ ਦੀ ਤਸਕਰੀ ਦੇ ਹਰ ਸਰੋਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਇਹ ਘੇਰਾ ਕਈ ਮੁਲਕਾਂ ਤੱਕ ਫੈਲਿਆ ਹੋਇਆ ਹੈ।
ਭਾਵੇਸ਼ ਲਾਠੀਆ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ
ਇਨ੍ਹਾਂ ਕੰਪਨੀਆਂ ਅਤੇ ਇਕ ਕੰਪਨੀ ਦੇ ਬਾਨੀ ਨੂੰ ਵਿਰੁਧ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਕਥਿਤ ਤੌਰ ਫੈਂਟਾਨਿਲ ਤਿਆਰ ਕਰਨ ਲਈ ਕੱਚੇ ਮਾਲ ਵਜੋਂ ਵਰਤਿਆ ਜਾਣ ਵਾਲਾ ਕੈਮੀਕਲ ਭਾਰਤ ਤੋਂ ਅਮਰੀਕਾ ਅਤੇ ਮੈਕਸੀਕੋ ਭੇਜਿਆ ਗਿਆ। ਫੈਂਟਾਨਿਲ ਕਾਰਨ ਜਾਨ ਗਵਾਉਣ ਵਾਲਿਆਂ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਇਨ੍ਹਾਂ ਮੌਤਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ। ਇਸੇ ਦੌਰਾਨ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਮੰਤਰੀ ਐਲਹੈਂਦਰੋ ਮਯੋਰਕਸ ਨੇ ਕਿਹਾ ਕਿ ਮੁਲਕ ਵਿਚ ਪੁੱਜਣ ਵਾਲੀ ਫੈਂਟਾਨਿਲ ਦਾ ਜ਼ਿਆਦਾਤਰ ਹਿੱਸਾ ਵਿਦੇਸ਼ਾਂ ਤੋਂ ਆਉਂਦਾ ਹੈ ਅਤੇ ਨਸ਼ਾ ਤਸਕਰ ਗਿਰੋਹ ਇਸ ਖਤਰਨਾਕ ਨਸ਼ੇ ਨੂੰ ਵੱਡੇ ਪੱਧਰ ’ਤੇ ਸਪਲਾਈ ਕਰਨ ਦੇ ਯਤਨ ਕਰਦੇ ਹਨ। ਇਥੇ ਦਸਣਾ ਬਣਦਾ ਹੈ ਕਿ ਫੈਂਟਾਨਿਲ ਬੇਹੱਦ ਖਤਰਨਾਕ ਨਸ਼ਾ ਮੰਨਿਆ ਜਾਂਦਾ ਹੈ ਜੋ ਹੈਰੋਇਨ ਤੋਂ 50 ਗੁਣਾ ਅਤੇ ਮੌਰਫਿਨ ਤੋਂ 100 ਗੁਣਾ ਨਸ਼ਾ ਕਰ ਸਕਦਾ ਹੈ। ਭਾਵੇਸ਼ ਲਾਠੀਆ ਅਤੇ ਉਸ ਦੀ ਕੰਪਨੀ ਵਿਰੁੱਧ ਪਾਬੰਦੀਸ਼ੁਦਾ ਕੈਮੀਕਲ ਇੰਪੋਰਟ ਕਰਨ ਅਤੇ ਇਹ ਗੱਲ ਜਾਣਦੇ ਹੋਏ ਵੀ ਕਿ ਇਸ ਦੀ ਵਰਤੋਂ ਫੈਂਟਾਨਿਲ ਤਿਆਰ ਕਰਨ ਵਾਸਤੇ ਕੀਤੀ ਜਾਵੇਗੀ, ਕੈਮੀਕਲ ਮੰਗਵਾਉਣ ਅਤੇ ਸਾਜ਼ਿਸ਼ ਘੜਨ ਦੇ ਦੋਸ਼ ਆਇਦ ਕੀਤੇ ਗਏ ਹਨ।
ਦੋਸ਼ ਸਾਬਤ ਹੋਣ ’ਤੇ ਹੋ ਸਕਦੀ ਐ 53 ਸਾਲ ਦੀ ਕੈਦ
ਅਦਾਲਤ ਵਿਚ ਦਾਇਰ ਦੋਸ਼ ਪੱਤਰ ਮੁਤਾਬਕ ਅਮਰੀਕਾ ਅਤੇ ਮੈਕਸੀਕੋ ਵਿਚ ਇਸ ਕੈਮੀਕਲ ਰਾਹੀਂ ਫੈਂਟਾਨਿਲ ਤਿਆਰ ਕੀਤੀ ਗਈ ਅਤੇ ਇਸ ਨੂੰ ਵੱਖ ਵੱਖ ਇਲਾਕਿਆਂ ਵਿਚ ਵੇਚਿਆ ਗਿਆ। ਮਿਸਾਲ ਵਜੋਂ 29 ਜੂਨ 2024 ਨੂੰ ਰੈਕਸੂਟਰ ਕੈਮੀਕਲਜ਼ ਵੱਲੋਂ ਭੇਜੀ ਇਕ ਕੰਸਾਈਨਮੈਂਟ ਨਿਊ ਯਾਰਕ ਦੇ ਪੂਰਬੀ ਜ਼ਿਲ੍ਹੇ ਦੇ ਇਕ ਪਤੇ ’ਤੇ ਪੁੱਜੀ ਪਰ ਇਸ ਉਤੇ ਗਲਤ ਜਾਣਕਾਰੀ ਲਿਖੀ ਹੋਈ ਸੀ ਕਿ ਇਸ ਵਿਚ ਵਿਟਾਮਿਨ ਸੀ ਪੈਕ ਕੀਤਾ ਹੋਇਆ ਹੈ। ਇਸ ਦੇ ਉਲਟ ਕੰਸਾਈਨਮੈਂਟ ਵਿਚ ਫੈਂਟਾਨਿਲ ਤਿਆਰ ਕਰਨ ਵਾਲਾ ਕੈਮੀਕਲ ਮੌਜੂਦ ਸੀ। ਇਸ ਮਗਰੋਂ ਭਾਵੇਸ਼ ਲਾਠੀਆ ਨੇ 2 ਅਕਤੂਬਰ 2024 ਅਤੇ 15 ਅਕਤੂਬਰ 2024 ਨੂੰ ਕੈਮੀਕਲ ਦੀ ਵਿਕਰੀ ਬਾਰੇ ਵੀਡੀਓ ਕਾਲ ਕੀਤੀ ਪਰ ਕਾਲ ਸੁਣਨ ਵਾਲਾ ਹੋਮਲੈਂਡ ਸਕਿਉਰਿਟੀ ਵਿਭਾਗ ਦਾ ਅੰਡਰ ਕਵਰ ਅਫਸਰ ਸੀ। ਗੱਲਬਾਤ ਦੌਰਾਲ ਲਾਠੀਆ ਨੇ 20 ਕਿਲੋ ਕੈਮੀਕਲ ਦੀ ਵਿਕਰੀ ਬਾਰੇ ਹਾਮੀ ਭਰ ਦਿਤੀ ਅਤੇ ਕੰਸਾਈਨਮੈਂਟ ’ਤੇ ਗਲਤ ਜਾਣਕਾਰੀ ਲਿਖਣ ਦੀ ਗੱਲ ਵੀ ਕਹੀ। ਇਸ ਤੋਂ ਇਲਾਵਾ ਐਥੋਜ਼ ਕੈਮੀਕਲਜ਼ ਵੱਲੋਂ ਕਥਿਤ ਤੌਰ ’ਤੇ 100 ਕਿਲੋ ਕੈਮੀਕਲ ਭੇਜਣ ਦੀ ਹਾਮੀ ਭਰੀ ਗਈ ਅਤੇ ਇਹ ਗੱਲਬਾਤ ਮੈਕਸੀਕੋ ਦੇ ਨਸ਼ਾ ਤਸਕਰ ਨਾਲ ਹੋਈ।