UK. : floods ਦੀ ਮਾਰ ਹੇਠ, ਹਰ ਪਾਸੇ ਪਾਣੀ ਹੀ ਪਾਣੀ
ਯੂ.ਕੇ. ਵਿਚ ਤੂਫ਼ਾਨ ਚੰਦਰਾ ਕਹਿਰ ਢਾਹ ਰਿਹਾ ਹੈ ਅਤੇ ਮੁਲਕ ਦੇ ਕਈ ਹਿੱਸੇ ਪਾਣੀ ਵਿਚ ਡੁੱਬੇ ਨਜ਼ਰ ਆ ਰਹੇ ਹਨ

By : Upjit Singh
ਲੰਡਨ : ਯੂ.ਕੇ. ਵਿਚ ਤੂਫ਼ਾਨ ਚੰਦਰਾ ਕਹਿਰ ਢਾਹ ਰਿਹਾ ਹੈ ਅਤੇ ਮੁਲਕ ਦੇ ਕਈ ਹਿੱਸੇ ਪਾਣੀ ਵਿਚ ਡੁੱਬੇ ਨਜ਼ਰ ਆ ਰਹੇ ਹਨ। ਫ਼ਾਇਰ ਫਾਈਟਰਜ਼ ਵੱਲੋਂ ਗੱਡੀਆਂ ਵਿਚ ਫਸੇ ਦਰਜਨਾਂ ਲੋਕਾਂ ਨੂੰ ਸੁਰੱਖਿਅਤ ਕੱਢੇ ਜਾਣ ਦੀ ਰਿਪੋਰਟ ਹੈ ਅਤੇ ਫ਼ਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਸਮ ਵਿਭਾਗ ਵੱਲੋਂ ਇੰਗਲੈਂਡ, ਸਕੌਟਲੈਂਡ ਅਤੇ ਵੇਲਜ਼ ਦੇ ਜ਼ਿਆਦਾਤਰ ਇਲਾਕਿਆਂ ਵਾਸਤੇ 3 ਇੰਚ ਤੋਂ ਵੱਧ ਮੀਂਹ ਪੈਣ, 8 ਇੰਚ ਤੱਦ ਬਰਫ਼ਬਾਰੀ ਹੋਣ ਅਤੇ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਵਾਲੀਆ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ। ਮੰਗਲਵਾਰ ਰਾਤ ਬਰਫ਼ਬਾਰੀ ਨੇ ਵੀ ਦਸਤਕ ਦੇ ਦਿਤੀ ਅਤੇ ਕੁਝ ਥਾਵਾਂ ’ਤੇ ਤਾਪਮਾਨ ਮਾਇਨਸ 2 ਡਿਗਰੀ ਤੋਂ ਹੇਠਾਂ ਚਲਾ ਗਿਆ।
ਗੱਡੀਆਂ ਵਿਚ ਫਸੇ ਦਰਜਨਾਂ ਲੋਕਾਂ ਨੂੰ ਸੁਰੱਖਿਅਤ ਕੱਢਿਆ
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਨਵਰੀ ਮਹੀਨੇ ਦੌਰਾਨ ਯੂ.ਕੇ. ਵਿਚ ਐਨਾ ਮੀਂਹ ਨਹੀਂ ਪੈਂਦਾ ਅਤੇ ਇਸ ਵਾਰ ਨਵੇਂ ਰਿਕਾਰਡ ਸਥਾਪਤ ਹੋ ਰਹੇ ਹਨ। ਉਤਰੀ ਆਇਰਲੈਂਡ ਦੇ ਕੇਟਸਬ੍ਰਿਜ ਇਲਾਕੇ ਵਿਚ 4 ਇੰਚ ਤੋਂ ਵੱਧ ਬਾਰਸ਼ ਹੋਈ ਜਦਕਿ ਡੈਵਨ ਵਿਖੇ 53 ਐਮ.ਐਮ. ਮੀਂਹ ਪਿਆ, ਕੌਰਨਵਾਲ ਵਿਖੇ 45 ਐਮ.ਐਮ. ਅਤੇ ਪਲਾਈਮਥ ਵਿਖੇ 43 ਐਮ.ਐਮ. ਬਾਰਸ਼ ਹੋਣ ਦੀ ਰਿਪੋਰਟ ਹੈ। ਤੇਜ਼ ਬਾਰਸ਼ ਮਗਰੋਂ ਦਰਿਆਵਾਂ ਵਿਚ ਪਾਣੀ ਦਾ ਪੱਧਰ ਵਧ ਗਿਆ ਅਤੇ ਲੋਕਾਂ ਨੂੰ ਦੂਰ ਰਹਿਣ ਦਾ ਸੁਝਾਅ ਦਿਤਾ ਗਿਆ ਹੈ। ਵੇਲਜ਼ ਵਿਖੇ ਦਰਜਨਾਂ ਘਰਾਂ ਵਿਚ ਪਾਣੀ ਦਾਖਲ ਹੋ ਗਿਆ ਅਤੇ ਘੱਟ ਦਬਾਅ ਵਾਲਾ ਸਿਸਟਮ ਲੰਡਨ ਸਣੇ ਪੂਰੇ ਮੁਲਕ ਨੂੰ ਪ੍ਰਭਾਵਤ ਕਰ ਰਿਹਾ ਹੈ। ਉਧਰ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਮੌਸਮ ਵਿਚ ਅਚਨਚੇਤ ਆਈ ਤਬਦੀਲੀ ਬਜ਼ੁਰਗਾਂ ਜਾਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਲੋਕਾਂ ਵਾਸਤੇ ਵੱਡਾ ਖ਼ਤਰਾ ਪੈਦ ਕਰ ਰਹੀ ਹੈ ਅਤੇ ਹਸਪਤਾਲਾਂ ਵਿਚ ਪੁਖਤਾ ਬੰਦੋਬਸਤ ਕੀਤੇ ਗਏ ਹਨ।


