Begin typing your search above and press return to search.

ਯੂ.ਕੇ. ਵਿਚੋਂ 6 ਲੱਖ ਪ੍ਰਵਾਸੀ ਡਿਪੋਰਟ ਕਰਨ ਦੀ ਤਿਆਰੀ

ਯੂ.ਕੇ. ਵਿਚੋਂ 6 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ

ਯੂ.ਕੇ. ਵਿਚੋਂ 6 ਲੱਖ ਪ੍ਰਵਾਸੀ ਡਿਪੋਰਟ ਕਰਨ ਦੀ ਤਿਆਰੀ
X

Upjit SinghBy : Upjit Singh

  |  27 Aug 2025 6:17 PM IST

  • whatsapp
  • Telegram

ਲੰਡਨ : ਯੂ.ਕੇ. ਵਿਚੋਂ 6 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ। ਜੀ ਹਾਂ, ਰਿਫ਼ਾਰਮ ਪਾਰਟੀ ਦੇ ਆਗੂ ਨਾਈਜਲ ਫੈਰਾਜ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਨਾ ਸਿਰਫ਼ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾਵੇਗਾ ਸਗੋਂ ਛੋਟੀਆਂ ਕਿਸ਼ਤੀਆਂ ਰਾਹੀਂ ਯੂ.ਕੇ. ਪੁੱਜ ਰਹੇ ਪ੍ਰਵਾਸੀ ਪੁੱਠੇ ਪੈਰੀਂ ਮੋੜ ਦਿਤੇ ਜਾਣਗੇ। ਹੂ-ਬ-ਹੂ ਟਰੰਪ ਵਰਗੀਆਂ ਨੀਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਰਗੇ ਮੁਲਕਾਂ ਤੋਂ ਆਏ ਪ੍ਰਵਾਸੀਆਂ ਦੀ ਵਾਪਸੀ ਲਈ 2 ਅਰਬ ਪਾਊਂਡ ਦੀ ਰਕਮ ਇਕ ਪਾਸੇ ਰੱਖੀ ਜਾਵੇਗੀ ਜਦਕਿ ਪ੍ਰਵਾਸੀਆਂ ਨੂੰ ਵਾਪਸ ਲੈਣ ਤੋਂ ਨਾਂਹ ਕਰਨ ਵਾਲੇ ਮੁਲਕਾਂ ਉਤੇ ਆਰਥਿਕ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ।

ਰਿਫ਼ਾਰਮ ਪਾਰਟੀ ਦੇ ਆਗੂ ਨਾਈਜਲ ਫੈਰਾਜ ਦਾ ਵੱਡਾ ਐਲਾਨ

ਦਿਲਚਸਪ ਗੱਲ ਇਹ ਹੈ ਕਿ ਅਤੀਤ ਵਿਚ ਵੱਡੇ ਪੱਧਰ ’ਤੇ ਦੇਸ਼ ਨਿਕਾਲੇ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕਰਨ ਵਾਲੇ ਨਾਈਜਲ ਫੈਰਾਜ ਹੁਣ ਨਵੀਂ ਯੋਜਨਾ ਅਧੀਨ ਕੰਮ ਕਰਨ ਦੇ ਦਮਗਜੇ ਮਾਰ ਰਹੇ ਹਨ। ਚਲਦੀ ਪ੍ਰੈਸ ਕਾਨਫਰੰਸ ਦੌਰਾਨ ਨਾਈਜਲ ਨੇ ਰਿਫ਼ਾਰਮ ਪਾਰਟੀ ਦੇ ਚੇਅਰਪਰਸਨ ਜ਼ੀਆ ਯੂਸਫ਼ ਨੂੰ ਸਵਾਲ ਕਰ ਦਿਤਾ ਕਿ ਕਿ ਕੀ 5-6 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਸਕਦੈ ਤਾਂ ਉਨ੍ਹਾਂ ਨੇ ਉਤਸ਼ਾਹ ਭਰੇ ਅੰਦਾਜ਼ ਵਿਚ ਕਿਹਾ ਕਿ ਬਿਲਕੁਲ, ਇਹ ਟੀਚਾ ਹਾਸਲ ਕਰਨਾ ਔਖਾ ਨਹੀਂ। ਯੂਸਫ਼ ਨੇ ਦਾਅਵਾ ਕੀਤਾ ਕਿ 6 ਲੱਖ 50 ਹਜ਼ਾਰ ਪ੍ਰਵਾਸੀ ਗੈਰਕਾਨੂੰਨੀ ਤਰੀਕੇ ਨਾਲ ਯੂ.ਕੇ. ਵਿਚ ਰਹਿ ਰਹੇ ਹਨ ਜਿਨ੍ਹਾਂ ਨੂੰ ਜਲਦ ਤੋਂ ਜਲਦ ਕੱਢਣਾ ਲਾਜ਼ਮੀ ਹੈ। ਨਾਈਜਲ ਫੈਰਾਜ ਵੱਲੋਂ ਆਸਟ੍ਰੇਲੀਅਨ ਨੀਤੀਆਂ ਦੀ ਮਿਸਾਲ ਪੇਸ਼ ਕੀਤੀ ਗਈ ਜਿਨ੍ਹਾਂ ਤਹਿਤ ਵੱਡੇ ਪੱਧਰ ’ਤੇ ਡਿਪੋਰਟੇਸ਼ਨ ਕਰਨ ਮਗਰੋਂ ਨਾਜਾਇਜ਼ ਤਰੀਕੇ ਨਾਲ ਆਉਣ ਵਾਲਿਆਂ ਦੇ ਹੌਸਲੇ ਪਸਤ ਹੋ ਜਾਂਦੇ ਹਨ।

ਟਰੰਪ ਦੇ ਰਾਹ ਤੁਰ ਰਹੇ ਰਿਫ਼ਾਰਮ ਪਾਰਟੀ ਦੇ ਆਗੂ

ਉਧਰ ਸੱਤਾਧਾਰੀ ਲੇਬਰ ਪਾਰਟੀ ਦਾ ਮੰਨਣਾ ਹੈ ਕਿ ਐਨੇ ਵੱਡੇ ਪੱਧਰ ਡਿਪੋਰਟੇਸ਼ਨ ਸੰਭਵ ਨਹੀਂ ਅਤੇ ਨਾਈਜਲ ਫੈਰਾਜ ਹਵਾ ਵਿਚ ਤੀਰ ਚਲਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਇਕ ਸਾਲ ਦੌਰਾਨ ਸਵਾ ਲੱਖ ਵਿਦੇਸ਼ੀ ਨਾਗਰਿਕਾਂ ਨੇ ਯੂ.ਕੇ. ਵਿਚ ਅਸਾਇਲਮ ਮੰਗਿਆ ਅਤੇ ਯੂ.ਕੇ. ਵਿਚ ਫੜੇ ਗਏ ਭਾਰਤੀਆਂ ਦੀ ਗਿਣਤੀ ਵਿਚ 108 ਫੀ ਸਦੀ ਵਾਧਾ ਦਸਿਆ ਜਾ ਰਿਹਾ ਹੈ। ਇੰਮੀਗ੍ਰੇਸ਼ਨ ਵਿਭਾਗ ਵੱਲੋਂ ਵਰਕ ਵੀਜ਼ਾ ਅਤੇ ਸਟੱਡੀ ਵੀਜ਼ਾ ਵਰਗੀਆਂ ਸ਼੍ਰੇਣੀਆਂ ਵਿਚ 4 ਲੱਖ ਦੀ ਵੱਡੀ ਕਟੌਤੀ ਕੀਤੀ ਜਾ ਚੁੱਕੀ ਹੈ ਅਤੇ ਅਮਰੀਕਾ ਦੀ ਤਰਜ਼ ’ਤੇ ਯੂ.ਕੇ. ਵਿਚ ਵੀ ਗੈਰਕਾਨੂੰਨੀ ਪ੍ਰਵਾਸੀਆਂ ਦਾ ਮਸਲਾ ਬੇਹੱਦ ਭਖਿਆ ਹੋਇਆ ਹੈ।

Next Story
ਤਾਜ਼ਾ ਖਬਰਾਂ
Share it