ਯੂ.ਕੇ. : ਸਿੱਖ ਮੁਟਿਆਰ ਨਾਲ ਜਬਰ-ਜਨਾਹ ਮਾਮਲੇ ਵਿਚ ਇਕ ਗ੍ਰਿਫ਼ਤਾਰ
ਯੂ.ਕੇ. ਵਿਚ ਸਿੱਖ ਮੁਟਿਆਰ ਨਾਲ ਬਲਾਤਕਾਰ ਮਾਮਲੇ ਦੀ ਪੜਤਾਲ ਕਰ ਰਹੀ ਵੈਸਟ ਮਿਡਲੈਂਡਜ਼ ਪੁਲਿਸ ਵੱਲੋਂ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ

By : Upjit Singh
ਲੰਡਨ : ਯੂ.ਕੇ. ਵਿਚ ਸਿੱਖ ਮੁਟਿਆਰ ਨਾਲ ਬਲਾਤਕਾਰ ਮਾਮਲੇ ਦੀ ਪੜਤਾਲ ਕਰ ਰਹੀ ਵੈਸਟ ਮਿਡਲੈਂਡਜ਼ ਪੁਲਿਸ ਵੱਲੋਂ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਐਤਵਾਰ ਸ਼ਾਮ 30-35 ਸਾਲ ਦੇ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਜਿਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਿੱਖ ਭਾਈਚਾਰੇ ਨੇ ਸਮੈਦਿਕ ਦੇ ਗੁਰਦਵਾਰਾ ਸਾਹਿਬ ਦੇ ਬਾਹਰ ਵੱਡਾ ਇਕੱਠ ਕਰਦਿਆਂ ਗੋਰਿਆਂ ਨੂੰ ਚੇਤੇ ਕਰਵਾਇਆ ਕਿ ਪਹਿਲੀ ਅਤੇ ਦੂਜੀ ਆਲਮੀ ਜੰਗ ਵਿਚ ਸਿੱਖਾਂ ਨੇ ਆਪਣੀਆਂ ਜਾਨ ਕੁਰਬਾਨ ਕੀਤੀਆਂ ਅਤੇ ਯੂ.ਕੇ. ਨੂੰ ਨਾਜ਼ੀ ਹਮਲਿਆਂ ਤੋਂ ਬਚਾਇਆ ਪਰ ਹੁਣ ਫਰਜ਼ੀ ਦੇਸ਼ ਭਗਤੀ ਜਾਂ ਰਾਸ਼ਟਰਵਾਦ ਦੇ ਨਾਂ ’ਤੇ ਸਿੱਖਾਂ ਨੂੰ ਆਪਣੇ ਮੁਲਕ ਵਾਪਸ ਜਾਣ ਵਾਸਤੇ ਆਖਿਆ ਜਾ ਰਿਹਾ ਹੈ।
ਸਿੱਖ ਭਾਈਚਾਰੇ ਵੱਲੋਂ ਗੁਰਦਵਾਰਾ ਸਾਹਿਬ ਦੇ ਬਾਹਰ ਵੱਡਾ ਇਕੱਠ
ਇਕੱਠ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਯੂ.ਕੇ. ਦੀ ਤਰੱਕੀ ਵਿਚ ਸਿੱਖਾਂ ਨੇ ਹਰ ਪੱਖੋਂ ਯੋਗਦਾਨ ਪਾਇਆ ਅਤੇ ਸਿਰਫ਼ ਚਮੜੀ ਦੇ ਰੰਗ ਨੂੰ ਆਧਾਰ ਬਣਾ ਕੇ ਮੁਲਕ ਪ੍ਰਤੀ ਵਫ਼ਾਦਾਰੀ ਤੈਅ ਨਹੀਂ ਕੀਤੀ ਜਾ ਸਕਦੀ। ਇਥੇ ਦਸਣਾ ਬਣਦਾ ਹੈ ਕਿ ਪੀੜਤ ਮੁਟਿਆਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਸਿੱਖ ਯੂਥ ਯੂ.ਕੇ. ਰਾਹੀਂ ਉਸ ਵੱਲੋਂ ਆਪਣਾ ਬਿਆਨ ਸਾਂਝਾ ਕੀਤਾ ਗਿਆ ਹੈ। ਸਿੱਖ ਮੁਟਿਆਰ ਨਾਲ ਜਬਰ-ਜਨਾਹ ਕਰਨ ਵਾਲੇ ਗੋਰਿਆਂ ਨੇ ਉਸ ਨੂੰ ਆਪਣੇ ਮੁਲਕ ਵਾਪਸ ਜਾਣ ਵਾਸਤੇ ਆਖਿਆ ਸੀ ਅਤੇ ਪੁਲਿਸ ਨਸਲੀ ਨਫ਼ਰਤ ਦੇ ਨਜ਼ਰੀਏ ਤੋਂ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ। ਇਸੇ ਦੌਰਾਨ ਚੀਫ਼ ਸੁਪਰਡੈਂਟ ਕਿਮ ਮੈਡਿਲ ਨੇ ਸ਼ੱਕੀ ਦੀ ਗ੍ਰਿਫ਼ਤਾਰੀ ਮਗਰੋਂ ਕਮਿਊਨਿਟੀ ਤੋਂ ਮਿਲੇ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ।
ਪਹਿਲੀ ਅਤੇ ਦੂਜੀ ਆਲਮੀ ਜੰਗ ਦੀਆਂ ਕੁਰਬਾਨੀਆਂ ਚੇਤੇ ਕਰਵਾਈਆਂ
ਮੈਡਿਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਾਮਲੇ ਬਾਰੇ ਗੈਰਜ਼ਰੂਰੀ ਕਿਆਸੇ ਨਾ ਲਾਏ ਜਾਣ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਦੂਜਾ ਸ਼ੱਕੀ ਵੀ ਜਲਦ ਹਿਰਾਸਤ ਵਿਚ ਹੋਵੇਗਾ। ਦੱਸ ਦੇਈਏ ਕਿ ਨਾਈਜਲ ਫੈਰਾਜ ਵਰਗੇ ਸਿਆਸਤਦਾਨਾਂ ਵੱਲੋਂ ਸੱਤਾ ਵਿਚ ਆਉਣ ’ਤੇ 6 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਸਥਾਨਕ ਨੌਜਵਾਨਾਂ ਅੰਦਰ ਪ੍ਰਵਾਸੀਆਂ ਪ੍ਰਤੀ ਗੁੱਸ ਪੈਦਾ ਕੀਤਾ ਜਾ ਰਿਹਾ ਹੈ। ਇਸੇ ਗੁੱਸੇ ਦਾ ਇਜ਼ਹਾਰ ਕਰਦਿਆਂ ਯੂ.ਕੇ. ਵਿਚ ਬੀਤੇ ਦਿਨ ਵੱਡੇ ਪੱਧਰ ’ਤੇ ਰੋਸ ਵਿਖਾਵੇ ਹੋਏ।


