ਯੂ.ਕੇ. ’ਚੋਂ ਵੀ ਮੁੱਕਿਆ ਸੈਂਕੜੇ ਪੰਜਾਬੀਆਂ ਦਾ ਦਾਣਾ-ਪਾਣੀ
ਅਮਰੀਕਾ ਤੋਂ ਬਾਅਦ ਯੂ.ਕੇ. ਵਿਚੋਂ ਵੀ ਸੈਂਕੜੇ ਭਾਰਤੀਆਂ ਦਾ ਦਾਣਾ-ਪਾਣੀ ਮੁੱਕ ਗਿਆ ਜਿਨ੍ਹਾਂ ਨੂੰ ਫੜ ਕੇ ਡਿਪੋਰਟ ਕੀਤਾ ਜਾ ਰਿਹਾ ਹੈ।

By : Upjit Singh
ਲੰਡਨ : ਅਮਰੀਕਾ ਤੋਂ ਬਾਅਦ ਯੂ.ਕੇ. ਵਿਚੋਂ ਵੀ ਸੈਂਕੜੇ ਭਾਰਤੀਆਂ ਦਾ ਦਾਣਾ-ਪਾਣੀ ਮੁੱਕ ਗਿਆ ਜਿਨ੍ਹਾਂ ਨੂੰ ਫੜ ਕੇ ਡਿਪੋਰਟ ਕੀਤਾ ਜਾ ਰਿਹਾ ਹੈ। ਯੂ.ਕੇ. ਦੀਆਂ ਇੰਮੀਗ੍ਰੇਸ਼ਨ ਐਨਫ਼ੋਰਸਮੈਂਟ ਟੀਮਾਂ ਨੇ ਵੱਖ ਵੱਖ ਥਾਵਾਂ ’ਤੇ ਛਾਪੇ ਮਾਰਦਿਆਂ 1,780 ਪ੍ਰਵਾਸੀਆਂ ਨੂੰ ਘੇਰਿਆ ਜਿਨ੍ਹਾਂ ਵਿਚੋਂ 280 ਅਣਅਧਿਕਾਰਤ ਤੌਰ ’ਤੇ ਕੰਮ ਕਰ ਰਹੇ ਸਨ। ਗ੍ਰਹਿ ਵਿਭਾਗ ਦੇ ਅੰਕੜਿਆਂ ਮੁਤਾਬਕ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵੈਸਟ ਲੰਡਨ ਦੇ ਹਿÇਲੰਗਡਨ ਇਲਾਕੇ ਵਿਚ ਛਾਪੇ ਦੌਰਾਨ ਸੱਤ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਰਿਪੋਰਟ ਹੈ ਅਤੇ ਇਸੇ ਤਰੀਕੇ ਨਾਲ ਹੋਰਨਾਂ ਥਾਵਾਂ ’ਤੇ ਵੀ ਗ੍ਰਿਫ਼ਤਾਰੀਆਂ ਹੋਈਆਂ।
ਇੰਮੀਗ੍ਰੇਸ਼ਨ ਵਾਲਿਆਂ ਨੇ ਛਾਪਿਆਂ ਦੌਰਾਨ ਕਾਬੂ ਕੀਤੇ ਪ੍ਰਵਾਸੀ
ਉਧਰ ਯੂ.ਕੇ. ਦੀ ਬਾਰਡਰ ਸੁਰੱਖਿਆ ਅਤੇ ਅਸਾਇਲਮ ਮਾਮਲਿਆਂ ਬਾਰੇ ਮੰਤਰੀ ਡੇਮ ਐਂਜਲਾ ਈਗਲ ਨੇ ਕਿਹਾ ਕਿ ਗੈਰਕਾਨੂੰਨੀ ਤਰੀਕੇ ਨਾਲ ਮੁਲਕ ਵਿਚ ਕੰਮ ਰਹੇ ਪ੍ਰਵਾਸੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜਿਹੜੇ ਲੋਕ ਸੋਚਦੇ ਹਨ ਕਿ ਇੰਮੀਗ੍ਰੇਸ਼ਨ ਛਾਪਿਆਂ ਤੋਂ ਬਚ ਜਾਣਗੇ ਤਾਂ ਉਹ ਕਿਸੇ ਗਲਤਫਹਿਮੀ ਵਿਚ ਹਨ। ਅਪ੍ਰੇਸ਼ਨ ਇਕੁਅਲਾਈਜ਼ ਅਧੀਨ ਕੀਤੀ ਗਈ ਕਾਰਵਾਈ ਮਗਰੋਂ ਯੂ.ਕੇ. ਦੇ ਗ੍ਰਹਿ ਵਿਭਾਗ ਨੇ ਕਿਹਾ ਕਿ 53 ਜਣਿਆਂ ਦੀਆਂ ਅਸਾਇਲਮ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਕਤਾਰ ਲਗਾਤਾਰ ਲੰਮੀ ਹੋ ਸਕਦੀ ਹੈ। ਸਿਰਫ਼ ਐਨਾ ਹੀ ਨਹੀਂ ਇੰਮੀਗ੍ਰੇਸ਼ਨ ਧੋਖਾਧੜੀ ਰਾਹੀਂ ਫੂਡ ਡਿਲੀਵਰੀ ਕਰਦਿਆਂ ਫੜੇ ਗਏ ਪ੍ਰਵਾਸੀਆਂ ਨੂੰ ਸਿੱਧੇ ਤੌਰ ’ਤੇ ਡਿਪੋਰਟ ਕਰ ਦਿਤਾ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਡੌਨਲਡ ਟਰੰਪ ਵੱਲੋਂ ਇੰਮੀਗ੍ਰੇਸ਼ਨ ਛਾਪਿਆਂ ਲਈ ਵਾਧੂ ਫੰਡਜ਼ ਦਿਤੇ ਜਾਣ ਦੀ ਤਰਜ਼ ’ਤੇ ਯੂ.ਕੇ. ਦੀਆਂ ਇੰਮੀਗ੍ਰੇਸ਼ਨ ਐਨਫੋਰਸਮੈਂਟ ਟੀਮਾਂ ਨੂੰ 5 ਮਿਲੀਅਨ ਪਾਊਂਡ ਦੀ ਵਾਧੂ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਯੂ.ਕੇ. ਦੇ ਗ੍ਰਹਿ ਵਿਭਾਗ ਵਿਚ ਡਾਇਰੈਕਟਰ ਐਨਫ਼ੋਰਸਮੈਂਟ ਐਡੀ ਮੌਂਟਗੌਮਰੀ ਦਾ ਕਹਿਣਾ ਸੀ ਕਿ ਮੁਲਕ ਵਿਚ ਗੈਰਕਾਨੂੰਨੀ ਤੌਰ ’ਤੇ ਮੌਜੂਦ ਲੋਕਾਂ ਵਿਰੁੱਧ ਕਾਰਵਾਈ ਤੇਜ਼ ਕੀਤੀ ਗਈ ਹੈ ਅਤੇ ਵਿਭਾਗ ਦੀਆਂ ਟੀਮਾਂ 24 ਘੰਟੇ ਛਾਪੇ ਮਾਰਨ ਦਾ ਕੰਮ ਕਰ ਰਹੀਆਂ ਹਨ। ਇਸ ਕੰਮ ਵਿਚ ਪੁਲਿਸ ਤੋਂ ਵੀ ਸਹਿਯੋਗ ਮਿਲ ਰਿਹਾ ਹੈ ਅਤੇ ਇਕ ਹਫ਼ਤੇ ਦੌਰਾਨ 71 ਗੱਡੀਆਂ ਜ਼ਬਤ ਕੀਤੀਆਂ ਗਈਆਂ।
ਅਸਾਇਲਮ ਅਰਜ਼ੀਆਂ ਰੱਦ ਦੀ ਰਫ਼ਤਾਰ ਵੀ ਹੋਈ ਤੇਜ਼
ਨਾਜਾਇਜ਼ ਪ੍ਰਵਾਸ ਸਿਰਫ਼ ਯੂ.ਕੇ. ਹੀ ਨਹੀਂ ਪੂਰੇ ਯੂਰਪ ਵਿਚ ਵੱਡਾ ਮਸਲਾ ਬਣ ਚੁੱਕਾ ਹੈ ਅਤੇ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਨਾਲ ਸਖ਼ਤੀ ਲਾਜ਼ਮੀ ਹੋ ਚੁੱਕੀ ਹੈ। ਦੱਸ ਦੇਈਏ ਕਿ ਯੂ.ਕੇ. ਸਰਕਾਰ ਵੱਲੋਂ ਕਿਸ਼ਤੀਆਂ ਰਾਹੀਂ ਆਉਣ ਵਾਲੇ ਪ੍ਰਵਾਸੀਆਂ ਨੂੰ ਫਰਾਂਸ ਵਾਪਸ ਭੇਜਣ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ। ਯੂ.ਕੇ. ਦੇ ਪ੍ਰਧਾਨ ਮੰਤਰੀ ਕਿਅਰ ਸਟਾਰਮਰ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੌਂ ਵੱਲੋਂ ‘ਵੰਨ ਇਨ-ਵੰਨ ਆਊਟ’ ਪਾਇਲਟ ਪ੍ਰੋਗਰਾਮ ਆਰੰਭਿਆ ਗਿਆ ਹੈ। ਬਰਤਾਨੀਆ ਵਿਚ ਮੌਜੂਦਾ ਵਰ੍ਹੇ ਦੌਰਾਨ ਛੋਟੀਆਂ ਕਿਸ਼ਤੀਆਂ ਰਾਹੀਂ 25 ਹਜ਼ਾਰ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਦਾਖਲ ਹੋ ਚੁੱਕੇ ਹਨ ਅਤੇ ਸਟਾਰਮਰ ਨੇ ਦਾਅਵਾ ਕੀਤਾ ਹੈ ਕਿ ਮਨੁੱਖੀ ਤਸਕਰਾਂ ਦੇ ਗਿਰੋਹਾਂ ਦਾ ਪਰਦਾ ਫਾਸ਼ ਕਰਦਿਆਂ ਇਸ ਰੁਝਾਨ ਨੂੰ ਬੰਦ ਕੀਤਾ ਜਾਵੇਗਾ।


