ਯੂ.ਕੇ. ਸਰਕਾਰ ਨੇ ਸਿੱਖਾਂ ਤੋਂ ਮੰਗੀ ਮੁਆਫ਼ੀ
ਯੂ.ਕੇ. ਸਰਕਾਰ ਵੱਲੋਂ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਸ਼ਤਿਹਾਰ ਨੂੰ ਵਾਪਸ ਲੈਂਦਿਆਂ ਮੁਆਫ਼ੀ ਮੰਗੀ ਗਈ ਹੈ।
By : Upjit Singh
ਲੰਡਨ : ਯੂ.ਕੇ. ਸਰਕਾਰ ਵੱਲੋਂ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਸ਼ਤਿਹਾਰ ਨੂੰ ਵਾਪਸ ਲੈਂਦਿਆਂ ਮੁਆਫ਼ੀ ਮੰਗੀ ਗਈ ਹੈ। ਯੂ.ਕੇ. ਦੀ ਨੈਸ਼ਨਲ ਹੈਲਥ ਸਰਵਿਸ ਵੱਲੋਂ ਪਿਛਲੇ ਦਿਨੀਂ ਤੰਬਾਕੂ ਛੱਡਣ ਦੀ ਅਪੀਲ ਕਰਦਾ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਜਿਸ ਵਿਚ ਵੱਖ ਵੱਖ ਸਭਿਆਚਾਰਕ ਪਿਛੋਕੜ ਵਾਲੇ ਲੋਕਾਂ ਦੀਆਂ ਤਸਵੀਰਾਂ ਨਾਲ ਇਕ ਸਿੱਖ ਨੌਜਵਾਨ ਦੀ ਤਸਵੀਰ ਵੀ ਜਾਰੀ ਕੀਤੀ ਗਈ ਪਰ ਮੁਲਕ ਵਿਚ ਵਸਦੇ ਭਾਈਚਾਰੇ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ। ਸਿੱਖ ਨੌਜਵਾਨ ਦੀ ਤਸਵੀਰ ਵਾਲਾ ਇਸ਼ਤਿਹਾਰ ਨੈਸ਼ਨਲ ਹੈਲਥ ਸਰਵਿਸ ਦੀ ਵੈਬਸਾਈਟ ਤੋਂ ਹਟਾ ਦਿਤਾ ਗਿਆ ਹੈ। ਯੂ.ਕੇ. ਦੀਆਂ ਸਿੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹੈਲਥ ਸਰਵਿਸ ਨੂੰ ਰਹਿਤ ਮਰਿਆਦਾ ਬਾਰੇ ਦੱਸਿਆ ਗਿਆ ਜਿਸ ਤਹਿਤ ਤੰਬਾਕੂ ਅਤੇ ਹੋਰ ਨਸ਼ਿਆਂ ਦੀ ਸਖ਼ਤ ਮਨਾਹੀ ਹੈ।
ਤੰਬਾਕੂ ਛੱਡਣ ਦੀ ਅਪੀਲ ਕਰਦੇ ਇਸ਼ਤਿਹਾਰ ਵਿਚ ਛਾਪੀ ਸੀ ਸਿੱਖ ਦੀ ਤਸਵੀਰ
ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਮੁਤਾਬਕ ਬਗੈਰ ਕਿਸੇ ਬਿਮਾਰੀ ਦੇ ਇਲਾਜ ਤੋਂ ਵਰਤਿਆ ਮਨ ਨੂੰ ਡਾਵਾਂਡੋਲ ਕਰਨ ਵਾਲਾ ਪਦਾਰਥ ਮਨੁੱਖ ਨੂੰ ਪ੍ਰਮਾਤਮਾ ਤੋਂ ਦੂਰ ਕਰਦਾ ਹੈ। ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਇਹ ਮਸਲਾ ਉਠਾਏ ਜਾਣ ’ਤੇ ਯੂ.ਕੇ. ਦੇ ਸਿਹਤ ਮੰਤਰੀ ਵੈਜ਼ ਸਟ੍ਰੀਟਿੰਗ ਵੱਲੋਂ ਇਸ਼ਤਿਹਾਰ ਨੂੰ ਗੈਰਵਾਜਬ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਰਾਰ ਦਿਤਾ ਗਿਆ। ਇਲਫਰਡ ਨੌਰਥ ਤੋਂ ਐਮ.ਪੀ. ਵੈਜ਼ ਸਟ੍ਰੀਟਿੰਗ ਨੇ ਕਿਹਾ ਕਿ ਉਹ ਐਨੀ ਵੱਡੀ ਗਲਤੀ ਦੇ ਕਾਰਨਾਂ ਦੀ ਘੋਖ ਕਰਨਗੇ ਤਾਂਕਿ ਭਵਿੱਖ ਅਜਿਹੀ ਕੋਤਾਹੀ ਦੁਬਾਰਾ ਨਾ ਹੋ ਸਕੇ। ਇਸੇ ਦੌਰਾਨ ਸਿੱਖ ਐਜੁਕੇਸ਼ਨ ਕੌਂਸਲ ਦੇ ਹਰਵਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਨੈਸ਼ਨਲ ਹੈਲਥ ਸਰਵਿਸ ਅਤੇ ਸਰਕਾਰ ਦੇ ਹੋਰ ਮਹਿਕਮੇ ਇਸ ਗਲਤੀ ਤੋਂ ਸਬਕ ਸਿੱਖਣਗੇ। ਹਰਵਿੰਦਰ ਸਿੰਘ ਨੇ ਮੰਨਿਆ ਕਿ ਸੰਭਾਵਤ ਤੌਰ ’ਤੇ ਕੁਝ ਸਿੱਖ ਤੰਬਾਕੂਨੋਸ਼ੀ ਕਰਦੇ ਹੋਣਗੇ ਪਰ ਇਕ ਦਸਤਾਰਧਾਰੀ ਨੌਜਵਾਨ ਨੂੰ ਉਨ੍ਹਾਂ ਨਾਲ ਜੋੜਨਾ ਵੱਡੀ ਗਿਣਤੀ ਵਿਚ ਇਸ ਨਸ਼ੇ ਤੋਂ ਦੂਰ ਲੋਕਾਂ ਨਾਲ ਨਾਇਨਸਾਫ਼ੀ ਹੈ।
ਸਿੱਖਾਂ ਦੇ ਤਿੱਖੇ ਵਿਰੋਧ ਮਗਰੋਂ ਐਨ.ਐਚ. ਐਸ. ਦੀ ਵੈਬਸਾਈਟ ਤੋਂ ਤਸਵੀਰ ਹਟਾਈ
ਇਸੇ ਦੌਰਾਨ ਹੈਲਥ ਐਂਡ ਸੋਸ਼ਲ ਕੇਅਰ ਡਿਪਾਰਟਮੈਂਟ ਦੇ ਇਕ ਬੁਲਾਰੇ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਬੰਦ ਕਰਨ ਦਾ ਸੱਦਾ ਦਿੰਦੇ ਇਸ਼ਤਿਹਾਰ ਵਿਚ ਸਿੱਖ ਨੌਜਵਾਨ ਦੀ ਤਸਵੀਰ ਗਲਤੀ ਨਾਲ ਆ ਗਈ ਅਤੇ ਵਿਭਾਗ ਇਸ ਵਾਸਤੇ ਮੁਆਫ਼ੀ ਚਾਹੁੰਦਾ ਹੈ। ਹੈਲਥ ਐਂਡ ਸੋਸ਼ਲ ਕੇਅਰ ਡਿਪਾਰਟਮੈਂਟ ਵੱਲੋਂ ਇਹ ਤਸਵੀਰ ਹਟਾ ਦਿਤੀ ਗਈ ਹੈ ਅਤੇ ਤਾਜ਼ਾ ਘਟਨਾਕ੍ਰਮ ਦੇ ਮੱਦੇਨਜ਼ਰ ਪ੍ਰਕਾਸ਼ਤ ਜਾਂ ਪ੍ਰਸਾਰਤ ਕੀਤੀ ਜਾਣ ਵਾਲੀ ਸਮੱਗਰੀ ਸਾਵਧਾਨੀ ਨਾਲ ਚੁਣਨ ਦੀ ਪ੍ਰਕਿਰਿਆ ਲਾਗੂ ਕੀਤੀ ਜਾ ਰਹੀ ਹੈ।