ਯੂ.ਕੇ. : 2 ਪੰਜਾਬੀ ਕਤਲ ਦੇ ਦੋਸ਼ੀ ਠਹਿਰਾਏ
ਯੂ.ਕੇ. ਵਿਚ ਪੰਜਾਬੀ ਨੌਜਵਾਨ ਦਾ ਚਲਦੀ ਸੜਕ ’ਤੇ ਕਤਲ ਕਰਨ ਦੇ ਮਾਮਲੇ ਵਿਚ ਮਹਿਕਦੀਪ ਸਿੰਘ ਅਤੇ ਸਹਿਜਪਾਲ ਸਿੰਘ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ

ਲੰਡਨ : ਯੂ.ਕੇ. ਵਿਚ ਪੰਜਾਬੀ ਨੌਜਵਾਨ ਦਾ ਚਲਦੀ ਸੜਕ ’ਤੇ ਕਤਲ ਕਰਨ ਦੇ ਮਾਮਲੇ ਵਿਚ ਮਹਿਕਦੀਪ ਸਿੰਘ ਅਤੇ ਸਹਿਜਪਾਲ ਸਿੰਘ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ ਜਿਨ੍ਹਾਂ ਨੂੰ ਸਜ਼ਾ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਰਸ਼ਦੀਪ ਸਿੰਘ, ਜਗਦੀਪ ਸਿੰਘ, ਸ਼ਿਵਦੀਪ ਸਿੰਘ ਅਤੇ ਮਨਜੋਤ ਸਿੰਘ ਨੂੰ 28-28 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਜਦਕਿ ਸੁਖਮਨਦੀਪ ਸਿੰਘ ਨੂੰ ਹਮਲੇ ਦੌਰਾਨ ਮਦਦ ਕਰਨ ਦੇ ਦੋਸ਼ ਹੇਠ 10 ਸਾਲ ਵਾਸਤੇ ਜੇਲ ਭੇਜਿਆ ਗਿਆ। ਸਟੈਫਰਡ ਕ੍ਰਾਊਨ ਕੋਰਟ ਵਿਚ ਤਿੰਨ ਹਫ਼ਤੇ ਤੱਕ ਚੱਲੇ ਮੁਕੱਦਮੇ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ 23 ਸਾਲ ਦੇ ਅਰਮਾਨ ਸਿੰਘ ਦੇ ਸਿਰ ਉਤੇ ਕੁਹਾੜੀ ਨਾਲ ਐਨੇ ਵਾਰ ਕੀਤੇ ਗਏ ਕਿ ਉਸ ਦਾ ਦਿਮਾਗ ਬਾਹਰ ਆ ਗਿਆ।
ਮਹਿਕਦੀਪ ਅਤੇ ਸਜਿਜਪਾਲ ਵਜੋਂ ਹੋਈ ਸ਼ਨਾਖਤ
ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਹਮਲਾ ਐਨਾ ਖ਼ਤਰਨਾਕ ਸਾਬਤ ਹੋਇਆ ਕਿ ਅਰਮਾਨ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ। ਅਰਮਾਨ ਸਿੰਘ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਕੌਟਨ ਇਲਾਕੇ ਵਿਚ ਡਿਲੀਵਰੀ ਕਰ ਰਿਹਾ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਸੱਤ ਜਣਿਆਂ ਨੂੰ ਦੋਸ਼ੀ ਕਰਾਰ ਦਿਤੇ ਜਾਣ ਦੇ ਬਾਵਜੂਦ ਹੁਣ ਤੱਕ ਅਰਮਾਨ ਸਿੰਘ ਦੇ ਕਤਲ ਦਾ ਅਸਲ ਮਕਸਦ ਸਾਹਮਣੇ ਨਹੀਂ ਆ ਸਕਿਆ। ਅਰਮਾਨ ਸਿੰਘ ਉਤੇ ਹਮਲਾ ਕਰਨ ਮਗਰੋਂ ਸ਼ੱਕੀ ਆਪਣੀਆਂ ਗੱਡੀਆਂ ਵਿਚੋਂ ਫਰਾਰ ਹੋ ਗਏ ਅਤੇ ਵਰਤੇ ਹਥਿਆਰਾਂ ਨੂੰ ਹਬਰਟ ਵੇਅ ਨੇੜੇ ਸੁੰਨਸਾਨ ਇਲਾਕੇ ਵਿਚ ਸੁੱਟ ਦਿਤਾ। ਮਹਿਕਦੀਪ ਅਤੇ ਸਹਿਜਪਾਲ ਵੱਲੋਂ ਫਰਾਰ ਹੋਣ ਵਾਸਤੇ ਵਰਤੀ ਮਰਸਡੀਜ਼ ਕਾਰ ਸ਼ਰੂਜ਼ਬਰੀ ਵਿਖੇ ਕਾਇਨੈਸਟਨ ਰੋਡ ’ਤੇ ਲਾਵਾਰਿਸ ਖੜ੍ਹੀ ਮਿਲੀ। ਦੋਵੇਂ ਜਣੇ ਟੈਕਸੀ ਵਿਚ ਬੈਠ ਕੇ ਸ਼ਰੂਜ਼ਬਰੀ ਰੇਲਵੇ ਸਟੇਸ਼ਨ ’ਤੇ ਪੁੱਜੇ ਅਤੇ ਵੂਲਵਰਹੈਂਪਟਨ ਜਾਣ ਵਾਲੀ ਗੱਡੀ ਵਿਚ ਬੈਠ ਗਏ। ਇਸ ਮਗਰੋਂ ਉਨ੍ਹਾਂ ਦੇ ਆਸਟਰੀਆ ਫ਼ਰਾਰ ਹੋਣ ਦੀ ਰਿਪੋਰਟ ਆਈ। ਇਥੇ ਦਸਣਾ ਬਣਦਾ ਹੈ ਕਿ ਅਰਮਾਨ ਸਿੰਘ ਉਤੇ 21 ਅਗਸਤ 2023 ਨੂੰ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ, ਹਾਕੀਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਗਿਆ। ਪੱਛਮੀ ਇੰਗਲੈਂਡ ਦੇ ਸ਼ਰੂਜ਼ਬਰੀ ਸ਼ਹਿਰ ਵਿਚ ਹੋਈ ਵਾਰਦਾਤ ਮਗਰੋਂ ਪੁਲਿਸ ਨੇ ਪੜਤਾਲ ਆਰੰਭੀ ਤਾਂ ਪਤਾ ਲੱਗਾ ਕਿ ਦੋ ਗੱਡੀਆਂ ਵਿਚ ਸਵਾਰ 8 ਨਕਾਬਪੋਸ਼ ਹਮਲਾਵਰਾਂ ਨੇ ਅਰਮਾਨ ਸਿੰਘ ਨੂੰ ਘੇਰ ਲਿਆ ਜਿਨ੍ਹਾਂ ਕੋਲ ਖਤਰਨਾਕ ਹਥਿਆਰ ਸਨ। ਪੋਸਟਮਾਰਟਮ ਰਿਪੋਰਟ ਮੁਤਾਬਕ ਅਰਮਾਨ ਦੇ ਸਿਰ ਵਿਚ ਕਈ ਫ੍ਰੈਕਚਰ ਸਾਹਮਣੇ ਆਏ। ਇਸ ਤੋਂ ਇਲਾਵਾ ਲੋਹੇ ਦੀ ਰੌਡ ਅਤੇ ਹਾਕੀ ਨਾਲ ਵੀ ਹਮਲਾ ਹੋਇਆ ਜਦਕਿ ਪਿੱਠ ਵਿਚ ਛੁਰਾ ਮਾਰਿਆ ਗਿਆ। ਸਰਕਾਰੀ ਵਕੀਲ ਨੇ ਕਿਹਾ ਕਿ ਕਤਲ ਸਾਬਤ ਕਰਨ ਲਈ ਇਹ ਲਾਜ਼ਮੀ ਨਹੀਂ ਕਿ ਇਸ ਦਾ ਮਕਸਦ ਵੀ ਸਾਬਤ ਕੀਤਾ ਜਾਵੇ ਅਤੇ ਨਾ ਹੀ ਇਹ ਚੀਜ਼ ਸਾਬਤ ਕਰਨ ਦੀ ਜ਼ਰੂਰਤ ਹੈ ਕਿ ਵਾਰਦਾਤ ਕਿਉਂ ਹੋਈ। ਜ਼ਾਲਮਾਨਾ ਤਰੀਕੇ ਨਾਲ ਕੀਤੇ ਗਏ ਇਸ ਕਤਲ ਦੇ ਦੋਸ਼ੀਆਂ ਨੂੰ ਹਰ ਹਾਲਤ ਵਿਚ ਸਜ਼ਾ ਹੋਣੀ ਚਾਹੀਦੀ ਸੀ।
ਅਗਸਤ 2023 ਵਿਚ ਹੋਈ ਸੀ ਅਰਮਾਨ ਸਿੰਘ ਦੀ ਹੱਤਿਆ
ਵਾਰਦਾਤ ਵਾਲੀ ਥਾਂ ਨੇੜੇ ਰਹਿੰਦੇ ਇਕ ਪਰਵਾਰ ਨੇ ਦੱਸਿਆ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਇਕ ਗਿਰੋਹ ਦੇ ਮੈਂਬਰ ਲਗਾਤਾਰ ਉਸ ਇਲਾਕੇ ਵਿਚ ਗੇੜੇ ਲਾ ਰਹੇ ਸਨ। ਕੁਝ ਗਵਾਹਾਂ ਮੁਤਾਬਕ ਗਿਰੋਹ ਦੇ ਮੈਂਬਰਾਂ ਕੋਲ ਮਸ਼ੇਟੀ ਅਤੇ ਬੇਸਬਾਲ ਬੈਟ ਸਨ। ਅਰਮਾਨ ਸਿੰਘ ਦੇ ਪਰਵਾਰ ਵੱਲੋਂ ਜਾਰੀ ਦੁਖ ਭਰੇ ਬਿਆਨ ਵਿਚ ਕਿਹਾ ਗਿਆ ਕਿ ਹੁਣ ਇਕ ਮਾਂ ਆਪਣੇ ਪੁੱਤ ਤੋਂ ਬਗੈਰ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੈ ਅਤੇ ਇਕ ਭੈਣ ਨੂੰ ਕਦੇ ਉਸ ਦਾ ਭਰਾ ਨਹੀਂ ਮਿਲ ਸਕੇਗਾ। ਅਸੀਂ ਨਹੀਂ ਚਾਹੁੰਦੇ ਕਿ ਇਹ ਸਭ ਕਿਸੇ ਹੋਰ ਨਾਲ ਵਾਪਰੇ। ਪਰਵਾਰ ਨੇ ਇਸ ਮੁਸ਼ਕਲ ਸਮੇਂ ਦੌਰਾਨ ਪੁਲਿਸ ਵੱਲੋਂ ਨਿਭਾਈ ਜ਼ਿੰਮੇਵਾਰੀ ਦੀ ਸ਼ਲਾਘਾ ਕੀਤੀ। ਉਧਰ ਵੈਸਟ ਮਰਸੀਆ ਪੁਲਿਸ ਦੇ ਡਿਟੈਕਟਿਵ ਚੀਫ਼ ਇੰਸਪੈਕਟਰ ਮਾਰਕ ਬੈਲਮੀ ਨੇ ਕਿਹਾ ਕਿ ਅਰਮਾਨ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਕਾਰਨ ਸਾਹਮਣੇ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਉਹ ਡਿਲੀਵਰੀ ਦਾ ਕੰਮ ਕਰਦਾ ਸੀ ਪਰ ਉਸ ਦੀ ਮੌਤ ਪਿੱਛੇ ਲੁੱਟ ਕੋਈ ਮਕਸਦ ਨਹੀਂ ਹੋ ਸਕਦਾ। ਪੁਲਿਸ ਦਾ ਮੰਨਣਾ ਹੈ ਕਿ ਦੋਸ਼ੀ ਕਰਾਰ ਦਿਤੇ ਲੋਕ ਪਹਿਲਾਂ ਤੋਂ ਅਰਮਾਨ ਸਿੰਘ ਨੂੰ ਜਾਣਦੇ ਸਨ।