Begin typing your search above and press return to search.

ਯੂ.ਕੇ. ਵਿਚ ਲੁਟੇਰੀ ਪੰਜਾਬਣ ਨੂੰ 10 ਸਾਲ ਕੈਦ

ਯੂ.ਕੇ. ਵਿਚ ਦੁਕਾਨਾਂ ਲੁੱਟਣ ਵਾਲੀ ਪੰਜਾਬਣ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 54 ਸਾਲ ਦੀ ਨਰਿੰਦਰ ਕੌਰ ਨੇ ਪੂਰੇ ਮੁਲਕ ਦਾ ਗੇੜਾ ਲਾਉਂਦਿਆਂ 5 ਲੱਖ ਪਾਊਂਡ ਮੁੱਲ ਦਾ ਸਮਾਨ ਦੁਕਾਨਾਂ ਵਿਚੋਂ ਚੋਰੀ ਕੀਤਾ

ਯੂ.ਕੇ. ਵਿਚ ਲੁਟੇਰੀ ਪੰਜਾਬਣ ਨੂੰ 10 ਸਾਲ ਕੈਦ
X

Upjit SinghBy : Upjit Singh

  |  31 July 2024 12:48 PM IST

  • whatsapp
  • Telegram

ਲੰਡਨ : ਯੂ.ਕੇ. ਵਿਚ ਦੁਕਾਨਾਂ ਲੁੱਟਣ ਵਾਲੀ ਪੰਜਾਬਣ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 54 ਸਾਲ ਦੀ ਨਰਿੰਦਰ ਕੌਰ ਨੇ ਪੂਰੇ ਮੁਲਕ ਦਾ ਗੇੜਾ ਲਾਉਂਦਿਆਂ 5 ਲੱਖ ਪਾਊਂਡ ਮੁੱਲ ਦਾ ਸਮਾਨ ਦੁਕਾਨਾਂ ਵਿਚੋਂ ਚੋਰੀ ਕੀਤਾ ਅਤੇ ਇਹ ਸਿਲਸਿਲਾ ਜੁਲਾਈ 2015 ਤੋਂ ਫਰਵਰੀ 2019 ਤੱਕ ਲਗਾਤਾਰ ਚਲਦਾ ਰਿਹਾ। ਗਲੌਸਟਰ ਕ੍ਰਾਊਨ ਕੋਰਟ ਵੱਲੋਂ ਸੁਣਾਏ ਫੈਸਲੇ ਮੁਤਾਬਕ ਨਰਿੰਦਰ ਕੌਰ ਅੱਲ੍ਹੜ ਉਮਰ ਤੋਂ ਹੀ ਗੈਰਕਾਨੂੰਨੀ ਸਰਗਰਮੀਆਂ ਵਿਚ ਸ਼ਾਮਲ ਰਹੀ ਅਤੇ ਚੋਰੀ ਦੀਆਂ ਵਾਰਦਾਤਾਂ ਦੌਰਾਨ ਵੱਡੇ-ਵੱਡੇ ਸਟੋਰਾਂ ਨੂੰ ਨਿਸ਼ਾਨਾ ਬਣਾਇਆ। ਸੀ.ਸੀ.ਟੀ.ਵੀ. ਫੁਟੇਜ ਵਿਚ ਨਰਿੰਦਰ ਕੌਰ ਨੂੰ ਸਟੋਰਾਂ ਤੋਂ ਵੱਖ-ਵੱਖ ਚੀਜ਼ਾਂ ਚੁਕਦਿਆਂ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਦੀ ਕੋਈ ਅਦਾਇਗੀ ਨਹੀਂ ਕੀਤੀ ਗਈ। ਨਰਿੰਦਰ ਕੌਰ ਦੀ ਗ੍ਰਿਫ਼ਤਾਰੀ ਵੇਲੇ ਉਸ ਕੋਲੋਂ ਡੇਢ ਲੱਖ ਪਾਊਂਡ ਨਕਦ ਅਤੇ ਚੋਰੀ ਕੀਤੀਆਂ ਵਸਤਾਂ ਬਰਾਮਦ ਹੋਈਆਂ।

ਦੁਕਾਨਾਂ ਤੋਂ ਚੋਰੀ ਕੀਤਾ 5 ਲੱਖ ਪਾਊਂਡ ਦਾ ਸਮਾਨ

ਮੁਕੱਦਮੇ ਦੀ ਸੁਣਵਾਈ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਨਰਿੰਦਰ ਕੌਰ ਚੋਰੀ ਕਰਨ ਤੋਂ ਪਹਿਲਾਂ ਸਟੋਰ ਵਿਚੋਂ ਕੋਈ ਨਾ ਕੋਈ ਚੀਜ਼ ਖਰੀਦ ਲੈਂਦੀ ਜਿਸ ਨਾਲ ਕਿਸੇ ਨੂੰ ਸ਼ੱਕ ਨਹੀਂ ਸੀ ਹੁੰਦਾ। ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਨਰਿੰਦਰ ਕੌਰ ਨੇ ਸਟੋਰਾਂ ਤੋਂ ਚੋਰੀ ਦੇ ਕੰਮ ਨੂੰ ਫੁੱਲ ਟਾਈਮ ਧੰਦਾ ਬਣਾਇਆ ਹੋਇਆ ਸੀ। ਚੋਰੀ ਕੀਤਾ ਸਮਾਨ ਵਾਪਸ ਕਰਨ ਵੇਲੇ ਨਰਿੰਦਰ ਕੌਰ ਵੱਲੋਂ ਕਥਿਤ ਤੌਰ ’ਤੇ ਨਜ਼ਦੀਕੀ ਰਿਸ਼ਤੇਦਾਰ ਦੇ ਗੰਭੀਰ ਬਿਮਾਰ ਹੋਣ ਵਰਗੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ। ਸਭ ਤੋਂ ਜ਼ਿਆਦਾ ਨੁਕਸਾਨ ਬੂਟਸ ਕੰਪਨੀ ਦਾ ਹੋਇਆ ਅਤੇ ਨਰਿੰਦਰ ਕੌਰ ਨੇ ਕੰਪਨੀ ਦੇ ਸਟੋਰਾਂ ਤੋਂ 60,787 ਪਾਊਂਡ ਮੁੱਲ ਦਾ ਰਿਫੰਡ ਹਾਸਲ ਕੀਤਾ ਜਦਕਿ ਉਸ ਵੱਲੋਂ ਖਰੀਦੇ ਸਮਾਨ ਦੀ ਕੀਮਤ ਸਿਰਫ਼ 5,172 ਪਾਊਂਡ ਬਣਦੀ ਸੀ। ਇਕ ਹੋਰ ਸਟੋਰ ਤੋਂ ਨਰਿੰਦਰ ਕੌਰ ਨੇ 33 ਹਜ਼ਾਰ ਪਾਊਂਡ ਦਾ ਰਿਫੰਡ ਹਾਸਲ ਕੀਤਾ ਜਦਕਿ ਖਰੀਦੀਆਂ ਚੀਜ਼ਾਂ ਦੀ ਕੀਮਤ ਸਿਰਫ 5,290 ਪਾਊਂਡ ਬਣਦੀ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਨਰਿੰਦਰ ਕੌਰ ਉਰਫ ਨੀਨਾ ਥਿਆੜਾ ਵੈਸਟ ਮਿਡਲੈਂਡਜ਼, ਸਾਊਥ ਵੇਲਜ਼ ਅਤੇ ਥੇਮਜ਼ ਵੈਲੀ ਦੇ ਕਈ ਸਟੋਰਾਂ ’ਤੇ ਗਈ ਅਤੇ ਚੋਰੀ ਕੀਤਾ ਸਮਾਨ ਵਾਪਸ ਕਰਦਿਆਂ 23 ਹਜ਼ਾਰ ਪਾਊਂਡ ਦਾ ਰਿਫੰਡ ਹਾਸਲ ਕੀਤਾ।

ਚੋਰੀ ਕੀਤੇ ਸਮਾਨ ਨੂੰ ਖਰੀਦਿਆ ਦੱਸ ਕੇ ਵਾਪਸ ਕਰਨ ਪੁੱਜ ਜਾਂਦੀ ਸੀ ਨਰਿੰਦਰ ਕੌਰ

ਇਸ ਤੋਂ ਇਲਾਵਾ ਬ੍ਰਿਸਟਲ, ਕਾਰਡਿਫ, ਰੀਡਿੰਗ, ਬਰਮਿੰਘਮ, ਸਵਿੰਡਨ, ਸੌਲੀਹਲ ਅਤੇ ਵੌਰਸੈਸਟਰ ਦੇ ਸਟੋਰਾਂ ਤੋਂ ਉਸ ਨੇ 23 ਹਜ਼ਾਰ ਪਾਊਂਡ ਦੇ ਰਿਫੰਡ ਹਾਸਲ ਕੀਤੇ ਜਦਕਿ ਖਰੀਦੀਆਂ ਚੀਜ਼ਾਂ ਦਾ ਮੁੱਲ ਸਿਰਫ 2,800 ਪਾਊਂਡ ਬਣਦਾ ਸੀ। ਨਰਿੰਦਰ ਕੌਰ ਨੇ ਹੋਮਸੈਂਸ ਸਟੋਰ ਨਾਲ 18 ਹਜ਼ਾਰ ਪਾਊਂਡ ਅਤੇ ਟੀ.ਕੇ. ਮੈਕਸ ਨਾਲ 14,500 ਪਾਊਂਡ ਦੀ ਠੱਗੀ ਮਾਰੀ। ਅਦਾਲਤ ਨੂੰ ਦੱਸਿਆ ਗਿਆ ਕਿ ਨਰਿੰਦਰ ਕੌਰ ਨੇ ਵਿਲਟਸ਼ਰ ਕੌਂਸਲ ਨਾਲ ਸਾਢੇ ਸੱਤ ਹਜ਼ਾਰ ਪਾਊਂਡ ਦੀ ਠੱਗੀ ਮਾਰਨ ਦਾ ਯਤਨ ਵੀ ਕੀਤਾ। ਕਲੈਵਰਟਨ ਦੀ ਵਸਨੀਕ ਨਰਿੰਦਰ ਕੌਰ ਨੂੰ ਫਰੌਡ, ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਉਲਝਾਉਣ ਦੇ 26 ਮਾਮਲਿਆਂ ਵਿਚ ਦੋਸ਼ੀ ਕਰਾਰ ਦਿਤਾ ਗਿਆ। ਦੂਜੇ ਪਾਸੇ ਨਰਿੰਦਰ ਕੌਰ ਦੇ ਵਕੀਲ ਜੌਹਨ ਕੂਪਰ ਨੇ ਦਾਅਵਾ ਕੀਤਾ ਕਿ ਉਸ ਦੀ ਮੁਵੱਕਲ ਮਾਨਸਿਕ ਸਮੱਸਿਆ ਨਾਲ ਜੂਝ ਰਹੀ ਹੈ ਅਤੇ ਉਸ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਗਲੌਸਟਰ ਕ੍ਰਾਊਨ ਕੋਰਟ ਦੇ ਜੱਜ ਇਆਨ ਲੌਰੀ ਨੇ ਨਰਿੰਦਰ ਕੌਰ ਨੂੰ 10 ਸਾਲ ਕੈਦ ਵਿਚ ਰੱਖਣ ਦੇ ਹੁਕਮ ਦਿਤੇ। ਆਪਣੇ ਫੈਸਲੇ ਵਿਚ ਜੱਜ ਨੇ ਕਿਹਾ ਕਿ ਦੋਸ਼ੀ ਨੇ ਬੇਇਮਾਨੀ ਦੀ ਹਨੇਰੀ ਲਿਆ ਦਿਤੀ ਅਤੇ ਪੀੜਤਾਂ ਦਾ ਵੱਡਾ ਨੁਕਸਾਨ ਹੋਇਆ।

Next Story
ਤਾਜ਼ਾ ਖਬਰਾਂ
Share it