Begin typing your search above and press return to search.

ਟਰੰਪ ਦੀਆਂ ਵੀਜ਼ਾ ਨੀਤੀਆਂ ਨੇ ਡੋਬਿਆ ਸੈਰ-ਸਪਾਟਾ ਉਦਯੋਗ

ਟਰੰਪ ਦੀਆਂ ਵੀਜ਼ਾ ਨੀਤੀਆਂ ਕਾਰਨ ਅਮਰੀਕਾ ਦੇ ਅਰਥਚਾਰੇ ਨੂੰ ਮੌਜੂਦਾ ਵਰ੍ਹੇ ਦੌਰਾਨ ਤਕਰੀਬਨ 6 ਅਰਬ ਡਾਲਰ ਦਾ ਨੁਕਸਾਨ ਹੋਣ ਦੇ ਆਸਾਰ ਹਨ

ਟਰੰਪ ਦੀਆਂ ਵੀਜ਼ਾ ਨੀਤੀਆਂ ਨੇ ਡੋਬਿਆ ਸੈਰ-ਸਪਾਟਾ ਉਦਯੋਗ
X

Upjit SinghBy : Upjit Singh

  |  13 Nov 2025 7:16 PM IST

  • whatsapp
  • Telegram

ਟੋਰਾਂਟੋ : ਟਰੰਪ ਦੀਆਂ ਵੀਜ਼ਾ ਨੀਤੀਆਂ ਕਾਰਨ ਅਮਰੀਕਾ ਦੇ ਅਰਥਚਾਰੇ ਨੂੰ ਮੌਜੂਦਾ ਵਰ੍ਹੇ ਦੌਰਾਨ ਤਕਰੀਬਨ 6 ਅਰਬ ਡਾਲਰ ਦਾ ਨੁਕਸਾਨ ਹੋਣ ਦੇ ਆਸਾਰ ਹਨ। ਜੀ ਹਾਂ, ਕੈਨੇਡਾ ਵਾਲਿਆਂ ਨੇ ਪਹਿਲਾਂ ਹੀ ਅਮਰੀਕਾ ਤੋਂ ਪਾਸਾ ਵੱਟ ਲਿਆ ਹੈ ਅਤੇ ਯੂ.ਐਸ. ਟਰੈਵਲ ਐਸੋਸੀਏਸ਼ਨ ਦੀ ਰਿਪੋਰਟ ਕਹਿੰਦੀ ਹੈ ਕਿ ਕੌਮਾਂਤਰੀ ਆਵਾਜਾਈ ਘਟਣ ਕਰ ਕੇ ਸੈਲਾਨੀਆਂ ਵੱਲੋਂ ਖਰਚ ਕੀਤੀ ਜਾਣ ਵਾਲੀ ਰਕਮ ਵਿਚ 3.2 ਫੀ ਸਦੀ ਕਮੀ ਆ ਸਕਦੀ ਹੈ। ਅਕਤੂਬਰ ਦੇ ਅੰਕੜਿਆਂ ਮੁਤਾਬਕ ਕੈਨੇਡਾ ਵਾਸੀਆਂ ਦੇ ਹਵਾਈ ਜਹਾਜ਼ ਰਾਹੀਂ ਅਮਰੀਕਾ ਗੇੜਿਆਂ ਵਿਚ 24 ਫ਼ੀ ਸਦੀ ਕਮੀ ਆਈ ਜਦਕਿ ਜ਼ਮੀਨੀ ਰਸਤੇ ਜਾਣ ਵਾਲਿਆਂ ਦੀ ਗਿਣਤੀ 30 ਫੀ ਸਦੀ ਘਟੀ। ਸਾਲ 2024 ਦੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਅਮਰੀਕਾ ਪੁੱਜੇ ਸਵਾ ਸੱਤ ਕਰੋੜ ਵਿਜ਼ਟਰਜ਼ ਵਿਚੋਂ 28 ਫ਼ੀ ਸਦੀ ਕੈਨੇਡੀਅਨ ਸਨ।

ਕੈਨੇਡਾ ਵਾਲਿਆਂ ਨੇ ਪਾਸਾ ਵੱਟਿਆ, ਆਵਾਜਾਈ 30 ਫ਼ੀ ਸਦੀ ਘਟੀ

ਕੈਨਸਸ ਦੀ ਵਿਚੀਤਾ ਸਟੇਟ ਯੂਨੀਵਰਸਿਟੀ ਵਿਚ ਮੈਨੇਜਮੈਂਟ ਦੀ ਪ੍ਰੋਫ਼ੈਸਰ ਊਸ਼ਾ ਹੇਲੀ ਨੇ ਸੁਚੇਤ ਕੀਤਾ ਕਿ ਸੈਲਾਨੀਆਂ ਦੀ ਆਮਦ ਵਿਚ ਵੱਡੀ ਕਮੀ ਹਜ਼ਾਰਾਂ ਨੌਕਰੀਆਂ ਦਾ ਖ਼ਾਤਮਾ ਕਰ ਸਕਦੀ ਹੈ। ਮਿਸਾਲ ਪੇਸ਼ ਕਰਦਿਆਂ ਉਨ੍ਹਾਂ ਦੱਸਿਆ ਕਿ ਹੋਟਲਾਂ ਦੀ ਬੁਕਿੰਗ ਘਟੇਗੀ ਤਾਂ ਲੇਬਰ ਦੀ ਮੰਗ ਵੀ ਘਟ ਜਾਵੇਗੀ ਅਤੇ ਟੈਕਸਾਂ ਰਾਹੀਂ ਹੋਣ ਵਾਲੀ ਆਮਦਨ ਨੂੰ ਵੀ ਖੋਰਾ ਲੱਗੇਗਾ। ਅਮਰੀਕਾ ਤੋਂ ਵਿਦੇਸ਼ਾਂ ਵੱਲ ਸੈਰ ਸਪਾਟੇ’ਤੇ ਜਾਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਜਦਕਿ ਅਮਰੀਕਾ ਪੁੱਜਣ ਵਾਲਿਆਂ ਦੀ ਗਿਣਤੀ ਵਿਚ ਕਮੀ ਆ ਰਹੀ ਹੈ। ਅਜਿਹੇ ਹਾਲਾਤ ਵਿਚ ਸੈਰ ਸਪਾਟਾ ਕਾਰੋਬਾਰ ਦਾ ਘਾਟਾ 70 ਅਰਬ ਡਾਲਰ ਤੱਕ ਜਾ ਸਕਦਾ ਹੈ। ਊਸ਼ਾ ਹੇਲੀ ਨੇ ਉਮੀਦ ਜ਼ਾਹਰ ਕੀਤੀ ਕਿ ਅਰਬਾਂ ਡਾਲਰ ਦਾ ਘਾਟਾ ਸਰਕਾਰ ਦਾ ਧਿਆਨ ਜ਼ਰੂਰ ਖਿੱਚੇਗਾ ਕਿਉਂਕਿ ਰਾਸ਼ਟਰਪਤੀ ਡੌਨਲਡ ਟਰੰਪ ਕਾਰੋਬਾਰੀ ਘਾਟੇ ਖ਼ਤਮ ਕਰਨ ’ਤੇ ਜ਼ੋਰ ਦੇ ਰਹੇ ਹਨ। ਟਰੈਵਲ ਐਸੋਸੀਏਸ਼ਨ ਨੇ ਉਮੀਦ ਜ਼ਾਹਰ ਕੀਤੀ ਕਿ 2026 ਵਿਚ ਫ਼ੀਫ਼ਾ ਵਰਲਡ ਕੱਪ ਅਤੇ ਅਮਰੀਕਾ ਦੀ ਆਜ਼ਾਦੀ ਦੇ 250 ਵਰ੍ਹੇ ਪੂਰੇ ਹੋਣ ਮੌਕੇ ਵੱਡੀ ਗਿਣਤੀ ਵਿਚ ਲੋਕ ਇਥੇ ਪੁੱਜਣਗੇ ਪਰ ਕੈਨੇਡੀਅਨਜ਼ ਵੱਲੋਂ ਪਹਿਲਾਂ ਵਾਲੀ ਤਰਜ਼ ’ਤੇ ਅਮਰੀਕਾ ਆਉਣ ਦੇ ਆਸਾਰ ਘੱਟ ਨਜ਼ਰ ਆ ਰਹੇ ਹਨ।

ਮੌਜੂਦਾ ਵਰ੍ਹੇ ਦੌਰਾਨ ਹੋ ਸਕਦੈ 5.7 ਅਰਬ ਡਾਲਰ ਦਾ ਨੁਕਸਾਨ

ਮਿਸਾਲ ਵਜੋਂ ਫਲੋਰੀਡਾ ਵਿਚ ਆਪਣਾ ਘਰ ਹੋਣ ਦੇ ਬਾਵਜੂਦ ਟੋਰਾਂਟੋ ਨਾਲ ਸਬੰਧਤ ਰੀਨਾ ਹੰਸ ਨੇ ਸਿਆਲ ਦੀ ਰੁੱਤ ਕੈਨੇਡਾ ਵਿਚ ਹੀ ਲੰਘਾਉਣ ਦਾ ਫੈਸਲਾ ਲਿਆ ਹੈ। ਰੀਨਾ ਦਾ ਕਹਿਣਾ ਹੈ ਕਿ ਜਦੋਂ ਤੱਕ ਟਰੰਪ ਰਾਸ਼ਟਰਪਤੀ ਦੇ ਅਹੁਦੇ ’ਤੇ ਮੌਜੂਦ ਹਨ, ਉਦੋਂ ਤੱਕ ਉਹ ਅਮਰੀਕਾ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਮੁਲਕ ਵਿਚ ਪੈਸਾ ਕਿਉਂ ਖਰਚਿਆ ਜਾਵੇ ਜੋ ਕੈਨੇਡਾ ਨੂੰ ਆਪਣਾ 51ਵਾਂ ਸੂਬਾ ਬਣਾਉਣਾ ਚਾਹੁੰਦਾ ਹੈ। ਅਮਰੀਕਾ ਜਾਣ ਦੀ ਬਜਾਏ ਰੀਨਾ ਨੇ ਕੌਸਟਾ ਰੀਕਾ ਜਾਣ ਅਤੇ ਇਕ ਮਹੀਨਾ ਚੀਨ ਤੇ ਤਾਇਵਾਨ ਵਿਚ ਲੰਘਾਉਣ ਦਾ ਮਨ ਬਣਾਇਆ ਹੈ। ਹਾਲ ਹੀ ਵਿਚ ਸਾਹਮਣੇ ਆਏ ਇਕ ਸਰਵੇਖਣ ਮੁਤਾਬਕ 70 ਫ਼ੀ ਸਦੀ ਕੈਨੇਡੀਅਨ ਸਿਆਲ ਦੀ ਰੁੱਤ ਦੌਰਾਨ ਅਮਰੀਕਾ ਜਾਣ ਦੇ ਇੱਛਕ ਨਹੀਂ। ਇਥੇ ਦਸਣਾ ਬਣਦਾ ਹੈ ਕਿ ਟਰੰਪ ਸਰਕਾਰ ਵੱਲੋਂ ਲੰਮਾ ਸਮਾਂ ਅਮਰੀਕਾ ਵਿਚ ਰਹਿਣ ਦੇ ਇੱਛਕ ਕੈਨੇਡੀਅਨਜ਼ ਵਾਸਤੇ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਗਈ ਹੈ। ਦੂਜੇ ਪਾਸੇ ਕੈਨੇਡੀਅਨ ਬਾਰਡਰ ਨੇੜਲੇ ਅਮਰੀਕੀ ਸ਼ਹਿਰਾਂ ਵੱਲੋਂ ਕੈਨੇਡਾ ਵਾਲਿਆਂ ਨੂੰ ਲੁਭਾਉਣ ਲਈ ਰਿਆਇਤਾਂ ਵੀ ਦਿਤੀਆਂ ਜਾ ਰਹੀਆਂ ਹਨ।

Next Story
ਤਾਜ਼ਾ ਖਬਰਾਂ
Share it