43 ਮੁਲਕਾਂ ਦੇ ਲੋਕਾਂ ਨੂੰ ਟਰੰਪ ਦੀ ਆਰਜ਼ੀ ਰਾਹਤ
43 ਮੁਲਕਾਂ ਦੇ ਲੋਕਾਂ ਦਾ ਅਮਰੀਕਾ ਵਿਚ ਦਾਖਲਾ ਬੰਦ ਕਰਨ ਦੀ ਯੋਜਨਾ ਟਰੰਪ ਸਰਕਾਰ ਵੱਲੋਂ ਫਿਲਹਾਲ ਟਾਲ ਦਿਤੀ ਗਈ ਹੈ।

ਵਾਸ਼ਿੰਗਟਨ : 43 ਮੁਲਕਾਂ ਦੇ ਲੋਕਾਂ ਦਾ ਅਮਰੀਕਾ ਵਿਚ ਦਾਖਲਾ ਬੰਦ ਕਰਨ ਦੀ ਯੋਜਨਾ ਟਰੰਪ ਸਰਕਾਰ ਵੱਲੋਂ ਫਿਲਹਾਲ ਟਾਲ ਦਿਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਪਾਬੰਦੀ ਵਾਸਤੇ ਲਾਜ਼ਮੀ ਸਿਫ਼ਾਰਸ਼ਾਂ ਦਾਖਲ ਕਰਨ ਵਿਚ ਅਸਫ਼ਲ ਰਹਿਣ ’ਤੇ ਮਾਮਲਾ ਲਟਕਦਾ ਨਜ਼ਰ ਆ ਰਿਹਾ ਹੈ। ਟਰੰਪ ਸਰਕਾਰ ਵੱਲੋਂ ਪਹਿਲੇ ਪੜਾਅ ਤਹਿਤ ਅਫ਼ਗਾਨਿਸਤਾਨ, ਈਰਾਨ, ਸੀਰੀਆ, ਕਿਊਬਾ ਅਤੇ ਉੱਤਰ ਕੋਰੀਆ ਸਣੇ 10 ਮੁਲਕਾਂ ਨਾਲ ਸਬੰਧਤ ਲੋਕਾਂ ਦੇ ਵੀਜ਼ਾ ਰੱਦ ਕਰਨ ਦਾ ਐਲਾਨ ਕੀਤਾ ਗਿਆ ਸੀ ਜਦਕਿ ਦੂਜੇ ਪੜਾਅ ਤਹਿਤ ਹੈਤੀ, ਲਾਓਸ, ਮਿਆਂਮਾਰ ਅਤੇ ਦੱਖਣੀ ਸੂਡਾਨ ਵਰਗੇ ਮੁਲਕਾਂ ਦੇ ਲੋਕਾਂ ਨੂੰ ਰੋਕਣ ਦੀ ਯੋਜਨਾ ਐਲਾਨੀ ਗਈ।
ਅਮਰੀਕਾ ਸਰਕਾਰ ਨੇ ਦਾਖਲੇ ’ਤੇ ਪਾਬੰਦੀ ਟਾਲੀ
ਤੀਜਾ ਪੜਾਅ ਸਭ ਤੋਂ ਅਹਿਮ ਮੰਨਿਆ ਗਿਆ ਜਿਸ ਤਹਿਤ ਪਾਕਿਸਤਾਨ, ਬੇਲਾਰੂਸ ਅਤੇ ਤੁਰਕਮੇਨਿਸਤਾਨ ਵਰਗੇ 26 ਮੁਲਕਾਂ ਨਾਲ ਸਬੰਧਤ ਲੋਕਾਂ ਨੂੰ ਵੀਜ਼ਾ ਜਾਰੀ ਕਰਨ ’ਤੇ ਆਰਜ਼ੀ ਰੋਕ ਲਾਉਣ ਦੀ ਤਿਆਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਬਾਅਦ ਵਿਚ ਰੂਸ ਨੂੰ ਵੀ ਸੂਚੀ ਵਿਚ ਸ਼ਾਮਲ ਕਰ ਦਿਤਾ ਗਿਆ ਪਰ ਹੁਣ ਇਨ੍ਹਾਂ ਮੁਲਕਾਂ ਨੂੰ ਆਪਣੇ ਹਾਲਾਤ ਵਿਚ ਸੁਧਾਰ ਕਰਨ ਲਈ 60 ਦਿਨ ਦੀ ਮੋਹਲਤ ਦਿਤੀ ਗਈ ਹੈ। ਜੇ ਫਿਰ ਵੀ ਕਮੀਆਂ ਦੂਰ ਨਾ ਹੋਈਆਂ ਤਾਂ ਸਬੰਧਤ ਮੁਲਕਾਂ ਨੂੰ ਸੂਚੀ ਵਿਚ ਬਰਕਰਾਰ ਰੱਖਿਆ ਜਾਵੇਗਾ। ਚੇਤੇ ਰਹੇ ਕਿ ਡੌਨਲਡ ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਸੱਤ ਮੁਲਕਾਂ ਉਤੇ ਵੀਜ਼ਾ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਪੁੱਜ ਰਹੇ ਸੈਲਾਨੀਆਂ ਦੀ ਗਿਣਤੀ ਵਿਚ ਵੱਡੀ ਕਟੌਤੀ ਨੂੰ ਵੇਖਦਿਆਂ ਫਿਲਹਾਲ ਪਾਬੰਦੀ ਵਾਲਾ ਫੈਸਲਾ ਟਾਲਣਾ ਹੀ ਬਿਹਤਰ ਕਦਮ ਸਾਬਤ ਹੋਵੇਗਾ।
ਵਿਦੇਸ਼ ਵਿਭਾਗ ਲੋੜੀਂਦੀਆਂ ਸਿਫਾਰਸ਼ਾਂ ਦਾਖਲ ਕਰਨ ਵਿਚ ਅਸਫ਼ਲ
ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਮਹਿਕਮੇ ਵੱਲੋਂ ਮੁਲਕ ਵਿਚ ਥਾਂ-ਥਾਂ ’ਤੇ ਮਾਰੇ ਜਾ ਰਹੇ ਛਾਪਿਆਂ ਅਤੇ ਇੰਮੀਗ੍ਰੇਸ਼ਨ ਦਸਤਾਵੇਜ਼ਾਂ ਵਿਚ ਮਾਮੂਲੀ ਨੁਕਸ ਹੋਣ ’ਤੇ ਕੀਤੀ ਜਾ ਰਹੀ ਸਖਤ ਕਾਰਵਾਈ ਦੇ ਮੱਦੇਨਜ਼ਰ ਅਮਰੀਕਾ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਵੱਡੀ ਕਮੀ ਆਈ ਹੈ ਜਿਸ ਦੇ ਸਿੱਟੇ ਵਜੋਂ ਟੂਰਿਜ਼ਮ ਸੈਕਟਰ ਨੂੰ 18 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਮਾਰਚ ਵਿਚ ਅਮਰੀਕਾ ਦਾ ਗੇੜਾ ਲਾਉਣ ਦੀ ਯੋਜਨਾ ਬਣਾ ਚੁੱਕੇ 36 ਫੀ ਸਦੀ ਕੈਨੇਡੀਅਨ ਲੋਕਾਂ ਨੇ ਆਪਣਾ ਟ੍ਰਿਪ ਰੱਦ ਕਰ ਦਿਤਾ ਅਤੇ ਪਿਛਲੇ ਸਾਲ ਦੇ ਮੁਕਾਬਲੇ ਹਵਾਈ ਟਿਕਟਾਂ ਦੀ ਬੁਕਿੰਗ ਵਿਚ 70 ਫੀ ਸਦੀ ਕਮੀ ਦਰਜ ਕੀਤੀ ਗਈ। ਅਮਰੀਕਾ ਦਾ ਟੂਰਿਜ਼ਮ ਸੈਕਟਰ ਇਸ ਵੱਡੇ ਨੁਕਸਾਨ ਦੀ ਭਰਪਾਈ ਕਰਨਾ ਚਾਹੁੰਦਾ ਹੈ ਪਰ 43 ਮੁਲਕਾਂ ਦੇ ਲੋਕਾਂ ਦੀ ਆਮਦ ’ਤੇ ਲੱਗਣ ਵਾਲੀ ਪਾਬੰਦੀ ਹਾਲਾਤ ਹੋਰ ਬਦਤਰ ਕਰ ਦੇਵੇਗੀ।