ਟਰੰਪ ਦੇ ਹੁਕਮ ਲਾਗੂ, ਪੰਜਾਬੀ ਟਰੱਕ ਡਰਾਈਵਰ ਨੇ ਦਮ ਤੋੜਿਆ
ਡੌਨਲਡ ਟਰੰਪ ਵੱਲੋਂ ਅਮਰੀਕਾ ਵਿਚ ਕੱਚੇ ਟਰੱਕ ਡਰਾਈਵਰਾਂ ਵਿਰੁੱਧ ਜਾਰੀ ਫੁਰਮਾਨ ਅੱਜ ਤੋਂ ਲਾਗੂ ਹੋ ਰਿਹਾ ਹੈ ਪਰ ਇਸੇ ਦੌਰਾਨ ਮੰਦਭਾਗੀਆਂ ਖਬਰਾਂ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।

By : Upjit Singh
ਸਟੌਕਟਨ, : ਡੌਨਲਡ ਟਰੰਪ ਵੱਲੋਂ ਅਮਰੀਕਾ ਵਿਚ ਕੱਚੇ ਟਰੱਕ ਡਰਾਈਵਰਾਂ ਵਿਰੁੱਧ ਜਾਰੀ ਫੁਰਮਾਨ ਅੱਜ ਤੋਂ ਲਾਗੂ ਹੋ ਰਿਹਾ ਹੈ ਪਰ ਇਸੇ ਦੌਰਾਨ ਮੰਦਭਾਗੀਆਂ ਖਬਰਾਂ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਕੈਲੇਫੋਰਨੀਆ ਵਿਚ 30 ਸਾਲ ਦਾ ਟਰੱਕ ਡਰਾਈਵਰ ਰੇਸ਼ਮ ਸਿੰਘ ਅਚਨਚੇਤ ਦਮ ਤੋੜ ਗਿਆ ਅਤੇ ਇਸ ਬੇਵਕਤੀ ਮੌਤ ਦਾ ਕਾਰਨ ਡਿਪ੍ਰੈਸ਼ਨ ਦੱਸਿਆ ਜਾ ਰਿਹਾ ਹੈ। ਤਰਨਤਾਰਨ ਦੇ ਕਸਬਾ ਧਾਰੀਵਾਲ ਨਾਲ ਸਬੰਧਤ ਰੇਸ਼ਮ ਸਿੰਘ ਆਪਣੇ ਪਿੱਛੇ 4 ਸਾਲ ਦਾ ਬੇਟਾ ਛੱਡ ਗਿਆ ਜੋ ਪੰਜਾਬ ਵਿਚ ਆਪਣੇ ਦਾਦਾ-ਦਾਦੀ ਕੋਲ ਰਹਿ ਰਿਹਾ ਹੈ। ਸਟੌਕਟਨ ਦੇ ਰਮਨ ਕੁਮਾਰ ਨੇ ਗੋਫੰਡਮੀ ਪੇਜ ਰਾਹੀਂ ਦੱਸਿਆ ਕਿ ਰੇਸ਼ਮ ਸਿੰਘ ਦੀ ਜ਼ਿੰਦਗੀ ਵਿਚ ਕਾਫ਼ੀ ਉਤਾਰ-ਚੜ੍ਹਾਅ ਆਏ ਪਰ ਉਸ ਨੇ ਕਦੇ ਵੀ ਲੋੜਵੰਦਾਂ ਦੀ ਸੇਵਾ ਤੋਂ ਹੱਥ ਪਿੱਛੇ ਨਹੀਂ ਕੀਤਾ।
ਹਜ਼ਾਰਾਂ ਪੰਜਾਬੀਆਂ ਦਾ ਭਵਿੱਖ ਦਾਅ ’ਤੇ
ਪਿੰਡ ਦੇ ਇਕ ਗਰੀਬ ਪਰਵਾਰ ਦਾ ਘਰ ਬਣਾਉਣ ਵਿਚ ਮਦਦ ਕੀਤੀ ਅਤੇ ਗੁਰਦਵਾਰਾ ਸਾਹਿਬ ਵਿਚ ਟਿਊਬਵੈਲ ਅਤੇ ਹੋਰ ਕਾਰਜਾਂ ਵਾਸਤੇ 5 ਲੱਖ ਰੁਪਏ ਭੇਜੇ। ਹਾਲ ਹੀ ਵਿਚ ਹੜ੍ਹਾਂ ਦੌਰਾਨ ਵੀ ਰੇਸ਼ਮ ਸਿੰਘ ਨੇ ਵਧ-ਚੜ੍ਹ ਕੇ ਆਰਥਿਕ ਮਦਦ ਕੀਤੀ। ਹੁਣ ਰੇਸ਼ਮ ਸਿੰਘ ਦੇ ਬਿਰਧ ਮਾਪਿਆਂ ਅਤੇ 4 ਸਾਲ ਦੇ ਬੇਟੇ ਨੂੰ ਆਰਥਿਕ ਮਦਦ ਦੀ ਜ਼ਰੂਰਤ ਹੈ। ਦੂਜੇ ਪਾਸੇ ਕੈਨੇਡਾ ਦੇ ਸਡਬਰੀ ਸ਼ਹਿਰ ਵਿਚ ਹਰਨੂਰ ਸਿੰਘ ਦੀ ਅਚਨਚੇਤ ਮੌਤ ਹੋਣ ਬਾਰੇ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਦੀ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਹਰਨੂਰ ਦੇ ਭਰਾ ਗੁਰਨੂਰ ਸਿੰਘ ਨੇ ਦੱਸਿਆ ਕਿ ਉਹ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ ਆਪਣਾ ਭਵਿੱਖ ਸੁਨਹਿਰੀ ਬਣਾਉਣ ਦੇ ਯਤਨਾਂ ਵਿਚ ਜੁਟ ਗਿਆ ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਹਨ ਪਰ ਪੀ.ਆਰ. ਤੱਕ ਪੁੱਜਣ ਦਾ ਕੋਈ ਰਾਹ ਨਹੀਂ ਲੱਭ ਰਿਹਾ।
ਕੈਨੇਡਾ ਦੇ ਸਡਬਰੀ ਵਿਖੇ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ
ਬਿਲਕੁਲ ਇਹੋ ਜਿਹੇ ਹਾਲਾਤ ਵਿਚੋਂ ਅਮਰੀਕਾ ਦੇ ਉਹ ਪੰਜਾਬੀ ਨੌਜਵਾਨ ਲੰਘ ਰਹੇ ਹਨ ਜਿਨ੍ਹਾਂ ਨੂੰ ਹੁਣ ਤੱਕ ਗਰੀਨ ਕਾਰਡ ਨਹੀਂ ਮਿਲਿਆ ਅਤੇ ਟਰੱਕ ਡਰਾਈਵਰ ਵਜੋਂ ਕੰਮ ਕਰ ਰਹੇ ਸਨ। ਅੱਜ ਤੋਂ ਲਾਗੂ ਹੋ ਰਹੇ ਨਿਯਮ ਮੁਤਾਬਕ ਵਰਕ ਪਰਮਿਟ ਵਾਲਿਆਂ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਨਹੀਂ ਮਿਲਣਗੇ। ਨਵੇਂ ਨਿਯਮ ਤਹਿਤ ਘੱਟੋ ਘੱਟ 2 ਲੱਖ ਮੌਜੂਦਾ ਡਰਾਈਵਰਾਂ ਦਾ ਰੁਜ਼ਗਾਰ ਖੁੱਸ ਜਾਵੇਗਾ ਅਤੇ ਸਿਖਲਾਈ ਲੈ ਰਹੇ 20 ਹਜ਼ਾਰ ਡਰਾਈਵਰ ਕਦੇ ਟਰੱਕ ਨਹੀਂ ਚਲਾ ਸਕਣਗੇ। ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਕੱਚੇ ਪ੍ਰਵਾਸੀਆਂ ਨੂੰ ਜਾਰੀ ਸੀ.ਡੀ.ਐਲਜ਼ ਵਿਚੋਂ 25 ਫੀ ਸਦੀ ਗੈਰਵਾਜਬ ਤਰੀਕੇ ਨਾਲ ਦਿਤੇ ਗਏ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ। ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਕਈ ਰਾਜਾਂ ਵਿਚ ਪ੍ਰਵਾਸੀਆਂ ਦੇ ਵਰਕ ਪਰਮਿਟ ਤੋਂ ਚਾਰ ਸਾਲ ਅੱਗੇ ਤੱਕ ਡਰਾਈਵਿੰਗ ਲਾਇਸੰਸ ਦੀ ਮਿਆਦ ਤੈਅ ਕੀਤੀ ਗਈ ਜੋ ਸਿੱਧੇ ਤੌਰ ’ਤੇ ਗੈਰਕਾਨੂੰਨੀ ਹੈ।


