10 ਲੱਖ ਪ੍ਰਵਾਸੀ ਡਿਪੋਰਟ ਕਰਨ ਲਈ ਟਰੰਪ ਦੀ ਨਵੀਂ ਚਾਲ
ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਹਰ ਹੀਲਾ ਵਰਤ ਚੁੱਕੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਨਵੀਂ ਚਾਲ ਚੱਲੀ ਗਈ ਹੈ।

ਵਾਸ਼ਿੰਗਟਨ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਹਰ ਹੀਲਾ ਵਰਤ ਚੁੱਕੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਨਵੀਂ ਚਾਲ ਚੱਲੀ ਗਈ ਹੈ। ਜੀ ਹਾਂ, ਨਾਜਾਇਜ਼ ਤਰੀਕੇ ਨਾਲ ਮੁਲਕ ਵਿਚ ਦਾਖਲ ਹੋਏ ਪ੍ਰਵਾਸੀਆਂ ਨੂੰ ਹਦਾਇਤ ਦਿਤੀ ਗਈ ਹੈ ਕਿ ਆਪਣੀਆਂ ਉਂਗਲਾਂ ਦੇ ਨਿਸ਼ਾਨ ਅਤੇ ਹੋਰ ਜਾਣਕਾਰੀ ਸਰਕਾਰ ਕੋਲ ਦਰਜ ਕਰਵਾਉਣ। ਅਜਿਹਾ ਨਾ ਕਰਨ ਵਾਲਿਆਂ ਨੂੰ ਜੇਲ ਭੇਜਣ ਅਤੇ ਮੋਟਾ ਜੁਰਮਾਨਾ ਲਾਉਣ ਦਾ ਡਰਾਵਾ ਵੀ ਦਿਤਾ ਗਿਆ ਹੈ। ਉਧਰ ਇੰਮੀਗ੍ਰੇਸ਼ਨ ਮਾਹਰ, ਪ੍ਰਵਾਸੀਆਂ ਨੂੰ ਅਜਿਹਾ ਬਿਲਕੁਲ ਵੀ ਨਾ ਕਰਨ ਦਾ ਸੁਝਾਅ ਦੇ ਰਹੇ ਹਨ। ਇੰਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਗੈਰਕਾਨੂੰਨੀ ਪ੍ਰਵਾਸੀਆਂ ਬਾਰੇ ਮੁਕੰਮਲ ਜਾਣਕਾਰੀ ਹਾਸਲ ਹੋਣ ਮਗਰੋਂ ਉਨ੍ਹਾਂ ਨੂੰ ਡਿਪੋਰਟ ਕਰਨਾ ਸੌਖਾ ਹੋ ਜਾਵੇਗਾ।
ਉਂਗਲਾਂ ਦੇ ਨਿਸ਼ਾਨ ਦੇਣ ਲਈ ਸੱਦਣ ਲੱਗੇ ਅਫ਼ਸਰ
ਉਨ੍ਹਾਂ ਦੱਸਿਆ ਕਿ ਨਵੀਂ ਨੀਤੀ ਇੰਮੀਗ੍ਰੇਸ਼ਨ ਅਦਾਲਤਾਂ ਵਿਚ ਪੇਸ਼ੀਆਂ ਭੁਗਤ ਰਹੇ ਜਾਂ ਸਰਕਾਰ ਤੋਂ ਵਰਕ ਪਰਮਿਟ ਹਾਸਲ ਕਰ ਚੁੱਕੇ ਪ੍ਰਵਾਸੀਆਂ ਉਤੇ ਲਾਗੂ ਨਹੀਂ ਹੁੰਦੀ। ਵਿਜ਼ਟਰ ਵੀਜ਼ਾ ’ਤੇ ਅਮਰੀਕਾ ਆਏ ਪਰ ਵਾਪਸ ਨਾ ਜਾਣ ਵਾਲਿਆਂ ਨੂੰ ਵੀ ਇਸ ਨੀਤੀ ਅਧੀਨ ਉਂਗਲਾਂ ਦੇ ਨਿਸ਼ਾਨ ਦਰਜ ਕਰਵਾਉਣ ਦੀ ਜ਼ਰੂਰਤ ਨਹੀਂ। ਦੱਸ ਦੇਈਏ ਕਿ ਰਾਸ਼ਟਰਪਤੀ ਡੌਨਲਡ ਟਰੰਪ ਲੱਖਾਂ ਦੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਮਨਸੂਬੇ ਘੜ ਰਹੇ ਹਨ ਅਤੇ ਆਈ.ਸੀ.ਈ. ਦੇ ਛਾਪਿਆਂ ਨਾਲ ਐਨਾ ਵੱਡਾ ਅੰਕੜਾ ਹਾਸਲ ਕਰਨਾ ਬੇਹੱਦ ਮੁਸ਼ਕਲ ਮਹਿਸੂਸ ਹੋ ਰਿਹਾ ਹੈ। ਟਰੰਪ ਸਰਕਾਰ ਵੱਲੋਂ ਹੁਣ ਤੱਕ ਡਿਪੋਰਟ ਕੀਤੇ ਜ਼ਿਆਦਾਤਰ ਪ੍ਰਵਾਸੀ ਉਹ ਸਨ ਜਿਨ੍ਹਾਂ ਨੂੰ ਬਾਰਡਰ ਪਾਰ ਕਰਦਿਆਂ ਹੀ ਕਾਬੂ ਕਰ ਕੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਲਿਜਾਇਆ ਗਿਆ। ਅਮਰੀਕਾ ਦੇ ਅੰਦਰੂਨੀ ਇਲਾਕਿਆਂ ਵਿਚੋਂ ਵੀ ਪ੍ਰਵਾਸੀ ਕਾਬੂ ਕੀਤੇ ਗਏ ਪਰ ਇਹ ਗਿਣਤੀ ਟਰੰਪ ਦੀ ਸੋਚ ਤੋਂ ਕਿਤੇ ਘੱਟ ਸਾਬਤ ਹੋਈ। ਸੂਤਰਾਂ ਨੇ ਦੱਸਿਆ ਕਿ ਟਰੰਪ ਦੇ ਬਾਰਡਰ ਜ਼ਾਰ ਟੌਮ ਹੋਮਨ ਵੱਲੋਂ ਪੁਰਾਣਾ ਕਾਨੂੰਨ ਹਥਿਆਰ ਵਜੋਂ ਵਰਤਣ ਦਾ ਸੁਝਾਅ ਦਿਤਾ ਗਿਆ ਤਾਂਕਿ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਕਾਬੂ ਕਰ ਕੇ ਡਿਪੋਰਟ ਕੀਤਾ ਜਾ ਸਕੇ। ਹੋਮਲੈਂਡ ਸਕਿਉਰਿਟੀ ਵਿਭਾਗ ਦੀ ਤਰਜਮਾਨ ਟ੍ਰਿਸ਼ੀਆ ਮੈਕਲਾਫਲਿਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸਪੱਸ਼ਟ ਸੁਨੇਹਾ ਦਿਤਾ ਗਿਆ ਹੈ ਕਿ ਅਮਰੀਕਾ ਛੱਡ ਕੇ ਚਲੇ ਜਾਣ। ਜੇ ਉਹ ਇਸ ਵੇਲੇ ਅਮਰੀਕਾ ਛੱਡ ਕੇ ਚਲੇ ਜਾਣਗੇ ਤਾਂ ਜਾਇਜ਼ ਤਰੀਕੇ ਨਾਲ ਵਾਪਸੀ ਦੇ ਰਾਹ ਖੱਲ੍ਹੇ ਰਹਿਣਗੇ ਪਰ ਅਜਿਹਾ ਨਾ ਕਰਨ ਵਾਲੇ ਮੁਸ਼ਕਲਾਂ ਵਿਚ ਘਿਰ ਸਕਦੇ ਹਨ।
ਇੰਮੀਗ੍ਰੇਸ਼ਨ ਮਾਹਰਾਂ ਨੇ ਪ੍ਰਵਾਸੀਆਂ ਨੂੰ ਕੀਤਾ ਸੁਚੇਤ
ਇਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੇ ਇੰਮੀਗ੍ਰੇਸ਼ਨ ਕਾਨੂੰਨ ਅਧੀਨ ਮੁਲਕ ਵਿਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਵਾਸਤੇ ਸਰਕਾਰ ਕੋਲ ਆਪਣੀ ਜਾਣਕਾਰੀ ਦਰਜ ਕਰਵਾਉਣਾ ਲਾਜ਼ਮੀ ਹੈ ਪਰ ਅੱਜ ਤੱਕ ਇਹ ਕਾਨੂੰਨ ਐਨੀ ਸਖਤੀ ਨਾਲ ਲਾਗੂ ਨਹੀਂ ਕੀਤਾ ਗਿਆ। ਟ੍ਰਿਸ਼ੀਆ ਮੈਕਲਾਫਲਿਨ ਦਾ ਕਹਿਣਾ ਸੀ ਕਿ ਇੰਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ 1952 ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ਜਿਸ ਤਹਿਤ 14 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪ੍ਰਵਾਸੀਆਂ ਵਾਸਤੇ ਉਂਗਲਾਂ ਦੇ ਨਿਸ਼ਾਨਾ ਦਰਜ ਕਰਵਾਉਣੇ ਲਾਜ਼ਮੀ ਹਨ। ਟਰੰਪ ਸਰਕਾਰ ਦਾ ਕਹਿਣਾ ਹੈ ਕਿ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਸਬੰਧਤ ਰਜਿਸਟਰੀ ਵਿਚ ਆਨਲਾਈਨ ਜਾਣਕਾਰੀ ਦਰਜ ਕੀਤੀ ਜਾ ਸਕਦੀ ਹੈ ਅਤੇ ਜਿਹੜੇ ਪ੍ਰਵਾਸੀਆਂ ਵੱਲੋਂ ਹੁਣ ਤੱਕ ਅਜਿਹਾ ਨਹੀਂ ਕੀਤਾ ਗਿਆ, ਉਹ ਜਲਦ ਤੋਂ ਜਲਦ ਇਹ ਪ੍ਰਕਿਰਿਆ ਪੂਰੀ ਕਰ ਲੈਣ। ਰਜਿਸਟ੍ਰੇਸ਼ਨ ਕਰਨ ਵਾਲਿਆਂ ਨੂੰ ਸਬੰਧਤ ਦਸਤਾਵੇਜ਼ ਹਰ ਵੇਲੇ ਆਪਣੇ ਕੋਲ ਰੱਖਣ ਦਾ ਹੁਕਮ ਵੀ ਦਿਤਾ ਗਿਆ ਹੈ। ਇੰਮੀਗ੍ਰੇਸ਼ਨ ਮਾਹਰਾਂ ਨੇ ਕਿਹਾ ਕਿ ਟਰੰਪ ਸਰਕਾਰ ਪ੍ਰਵਾਸੀਆਂ ਨੂੰ ਡਰਾ ਕੇ ਵਾਪਸ ਭੇਜਣਾ ਚਾਹੁੰਦੀ ਹੈ।