Trump ਦੀ ਵੱਡੀ ਕਾਰਵਾਈ, 34000 ਪ੍ਰਵਾਸੀ ਕਾਬੂ
ਅਮਰੀਕਾ ਵਿਚ ਜਨਵਰੀ ਦੌਰਾਨ ਸੈਂਕੜੇ ਪੰਜਾਬੀਆਂ ਸਣੇ 34,631 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕੀਤੇ ਜਾਣ ਦੀ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ

By : Upjit Singh
ਵਾਸ਼ਿੰਗਟਨ : ਅਮਰੀਕਾ ਵਿਚ ਜਨਵਰੀ ਦੌਰਾਨ ਸੈਂਕੜੇ ਪੰਜਾਬੀਆਂ ਸਣੇ 34,631 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕੀਤੇ ਜਾਣ ਦੀ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ ਅਤੇ ਟਰੰਪ ਸਰਕਾਰ ਵੱਲੋਂ 50 ਸਾਲ ਤੋਂ ਅਮਰੀਕਾ ਵਿਚ ਰਹਿ ਰਹੇ ਬਜ਼ੁਰਗ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਇਤਿਹਾਸ ਵਿਚ ਇਸ ਤੋਂ ਪਹਿਲਾਂ ਕਦੇ ਵੀ ਜਾਇਜ਼ ਤਰੀਕੇ ਨਾਲ ਮੁਲਕ ਵਿਚ ਦਾਖਲ ਹੋਏ ਅਤੇ ਫ਼ੌਜ ਵਿਚ ਸੇਵਾਵਾਂ ਨਿਭਾਅ ਚੁੱਕੇ ਪ੍ਰਵਾਸੀ ਨੂੰ ਡਿਪੋਰਟ ਨਹੀਂ ਕੀਤਾ ਗਿਆ। ਪੋਤੇ-ਪੋਤੀਆਂ ਵਾਲਾ ਗੌਡਫ਼ਰੀ ਵੇਡ ਪਿਛਲੇ 5 ਮਹੀਨੇ ਤੋਂ ਇੰਮੀਗ੍ਰੇਸ਼ਨ ਐਂਡ ਕਸਮਟਜ਼ ਐਨਫ਼ੋਰਸਮੈਂਟ ਵਾਲਿਆਂ ਦੀ ਹਿਰਾਸਤ ਵਿਚ ਹੈ ਅਤੇ ਡਿਪੋਰਟ ਕਰਨ ਦੇ ਹੁਕਮ ’ਤੇ ਲੱਗੀ ਐਮਰਜੰਸੀ ਰੋਕ ਰੱਦ ਕਰ ਦਿਤੀ ਗਈ। ਅਮਰੀਕਾ ਦੀ ਫੌਜ ਨਿਭਾਈ ਸੇਵਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਸਿਰਫ਼ ਟ੍ਰੈਫ਼ਿਕ ਸਿਗਨਲ ਦੀ ਉਲੰਘਣਾ ਨੂੰ ਆਧਾਰ ਬਣਾ ਕੇ ਦੇਸ਼ ਨਿਕਾਲੇ ਦਾ ਫੈਸਲਾ ਸੁਣਾ ਦਿਤਾ ਗਿਆ। ਵੇਡ 1975 ਵਿਚ ਜਾਇਜ਼ ਤਰੀਕੇ ਨਾਲ ਅੱਲ੍ਹੜ ਉਮਰ ਵਿਚ ਅਮਰੀਕਾ ਪੁੱਜਾ ਅਤੇ ਅਮਰੀਕਾ ਦੀ ਫੌਜ ਵਿਚ ਭਰਤੀ ਹੋ ਗਿਆ।
50 ਸਾਲ ਤੋਂ ਅਮਰੀਕਾ ਰਹਿੰਦਾ ਬਜ਼ੁਰਗ ਡਿਪੋਰਟ
ਪਰਮਾਨੈਂਟ ਰੈਜ਼ੀਡੈਂਟ ਵਜੋਂ ਰਹਿ ਰਹੇ ਵੇਡ ਨੇ ਫੌਜ ਵਿਚੋਂ ਸੇਵਾ ਮੁਕਤ ਹੋਣ ਮਗਰੋਂ ਟੈਨਿਸ ਕੋਚ ਅਤੇ ਫੈਸ਼ਨ ਡਿਜ਼ਾਈਨਰ ਵਜੋਂ ਕੰਮ ਕੀਤਾ ਪਰ 13 ਸਤੰਬਰ 2025 ਵਿਚ ਉਸ ਦੀ ਜ਼ਿੰਦਗੀ ਹੀ ਬਦਲ ਗਈ। ਵੇਡ ਦੀ ਬੇਟੀ ਇਮੈਨੁਐਲਾ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ 2007 ਦੇ ਚੈਕ ਬਾਊਂਸ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ 2014 ਵਿਚ ਡਿਪੋਰਟ ਕਰਨ ਦੇ ਹੁਕਮ ਦਿਤੇ ਗਏ ਪਰ ਪਿਛਲੇ ਵਰ੍ਹੇ ਤੱਕ ਕਦੇ ਕੋਈ ਇੰਮੀਗ੍ਰੇਸ਼ਨ ਅਫ਼ਸਰ ਫੜਨ ਨਹੀਂ ਸੀ ਆਇਆ। ਸਧਾਰਣ ਗਲਤੀ ਨੂੰ ਆਧਾਰ ਬਣਾਉਂਦਿਆਂ ਵੇਡ ਦੀ ਡਿਪੋਰਟੇਸ਼ਨ ਕੀਤੀ ਜਾ ਰਹੀ ਹੈ ਅਤੇ ਰਹਿਮ ਦੀ ਕੋਈ ਉਮੀਦ ਨਹੀਂ। ਵੇਡ ਨੂੰ ਡਿਪੋਰਟ ਕਰਨ ਦੇ ਹੁਕਮ ਇਸ ਕਰ ਕੇ ਜਾਰੀ ਹੋਈ ਕਿਉਂਕਿ ਉਹ ਮੁਕੱਦਮੇ ਦੀ ਸੁਣਵਾਈ ਦੌਰਾਨ ਪੇਸ਼ ਨਾ ਹੋਇਆ ਪਰ ਵਕੀਲ ਦਾ ਦਾਅਵਾ ਹੈ ਕਿ ਉਸ ਨੂੰ ਕੋਈ ਅਦਾਲਤੀ ਨੋਟਿਸ ਨਹੀਂ ਮਿਲਿਆ। ਇਸੇ ਦਰਮਿਆਨ ਇੰਮੀਗ੍ਰੇਸ਼ਨ ਅਫ਼ਸਰਾਂ ਤੋਂ ਬਚ ਕੇ ਫ਼ਰਾਰ ਹੋਏ ਟਰੱਕ ਡਰਾਈਵਰ ਕੋਲ 5 ਲੱਖ ਡਾਲਰ ਨਕਦ ਦੇਖ ਪੁਲਿਸ ਵਾਲਿਆਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਜੀ ਹਾਂ, ਟਰੰਪ ਸਰਕਾਰ ਵੱਲੋਂ ਨੌਨ ਡੌਮੀਸਾਈਲ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦਰਮਿਆਨ ਐਨੀ ਵੱਡੀ ਰਕਮ ਦੀ ਬਰਾਮਦਗੀ ਨੂੰ ਨਸ਼ਾ ਤਸਕਰੀ ਨਾਲ ਜੋੜਿਆ ਜਾ ਰਿਹਾ ਹੈ ਅਤੇ ਇੰਟਰਸਟੇਟ 85 ਤੋਂ ਕਾਬੂ ਕੀਤੇ ਟਰੱਕ ਡਰਾਈਵਰ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਧਰ, ਗ੍ਰਹਿ ਸੁਰੱਖਿਆ ਵਿਭਾਗ ਨੇ ਜਨਵਰੀ ਮਹੀਨੇ ਦੌਰਾਨ ਕਾਬੂ ਕੀਤੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਅੰਕੜੇ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਮੁਲਕ ਦੇ ਦੱਖਣ-ਪੱਛਮੀ ਬਾਰਡਰ ’ਤੇ ਰੋਜ਼ਾਨਾ 196 ਪ੍ਰਵਾਸੀਆਂ ਨੂੰ ਰੋਕਿਆ ਜਾ ਰਿਹਾ ਹੈ ਪਰ ਬਾਇਡਨ ਸਰਕਾਰ ਦੇ ਮੁਕਾਬਲੇ ਇਹ ਅੰਕੜਾ 96 ਫ਼ੀ ਸਦੀ ਘੱਟ ਬਣਦਾ ਹੈ ਜਦੋਂ ਰੋਜ਼ਾਨਾ 5 ਹਜ਼ਾਰ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਬਾਰਡਰ ’ਤੇ ਪੁੱਜਦੇ ਸਨ। ਸਿਰਫ਼ ਐਨਾ ਹੀ ਨਹੀਂ, ਟਰੰਪ ਸਰਕਾਰ ਨੇ ਪਿਛਲੇ ਮਹੀਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਅੰਕੜਾ ਵੀ 42 ਫ਼ੀ ਸਦੀ ਹੇਠਾਂ ਆਇਆ ਹੈ। ਡੀ.ਐਚ.ਐਸ. ਦੇ ਅੰਕੜਿਆਂ ਨੂੰ ਡੂੰਘਾਈ ਨਾਲ ਦੇਖਿਆ ਜਾਵੇ ਤਾਂ ਮੈਕਸੀਕੋ ਦੇ ਬਾਰਡਰ ’ਤੇ ਜਨਵਰੀ ਮਹੀਨੇ ਦੌਰਾਨ 6,073 ਪ੍ਰਵਾਸੀਆਂ ਨੂੰ ਰੋਕਿਆ ਗਿਆ।
ਟਰੱਕ ਡਰਾਈਵਰ ਕੋਲੋਂ ਫੜੇ 5 ਲੱਖ ਡਾਲਰ ਨਕਦ
ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਟਰੰਪ ਦੇ ਪਹਿਲੇ ਵਰ੍ਹੇ ਦੌਰਾਨ ਅਸੀਂ ਅਮੈਰਿਕਨ ਇਤਿਹਾਸ ਦਾ ਸਭ ਤੋਂ ਸੁਰੱਖਿਅਤ ਬਾਰਡਰ ਬਣਾਉਣ ਵਿਚ ਸਫ਼ਲ ਰਹੇ। ਮੈਕਸੀਕੋ ਦੇ ਬਾਰਡਰ ’ਤੇ ਰੋਕੇ ਜਾ ਰਹੇ ਪ੍ਰਵਾਸੀਆਂ ਦੀ ਗਿਣਤੀ ਘਟ ਕੇ 6 ਹਜ਼ਾਰ ’ਤੇ ਆ ਚੁੱਕੀ ਹੈ ਅਤੇ ਪਿਛਲੇ 9 ਮਹੀਨੇ ਦੌਰਾਨ ਬਾਰਡਰ ਪੈਟਰੋਲ ਵਾਲਿਆਂ ਨੇ ਕੋਈ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਵਿਚ ਰਿਹਾਅ ਨਹੀਂ ਕੀਤਾ। ਇਕ ਪਾਸੇ ਕ੍ਰਿਸਟੀ ਨੌਇਮ ਆਪਣੀਆਂ ਪ੍ਰਾਪਤੀਆਂ ਦੇ ਕਿੱਸੇ ਸਾਂਝੇ ਕਰ ਰਹੇ ਸਨ ਤਾਂ ਦੂਜੇ ਪਾਸੇ ਬਾਰਡਰ ਜ਼ਾਰ ਟੌਮ ਹੋਮਨ ਨੇ ਮਿਨੇਸੋਟਾ ਸੂਬੇ ਵਿਚ ਤੈਨਾਤ 700 ਇੰਮੀਗ੍ਰੇਸ਼ਨ ਅਫ਼ਸਰਾਂ ਨੂੰ ਜਲਦ ਤੋਂ ਜਲਦ ਸੂਬਾ ਛੱਡਣ ਦੇ ਹੁਕਮ ਦੇ ਦਿਤੇ। 700 ਦਾ ਅੰਕੜਾ ਮਿਨੇਸੋਟਾ ਵਿਖੇ ਤੈਨਾਤ ਕੁਲ ਆਈਸ ਏਜੰਟਾਂ ਦਾ ਤਕਰੀਬਨ 25 ਫ਼ੀ ਸਦੀ ਬਣਦਾ ਹੈ। ਇਸ ਤੋਂ ਪਹਿਲਾਂ ਬਾਰਡਰ ਪੈਟਰੋਲ ਏਜੰਟਾਂ ਨੂੰ ਸੂਬੇ ਵਿਚੋਂ ਮੁਕੰਮਲ ਤੌਰ ’ਤੇ ਹਟਾਇਆ ਜਾ ਚੁੱਕਾ ਹੈ। ਇਥੇ ਦਸਣਾ ਬਣਦਾ ਹੈ ਕਿ ਦਸੰਬਰ ਮਹੀਨੇ ਦੌਰਾਨ ਕੈਨੇਡਾ ਜਾਂ ਮੈਕਸੀਕੋ ਦੇ ਬਾਰਡਰ ਰਾਹੀਂ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਗਿਣਤੀ 8,500 ਦਰਜ ਕੀਤੀ ਗਈ ਅਤੇ ਟਰੰਪ ਦੇ ਕਾਰਜਕਾਲ ਦੌਰਾਨ ਇਕ ਨਵਾਂ ਰੁਝਾਨ ਦੇਖਣ ਨੂੰ ਮਿਲਿਆ ਕਿ ਜ਼ਿਆਦਾਤਰ ਗੈਰਕਾਨੂੰਨੀ ਪ੍ਰਵਾਸੀ ਇਕੱਲੇ ਹੀ ਬਾਰਡਰ ਪਾਰ ਕਰ ਰਹੇ ਹਨ। ਭਾਰਤੀ ਲੋਕਾਂ ਦੇ ਅੰਕੜੇ ਦਾ ਜ਼ਿਕਰ ਕੀਤਾ ਜਾਵੇ ਕੈਨੇਡੀਅਨ ਬਾਰਡਰ ਰਾਹੀਂ ਤਕਰੀਬਨ 7 ਹਜ਼ਾਰ ਲੋਕ ਅਮਰੀਕਾ ਦਾਖਲ ਹੋਏ ਜਦਕਿ ਮੈਕਸੀਕੋ ਦੇ ਬਾਰਡਰ ’ਤੇ ਫੜੇ ਭਾਰਤੀਆਂ ਦੀ ਗਿਣਤੀ 1,543 ਦਰਜ ਕੀਤੀ ਗਈ। ਮੈਕਸੀਕੋ ਨਾਲ ਲਗਦੇ ਕਈ ਇਲਾਕਿਆਂ ਵਿਚ ਟਰੰਪ ਸਰਕਾਰ ਵੱਲੋਂ ਫੌਜ ਤੈਨਾਤ ਕੀਤੀ ਗਈ ਹੈ ਜਿਸ ਦੇ ਮੱਦੇਨਜ਼ਰ ਗੈਰਕਾਨੂੰਨੀ ਪ੍ਰਵਾਸੀ ਦਾਖਲ ਹੋਣ ਦੀ ਹਿੰਮਤ ਹੀ ਨਹੀਂ ਕਰਦੇ। ਟਰੰਪ ਦੇ ਸੱਤਾ ਵਿਚ ਆਉਣ ਮਗਰੋਂ ਅਜਿਹੇ ਲੋਕਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿਤਾ ਗਿਆ ਜਿਨ੍ਹਾਂ ਦੇ ਮੁਕੱਦਮੇ ਇੰਮੀਗ੍ਰੇਸ਼ਨ ਅਦਾਲਤਾਂ ਦੇ ਵਿਚਾਰ ਅਧੀਨ ਹਨ। ਹੁਣ ਅਦਾਲਤ ਵਿਚ ਪੇਸ਼ੀ ਦੌਰਾਨ ਜਾਣ ਤੋਂ ਵੀ ਪ੍ਰਵਾਸੀ ਘਬਰਾਉਂਦੇ ਹਨ ਕਿਉਂਕਿ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲੇ ਕੋਰਟ ਦੇ ਆਲੇ ਦੁਆਲੇ ਮੰਡਰਾਉਂਦੇ ਦੇਖੇ ਜਾ ਸਕਦੇ ਹਨ।


