ਖ਼ੁਦ ਜਰਮਨ ਤੋਂ ਆ ਕੇ ਵਸੇ ਸੀ ਟਰੰਪ ਦੇ ਪੁਰਖ਼ੇ, ਜਾਣੋ ਅਮਰੀਕਾ ਦਾ ਇਤਿਹਾਸ
ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ, ਉਹ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਨੇ ਪਰ ਇਸ ਵਾਰ ਰਾਸ਼ਟਰਪਤੀ ਬਣਦਿਆਂ ਹੀ ਉਨ੍ਹਾਂ ਨੇ ਪਰਵਾਸੀਆਂ ਨੂੰ ਅਮਰੀਕਾ ਵਿਚੋਂ ਖਦੇੜਨਾ ਸ਼ੁਰੂ ਕਰ ਦਿੱਤਾ। ਨਿੱਤ ਦਿਨ ਅਮਰੀਕਾ ਵਿਚੋਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ, ਜਿਸ ਨੇ ਹਜ਼ਾਰਾਂ ਉਨ੍ਹਾਂ ਲੋਕਾਂ ਦੇ ਸੁਪਨੇ ਚਕਨਾਚੂਰ ਕਰਕੇ ਰੱਖ ਦਿੱਤੇ ਨੇ ਜੋ ਅਮਰੀਕਾ ਵਿਚ ਚੰਗੀ ਜ਼ਿੰਦਗੀ ਜਿਉਣ ਦਾ ਸੁਪਨਾ ਲੈ ਕੇ ਗਏ ਸੀ।
By : Makhan shah
ਵਾਸ਼ਿੰਗਟਨ : ਜਦੋਂ ਤੋਂ ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਐ, ਉਦੋਂ ਤੋਂ ਹੀ ਉਹ ਅਮਰੀਕਾ ਵਿਚ ਰਹਿੰਦੇ ਪਰਵਾਸੀਆਂ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਨੇ, ਜਿਨ੍ਹਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਵੀ ਸ਼ਾਮਲ ਨੇ। ਦਰਅਸਲ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਜਦੋਂ ਡੋਨਾਲਡ ਟਰੰਪ ਵਾਸ਼ਿੰਗਟਨ ਡੀਸੀ ਸਥਿਤ ਸੇਂਟ ਜੌਨ ਚਰਚ ਵਿਚ ਪ੍ਰਾਰਥਨਾ ਕਰਨ ਲਈ ਗਏ ਤਾਂ ਚਰਚ ਦੀ ਬਿਸ਼ਪ ਮੈਰੀਅਨ ਐਡਗਰ ਬੁੱਡੇ ਨੇ ਟਰੰਪ ਨੂੰ ਆਖਿਆ ‘‘ਈਸ਼ਵਰ ਦੇ ਨਾਂਅ ’ਤੇ ਮੈਂ ਤੁਹਾਡੇ ਕੋਲੋਂ ਦੇਸ਼ ਦੇ ਉਨ੍ਹਾਂ ਲੋਕਾਂ ਦੇ ਲਈ ਦਇਆ ਮੰਗਦੀ ਆਂ ਜੋ ਹੁਣ ਡਰੇ ਹੋਏ ਨੇ।ਈਸ਼ਵਰ ਸਿਖਾਉਂਦੇ ਨੇ ਕਿ ਸਾਨੂੰ ਅਜ਼ਨਬੀਆਂ ਦੇ ਪ੍ਰਤੀ ਦਿਆਲੂ ਹੋਣਾ ਚਾਹੀਦੈ ਕਿਉਂਕਿ ਕਦੇ ਅਸੀਂ ਵੀ ਇਸ ਦੇਸ਼ ਵਿਚ ਅਜ਼ਨਬੀ ਸੀ।’’,, ਪਰ ਰਾਸ਼ਟਰਪਤੀ ਬਣਦੇ ਹੀ ਟਰੰਪ ਬਿਸ਼ਪ ਦੀ ਇਸ ਬੇਨਤੀ ਨੂੰ ਭੁੱਲ ਗਏ ਅਤੇ ਉਨ੍ਹਾਂ ਨੂੰ ਪਰਵਾਸੀਆਂ ਨੂੰ ਅਮਰੀਕਾ ਵਿਚੋਂ ਖਦੇੜਨਾ ਸ਼ੁਰੂ ਕਰ ਦਿੱਤਾ। ਟਰੰਪ ਇਹ ਭੁੱਲ ਗਏ ਕਿ ਉਨ੍ਹਾਂ ਦੇ ਖ਼ੁਦ ਦੇ ਪਰਿਵਾਰ ਦਾ ਪਿਛੋਕੜ ਵੀ ਅਮਰੀਕਾ ਦਾ ਨਹੀਂ,, ਫਿਰ ਉਹ ਕਿਵੇਂ ਪਰਵਾਸੀਆਂ ਦੇ ਪ੍ਰਤੀ ਇੰਨੇ ਜ਼ਾਲਮ ਹੋ ਸਕਦੇ ਨੇ? ਸੋ ਆਓ ਤੁਹਾਨੂੰ ਟਰੰਪ ਦੇ ਪਿਛੋਕੜ ਤੋਂ ਲੈ ਕੇ ਦੱਸਦੇ ਆਂ,, ਕੀ ਐ ਅਮਰੀਕਾ ਦਾ ਇਤਿਹਾਸ ਅਤੇ ਬਾਹਰੀ ਲੋਕਾਂ ਦੀ ਕੀ ਐ ਅਮਰੀਕਾ ਨੂੰ ਦੇਣ?
ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ, ਉਹ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਨੇ ਪਰ ਇਸ ਵਾਰ ਰਾਸ਼ਟਰਪਤੀ ਬਣਦਿਆਂ ਹੀ ਉਨ੍ਹਾਂ ਨੇ ਪਰਵਾਸੀਆਂ ਨੂੰ ਅਮਰੀਕਾ ਵਿਚੋਂ ਖਦੇੜਨਾ ਸ਼ੁਰੂ ਕਰ ਦਿੱਤਾ। ਨਿੱਤ ਦਿਨ ਅਮਰੀਕਾ ਵਿਚੋਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ, ਜਿਸ ਨੇ ਹਜ਼ਾਰਾਂ ਉਨ੍ਹਾਂ ਲੋਕਾਂ ਦੇ ਸੁਪਨੇ ਚਕਨਾਚੂਰ ਕਰਕੇ ਰੱਖ ਦਿੱਤੇ ਨੇ ਜੋ ਅਮਰੀਕਾ ਵਿਚ ਚੰਗੀ ਜ਼ਿੰਦਗੀ ਜਿਉਣ ਦਾ ਸੁਪਨਾ ਲੈ ਕੇ ਗਏ ਸੀ।
ਅਮਰੀਕਾ ਦੇ ਪਿਛੋਕੜ ’ਤੇ ਝਾਤ ਮਾਰੀ ਜਾਵੇ ਤਾਂ 3 ਅਗਸਤ 1492 ਨੂੰ ਇਟਾਲੀਅਨ ਐਕਸਪਲੋਰਰ ਕ੍ਰਿਸਟੋਫਰ ਕੋਲੰਬਸ ਸਪੇਨਿਸ਼ ਬੰਦਰਗਾਹ ਪਾਲੋਸ ਤੋਂ ਭਾਰਤ ਦੀ ਖੋਜ ਲਈ ਨਿਕਲਿਆ ਸੀ, ਜਿਸ ਦੇ ਨਾਲ 3 ਜਹਾਜ਼ਾਂ ਵਿਚ 90 ਲੋਕ ਮੌਜੂਦ ਸਨ। 12 ਅਕਤੂਬਰ 1492 ਨੂੰ ਉਹ ਬਾਹਾਮਾਸ ਦੇ ਸੈਨ ਸਾਲਵਾਡੋਰ ਆਈਲੈਂਡ ’ਤੇ ਪਹੁੰਚਿਆ ਸੀ, ਜਿੱਥੇ ਉਸ ਨੂੰ ਲਾਲ ਮੂੰਹ ਵਾਲੇ ਲੋਕ ਦਿਖਾਈ ਦਿੱਤੇ। ਕੋਲੰਬਸ ਨੇ ਉਨ੍ਹਾਂ ਨੂੰ ‘ਰੈੱਡ ਇੰਡੀਅਨ’ ਦਾ ਨਾਮ ਦਿੱਤਾ।
ਇਸ ਤੋਂ ਇਲਾਵਾ 1607 ਵਿਚ ਬ੍ਰਿਟਿਸ਼ ਟ੍ਰੈਵਲਰ ਜੌਨ ਸਮਿੱਥ ਕਲੋਨੀ ਵਸਾਉਣ ਦੇ ਇਰਾਦੇ ਨਾਲ ਅਮਰੀਕਾ ਤੋਂ ਵਰਜੀਨੀਆ ਪੁੱਜਿਆ, ਜਿੱਥੇ ਅਮਰੀਕਾ ਦੇ ਮੂਲ ਨਿਵਾਸੀ ਪੋਹਟਨ ਜਨਜਾਤੀ ਦੇ ਲੋਕਾਂ ਨੇ ਉਸ ਨੂੰ ਫੜ ਕੇ ਬੰਦੀ ਬਣਾ ਲਿਆ। ਉਹ ਉਸ ਦਾ ਸਿਰ ਕੱਟਣ ਵਾਲੇ ਹੀ ਸਨ ਕਿ ਕਬੀਲੇ ਦੇ ਮੁਖੀ ਦੀ ਬੇਟੀ ਰਾਜਕੁਮਾਰੀ ਪੋਕਾਹਾਂਟਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਬਾਅਦ ਵਿਚ ਇਹੀ ਰਾਜਕੁਮਾਰੀ ਬ੍ਰਿਟੇਨ ਤੋਂ ਆਏ ਲੋਕਾਂ ਅਤੇ ਅਮਰੀਕਾ ਦੇ ਮੂਲ ਨਿਵਾਸੀਆਂ ਵਿਚਾਲੇ ਦੋਸਤੀ ਦਾ ਜ਼ਰੀਆ ਬਣੀ।
ਵਰਜੀਨੀਆ ਦੇ ਜੇਮਸਟਾਊਨ ਵਿਚ ਕਰੀਬ 100 ਬ੍ਰਿਟਿਸ਼ ਲੋਕਾਂ ਨੇ ਪਹਿਲੀ ਕਾਲੋਨੀ ਵਸਾਈ, ਜਿੱਥੇ ਜੌਨ ਰਾਲਫ਼ ਨੇ ਤੰਬਾਕੂ ਦੀ ਖੇਤੀ ਸ਼ੁਰੂ ਕੀਤੀ। ਜੌਨ ਅਤੇ ਰਾਜਕੁਮਾਰੀ ਵਿਚ ਪਿਆਰ ਹੋ ਗਿਆ, ਜਿਸ ਤੋਂ ਬਾਅਦ 1614 ਵਿਚ ਦੋਵਾਂ ਨੇ ਵਿਆਹ ਕਰਵਾ ਲਿਆ, ਜਿਨ੍ਹਾਂ ਕੋਲ ਇਕ ਬੇਟਾ ਹੋਇਆ। ਜਦੋਂ ਰਾਜਕੁਮਾਰੀ ਪਾਕੋਹਾਂਟਸ ਬ੍ਰਿਟੇਨ ਗਈ ਤਾਂ ਉਸ ਦੀ ਖ਼ੂਬਸੂਰਤੀ ਅਤੇ ਤੌਰ ਤਰੀਕੇ ਦੇਖ ਬ੍ਰਿਟਿਸ਼ ਲੋਕ ਬਹੁਤ ਆਕਰਸ਼ਿਤ ਹੋਏ। ਇਸ ਤੋਂ ਬਾਅਦ ਸਪੇਨ, ਗ੍ਰੇਟ ਬ੍ਰਿਟੇਨ, ਫਰਾਂਸ ਵਰਗੇ ਦੇਸ਼ਾਂ ਵਿਚ ਅਮਰੀਕਾ ਜਾਣ ਦੀ ਹੋੜ ਮੱਚ ਗਈ। ਇੱਥੋਂ ਹੀ ਸ਼ੁਰੂ ਹੋਇਆ ਸੀ ‘ਦਿ ਗ੍ਰੇਟ ਮਾਈਗ੍ਰੇਸ਼ਨ।’
ਸ਼ੁਰੂ ਸ਼ੁਰੂ ਵਿਚ ਬ੍ਰਿਟਿਸ਼ ਲੋਕਾਂ ਨੇ ਅਮਰੀਕੀ ਮੂਲ ਨਿਵਾਸੀਆਂ ਨਾਲ ਦੋਸਤੀ ਕਰਕੇ ਖੇਤੀ ਕਰਨੀ ਸਿੱਖੀ। ਬ੍ਰਿਟਿਸ਼ ਆਪਣੇ ਨਾਲ ਕਈ ਬਿਮਾਰੀਆਂ ਵੀ ਲੈ ਕੇ ਆਏ, ਜਿਸ ਦੇ ਲਈ ਅਮਰੀਕਨ ਓਨੇ ਮਜ਼ਬੂਤ ਨਹੀਂ ਸਨ, ਉਨ੍ਹਾਂ ਦੀਆਂ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ, ਜਿਹੜੇ ਕੁੱਝ ਬਾਕੀ ਬਚੇ, ਉਨ੍ਹਾਂ ਨੂੰ ਬ੍ਰਿਟਿਸ਼ ਨੇ ਖਦੇੜਨਾ ਸ਼ੁਰੂ ਕਰ ਦਿੱਤਾ। ਫਿਰ ਅਗਸਤ 1619 ਵਿਚ ਸ਼ਿਪ ਰਾਹੀਂ ਪਹਿਲੀ ਵਾਰ ਅਫ਼ਰੀਕਾ ਤੋਂ 20 ਲੋਕਾਂ ਨੂੰ ਅਮਰੀਕੀ ਕਾਲੋਨੀ ਵਿਚ ਲਿਆਂਦਾ ਗਿਆ, ਜਿਨ੍ਹਾਂ ਨੂੰ ਗ਼ੁਲਾਮ ਬਣਾ ਕੇ ਅੰਗਰੇਜ਼ ਖੇਤਾਂ ਵਿਚ ਕੰਮ ਕਰਵਾਉਂਦੇ ਸੀ। 1732 ਤੱਕ ਨਾਰਥ ਅਮਰੀਕਾ ਵਿਚ ਅਟਲਾਂਟਿਕ ਸਮੁੰਦਰ ਦੇ ਕੰਢੇ ਗ੍ਰੇਟ ਬ੍ਰਿਟੇਨ ਨੇ 13 ਕਾਲੋਨੀਆਂ ਵਸਾ ਲਈਆਂ ਸੀ। 16ਵੀਂ ਸਦੀ ਤੱਕ 3 ਤਰ੍ਹਾਂ ਦੇ ਲੋਕ ਅਮਰੀਕਾ ਵਿਚ ਵੱਸਣ ਦੇ ਲਈ ਪਹੁੰਚੇ, ਜਿਨ੍ਹਾਂ ਵਿਚ ਕਮਾਈ ਜਾਂ ਨੌਕਰੀ ਦੀ ਭਾਲ ਕਰਨ ਵਾਲੇ, ਧਾਰਮਿਕ ਸੋਸ਼ਣ ਜਾਂ ਭੇਦਭਾਵ ਦਾ ਸ਼ਿਕਾਰ ਹੋਣ ਵਾਲੇ ਜਾਂ ਮਨੁੱਖੀ ਤਸਕਰੀ ਅਤੇ ਗ਼ੁਲਾਮ ਬਣਾ ਕੇ ਲਿਆਂਦੇ ਜਾਣ ਵਾਲੇ ਲੋਕ ਸ਼ਾਮਲ ਸਨ।
1750 ਦੇ ਦਹਾਕੇ ਤੱਕ ਫਰਾਂਸ ਨੇ ਨਾਰਥ ਅਮਰੀਕਾ ਦੇ ਕੈਨੇਡਾ ਅਤੇ ਗ੍ਰੇਟ ਲੇਕਸ ’ਤੇ ਕਬਜ਼ਾ ਕਰ ਲਿਆ ਸੀ, ਜਿੱਥੇ 75 ਹਜ਼ਾਰ ਲੋਕ ਰਹਿ ਰਹੇ ਸੀ, ਜਦਕਿ ਗ੍ਰੇਟ ਬ੍ਰਿਟੇਨ ਨੇ 13 ਅਮਰੀਕੀ ਕਾਲੋਨੀਆਂ ਵਸਾ ਲਈਆਂ ਸੀ, ਜਿਨ੍ਹਾਂ ’ਤੇ 15 ਲੱਖ ਲੋਕ ਰਹਿ ਰਹੇ ਸੀ। 1754 ਤੋਂ 1763 ਤੱਕ ਅਮਰੀਕਾ ’ਤੇ ਜ਼ਮੀਨੀ ਕਬਜ਼ੇ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚ ਜੰਗ ਹੋਈ। ਫਰਾਂਸ ਨੂੰ ਰੈੱਡ ਇੰਡੀਅਨਸ ਨੇ ਸੁਪੋਰਟ ਕੀਤਾ, ਜਦਕਿ ਬ੍ਰਿਟਿਸ਼ਰਜ਼ ਨੂੰ ਨਿਊ ਅਮਰੀਕਨ ਦਾ ਸੁਪੋਰਟ ਸੀ।
ਆਖ਼ਰਕਾਰ ਅੰਗਰੇਜ਼ਾਂ ਦੀ ਜਿੱਤ ਹੋਈ, ਜਿਸ ਕਾਰਨ ਮੂਲ ਨਿਵਾਸੀਆਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ। ਅਮਰੀਕਾ ਵਿਚ ਪੀੜ੍ਹੀਆਂ ਤੋਂ ਰਹਿ ਰਹੇ ਬਾਹਰੀਆਂ ਯਾਨੀ ਨਿਊ ਅਮਰੀਕਨ ਨੇ ਬ੍ਰਿਟਿਸ਼ ਸਾਸ਼ਨ ਦੇ ਖ਼ਿਲਾਫ਼ ਬਗ਼ਾਵਤ ਕਰ ਦਿੱਤੀ, ਜਿਸ ਦੌਰਾਨ 4 ਜੁਲਾਈ 1776 ਨੂੰ 13 ਅਮਰੀਕੀ ਕਾਲੋਨੀਆਂ ਨੇ ਖ਼ੁਦ ਨੂੰ ਆਜ਼ਾਦ ਐਲਾਨ ਕਰ ਦਿੱਤਾ। ਅੱਜ ਵੀ ਇਸ ਦਿਨ ਨੂੰ ਅਮਰੀਕਾ ਵਿਚ ‘ਇੰਡਡਿਪੈਂਡੈਂਸ ਡੇਅ’ ਵਜੋਂ ਮਨਾਇਆ ਜਾਂਦਾ ਏ। ਇਸ ਤੋਂ ਬਾਅਦ ਅਮਰੀਕੀ ਕ੍ਰਾਂਤੀ ਦੀ ਕਮਾਨ ਸੰਭਾਲਣ ਵਾਲੇ ਜੌਰਜ ਵਾਸ਼ਿੰਗਟਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣੇ, ਜਿਨ੍ਹਾਂ ਦੇ ਪੁਰਖ਼ੇ ਇੰਗਲੈਂਡ ਤੋਂ ਆ ਕੇ ਅਮਰੀਕਾ ਵਿਚ ਵਸੇ ਸੀ।
19ਵੀਂ ਸਦੀ ਤੱਕ ਉਤਰੀ ਅਮਰੀਕਾ ਵਿਚ ਕਈ ਉਦਯੋਗ ਖੁੱਲ੍ਹੇ, ਤੇਜ਼ੀ ਨਾਲ ਵਿਕਾਸ ਹੋਇਆ ਪਰ ਦੱਖਣੀ ਅਮਰੀਕਾ ਦਾ ਫੋਕਸ ਖੇਤੀ ’ਤੇ ਰਿਹਾ। ਦੱਖਣੀ ਰਾਜਾਂ ਨੂੰ ਮਜ਼ਦੂਰਾਂ ਦੀ ਲੋੜ ਸੀ, ਇਸ ਕਰਕੇ ਉਹ ਚਾਹੁੰਦੇ ਸੀ ਕਿ ਗ਼ੁਲਾਮਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ। ਇਸੇ ਦੌਰਾਨ ਇਕ ਨਵਾਂ ਰਾਜਨੀਤਕ ਵਿੰਗ ਬਣਿਆ ਰਿਪਬਲਿਕਨ ਪਾਰਟੀ,, ਜਿਸ ਦਾ ਮਕਸਦ ਅਮਰੀਕਾ ਤੋਂ ਪੂਰੀ ਤਰ੍ਹਾਂ ਗ਼ੁਲਾਮੀ ਨੂੰ ਖ਼ਤਮ ਕਰਨਾ ਸੀ। ਮੌਜੂਦਾ ਸਮੇਂ ਟਰੰਪ ਇਸੇ ਪਾਰਟੀ ਦੇ ਨੇਤਾ ਨੇ। ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਤੱਕ ਇਟਾਲੀਅਨ, ਪੁਰਤਗਾਲੀ, ਸਪੇਨਿਸ਼, ਯੂਨਾਨੀ, ਯਹੂਦੀ, ਰੂਸੀ ਅਤੇ ਕਈ ਯੂਰਪੀ ਲੋਕ ਵੱਡੀ ਗਿਣਤੀ ਵਿਚ ਅਮਰੀਕਾ ਪਹੁੰਚ ਚੁੱਕੇ ਸੀ। ਸੰਨ 1830 ਦੇ ਦਹਾਕੇ ਤੱਕ ਅਮਰੀਕਾ ਵਿਚ ਬਾਹਰੀਆਂ ਦੀ ਗਿਣਤੀ ਕਰੀਬ 6 ਲੱਖ ਸੀ ਜੋ ਅਗਲੇ 10 ਸਾਲ ਯਾਨੀ 1840 ਵਿਚ ਵਧ ਕੇ 17 ਲੱਖ ਹੋ ਗਈ ਸੀ। ਇਸ ਤੋਂ ਬਾਅਦ 1848 ਤੋਂ 1855 ਦੇ ਵਿਚਕਾਰ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸੋਨੇ ਦੀ ਖੋਜ ਵਿਚ ਕੈਲੀਫੋਰਨੀਆ ਪੁੱਜੇ, ਜਿੱਥੋਂ ਦੀ ਆਬਾਦੀ ਦੋ ਸਾਲਾਂ ਵਿਚ ਇਕ ਹਜ਼ਾਰ ਤੋਂ ਵਧ ਕੇ 25 ਹਜ਼ਾਰ ਹੋ ਗਈ ਸੀ।
ਇਕ ਰਿਪੋਰਟ ਦੇ ਮੁਤਾਬਕ 1783 ਤੋਂ ਲੈ ਕੇ 2019 ਦੇ ਵਿਚਕਾਰ 8.6 ਕਰੋੜ ਤੋਂ ਜ਼ਿਆਦਾ ਲੋਕ ਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਆ ਕੇ ਵਸੇ। ਪਿਊ ਰਿਸਰਚ ਦੇ ਮੁਤਾਬਕ 2023 ਵਿਚ ਅਮਰੀਕੀ ਆਬਾਦੀ ਦਾ 14.3 ਫ਼ੀਸਦੀ ਹਿੱਸਾ ਯਾਨੀ 4 ਕਰੋੜ 78 ਲੱਖ ਲੋਕ ਵਿਦੇਸ਼ ਵਿਚ ਜਨਮੇ ਨੇ। ਸਾਲ 2022 ਵਿਚ ਅਮਰੀਕਾਜ ਵਿਚ ਰਹਿ ਰਹੇ ਪ੍ਰਵਾਸੀਆਂ ਨੇ ਦੇਸ਼ ਦੀ ਜੀਡੀਪੀ ਵਿਚ ਕਰੀਬ 2.2 ਟ੍ਰਿਲੀਅਨ ਡਾਲਰ ਯਾਨੀ ਕਿ 189 ਕਰੋੜ ਰੁਪਏ ਦਾ ਯੋਗਦਾਨ ਪਾਇਆ ਜੋ ਅਮਰੀਕਾ ਦੀ ਜੀਡੀਪੀ ਦਾ 8 ਫ਼ੀਸਦੀ ਬਣਦਾ ਏ,, ਜਦਕਿ ਉਨ੍ਹਾਂ ਨੇ ਆਪਣੇ ਮੂਲ ਦੇਸ਼ਾਂ ਵਿਚ ਕਰੀਬ 7 ਲੱਖ ਕਰੋੜ ਰੁਪਏ ਹੀ ਭੇਜੇ। ਇਕ ਰਿਪੋਰਟ ਮੁਤਾਬਕ ਅਮਰੀਕਾ ਵਿਚ ਮੌਜੂਦਾ ਸਮੇਂ ਮੈਕਸੀਕੋ ਦੇ 1 ਕਰੋੜ 6 ਲੱਖ ਲੋਕ ਮੌਜੂਦ ਨੇ, ਭਾਰਤ ਦੇ 28 ਲੱਖ, ਚੀਨ ਦੇ 25 ਲੱਖ, ਫਿਲੀਪੀਨਸ ਦੇ 20 ਲੱਖ ਅਤੇ ਅਲ ਸਲਵਾਡੋਰ ਦੇ 14 ਲੋਕ ਮੌਜੂਦ ਨੇ।
ਦੇਖਿਆ ਜਾਵੇ ਤਾਂ ਅਮਰੀਕਾ ਨੂੰ ਸੁਪਰ ਪਾਵਰ ਅਤੇ ਇਨੋਵੇਸ਼ਨ ਦੀ ਧਰਤੀ ਵਿਦੇਸ਼ਾਂ ਤੋਂ ਆਏ ਲੋਕਾਂ ਨੇ ਹੀ ਬਣਾਇਆ, ਜਿਨ੍ਹਾਂ ਵਿਚ ਮਹਾਨ ਵਿਗਿਆਨੀ ਅਲਬਰਟ ਆਈਂਸਟਾਈਨ ਜਰਮਨੀ ਤੋਂ ਸੀ, ਕੰਪਿਊਟਰ ਸਾਇੰਸ ਦੇ ਜੌਨ ਵਾਨ ਨਿਊਮਨ ਹੰਗਰ ਤੋਂ, ਇਲੈਕਟ੍ਰੀਸਿਟੀ ਸਪਲਾਈ ਦੇ ਨਿਕੋਲਾ ਟੈਸਲਾ ਸਰਬੀਆ ਤੋਂ, ਯੂਐਸ ਸਪੇਸ ਪ੍ਰੋਗਰਾਮ ਦੇ ਮਾਹਿਰ ਵਾਨ ਬ੍ਰੌਨ ਜਰਮਨੀ ਤੋਂ, ਸਟੀਲ ਇੰਡਸਟਰੀ ਕਿੰਗ ਐਂਡ੍ਰਿਊ ਕਾਰਨੇਗੀ ਸਕਾਟਲੈਂਡ ਤੋਂ, ਆਟੋਮਿਕ ਬੰਬ ਦੇ ਮਾਹਿਰ ਜੇ ਰੌਬਰਟ ਓਪੇਨਹਾਈਮਰ ਜਰਮਨੀ ਤੋਂ, ਟੈਲੀਫ਼ੋਨ ਦੇ ਖੋਜਕਰਤਾ ਅਲੈਕਜੈਂਡਰ ਗ੍ਰਾਹਮ ਬੇਲ ਸਕਾਟਲੈਂਡ ਤੋਂ, ਹੌਟਮੇਲ ਦੇ ਸਬੀਰ ਭਾਟੀਆ ਭਾਰਤ ਤੋਂ, ਐਪਲ ਦੇ ਸਟੀਵ ਜੌਬਸ ਸੀਰੀਆ ਤੋਂ, ਗੂਗਲ ਦੇ ਨਿਰਮਾਤਾ ਸਰਗੀ ਮਿਖਾਲੋਵਿਚ ਰੂਸ ਤੋਂ, ਗੂਗਲ ਦੇ ਸੀਈਓ ਸੁੰਦਰ ਪਿਚਈ ਭਾਰਤ ਤੋਂ, ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਭਾਰਤ ਤੋਂ, ਓਰਲ ਪੋਲੀਓ ਵੈਕਸੀਨ ਨਿਰਮਾਤਾ ਅਲਬਰਟ ਬਰੂਸ ਸਾਬਿਨ ਪੋਲੈਂਡ ਤੋਂ, ਆਰਟੀਫਿਸ਼ਲ ਆਰਗੈਨ ਦੇ ਮਾਹਿਰ ਵਿਲੇਮ ਜੋਹਾਨ ਕੋਲਫ਼ ਨੀਦਰਲੈਂਡ ਤੋਂ, ਟੈਸਲਾ ਅਤੇ ਸਪੇਸ ਐਕਸ ਦੇ ਮੁਖੀ ਐਲਨ ਮਸਕ ਸਾਊਥ ਅਫ਼ਰੀਕਾ ਤੋਂ ਇਲਵਾ ਹੋਰ ਬਹੁਤ ਸਾਰੇ ਮਾਹਿਰ ਬਾਹਰਲੇ ਦੇਸ਼ਾਂ ਤੋਂ ਆ ਕੇ ਅਮਰੀਕਾ ਵੱਸੇ ਹੋਏ ਨੇ, ਜਿਨ੍ਹਾਂ ਨੇ ਅਮਰੀਕਾ ਦੀ ਤਰੱਕੀ ਵਿਚ ਵਡਮੁੱਲਾ ਯੋਗਦਾਨ ਪਾਇਆ। ਇਹ ਲੋਕ ਵੀ ਅਮਰੀਕਾ ਦੇ ਮੂਲ ਬਾਸ਼ਿੰਦੇ ਨਹੀਂ।
ਹੋਰ ਤਾਂ ਹੋਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਰਿਵਾਰਕ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਖ਼ੁਦ ਦਾ ਪਰਿਵਾਰਕ ਪਿਛੋਕੜ ਬਾਹਰੀ ਐ। ਟਰੰਪ ਦੀ ਮਾਤਾ ਮੈਰੀ ਸਕਾਟਿਸ਼ ਮੂਲ ਦੀ ਸੀ ਜੋ ਟਰੰਪ ਦੇ ਪਿਤਾ ਨਾਲ ਮੁਲਾਕਾਤ ਤੋਂ ਪਹਿਲਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੁੰਦੀ ਸੀ। ਇਹ ਸੰਨ 1930 ਦੀ ਗੱਲ ਐ ਜਦੋਂ ਟਰੰਪ ਦੀ ਮਾਤਾ ਮੈਰੀ ਸਕਾਟਲੈਂਡ ਤੋਂ ਮਹਿਜ਼ 50 ਡਾਲਰ ਲੈ ਕੇ ਹੋਰਨਾਂ ਪਰਵਾਸੀਆਂ ਦੀ ਤਰ੍ਹਾਂ ਚੰਗੇ ਭਵਿੱਖ ਦੀ ਆਸ ਲੈ ਕੇ ਅਮਰੀਕਾ ਆਈ ਸੀ। ਛੇ ਸਾਲਾਂ ਤੱਕ ਉਸ ਨੇ ਇੱਥੇ ਡਟ ਕੇ ਕੰਮ ਕੀਤਾ। ਫਿਰ ਸੰਨ 1936 ਵਿਚ ਮੈਰੀ ਅਤੇ ਟਰੰਪ ਦੇ ਪਿਤਾ ਫ੍ਰੇਡ ਟਰੰਪ ਵਿਆਹ ਦੇ ਬੰਧਨ ਵਿਚ ਬੱਝ ਗਏ ਸੀ। ਡੋਨਾਲਡ ਟਰੰਪ ਦੇ ਦਾਦਾ ਜਰਮਨ ਮੂਲ ਦੇ ਸੀ ਜਦਕਿ ਉਨ੍ਹਾਂ ਦੇ ਪਿਤਾ ਦਾ ਜਨਮ ਨਿਊਯਾਰਕ ਸ਼ਹਿਰ ਵਿਚ ਹੋਇਆ ਸੀ।
ਹੈਰਾਨੀ ਦੀ ਇਹ ਐ ਕਿ ਅਮਰੀਕਾ ਦੀ ਕਰੀਬ 34 ਕਰੋੜ ਦੀ ਆਬਾਦੀ ਵਿਚੋਂ ਸਿਰਫ਼ 97 ਲੱਖ ਲੋਕ ਹੀ ਅਮਰੀਕਾ ਦੇ ਮੂਲ ਨਿਵਾਸੀ ਨੇ। ਯਾਨੀ ਕਿ ਜੇਕਰ ਅਮਰੀਕਾ ਵਿਚੋਂ ਸਾਰੇ ਬਾਹਰੀਆਂ ਨੂੰ ਕੱਢ ਦਿੱਤਾ ਜਾਵੇ ਤਾਂ ਅਮਰੀਕਾ ਵਿਚ ਮਹਿਜ਼ 97 ਲੱਖ ਲੋਕ ਹੀ ਬਾਕੀ ਬਚਣਗੇ ਜੋ ਕੁੱਲ ਆਬਾਦੀ ਦਾ ਮਹਿਜ਼ 3 ਫ਼ੀਸਦੀ ਬਣਦੇ ਨੇ। ਦਰਅਸਲ 2024 ਵਿਚ ਕਿਸੇ ਕਾਨੂੰਨੀ ਵਜ੍ਹਾ ਨਾਲ ਅਸਥਾਈ ਰਾਹਤ ਤੋਂ ਬਿਨਾਂ ਕਰੀਬ 1.4 ਕਰੋੜ ਲੋਕ ਅਮਰੀਕਾ ਵਿਚ ਰਹਿ ਰਹੇ ਨੇ, ਜਿਨ੍ਹਾਂ ਨੂੰ ਟਰੰਪ ਬਾਹਰ ਦਾ ਰਸਤਾ ਦਿਖਾਉਣਾ ਚਾਹੁੰਦੇ ਨੇ। ਟਰੰਪ ਦਾ ਕਹਿਣਾ ਏ ਕਿ ‘‘ਅਸੀਂ ਬੁਰੇ ਖੂੰਖਾਰ ਅਪਰਾਧੀਆਂ ਨੂੰ ਬਾਹਰ ਕੱਢ ਰਹੇ ਆਂ, ਇਹ ਲੋਕ ਕਾਤਲ ਨੇ, ਇਹ ਲੋਕ ਇੰਨੇ ਬੁਰੇ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ, ਅਸੀਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਬਾਹਰ ਕੱਢ ਰਹੇ ਆਂ।’’
ਫਿਲਹਾਲ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਮੁਤਾਬਕ ਕਰੀਬ 6 ਲੱਖ 55 ਹਜ਼ਾਰ ਪਰਵਾਸੀ ਅਪਰਾਧੀ ਨੇ, ਜਿਨ੍ਹਾਂ ਵਿਚੋਂ ਕਰੀਬ 39 ਹਜ਼ਾਰ ਪਰਵਾਸੀ ਹਿਰਾਸਤ ਵਿਚ ਨੇ, ਜਦਕਿ ਇਨ੍ਹਾਂ ਤੋਂ ਇਲਾਵਾ 14 ਲੱਖ ਲੋਕਾਂ ਦੇ ਡਿਪੋਰਟੇਸ਼ਨ ਆਰਡਰ ਜਾਰੀ ਹੋ ਚੁੱਕੇ ਨੇ। ਇਸ ਤੋਂ ਇਲਾਵਾ 63 ਲੱਖ ਲੋਕਾਂ ਨੂੰ ਅਮਰੀਕਾ ਤੋਂ ਕੱਢੇ ਜਾਣ ਦੇ ਕੇਸ ਪੈਂਡਿੰਗ ਨੇ। ਟਰੰਪ ਦਾ ਮੰਨਣਾ ਏ ਕਿ ਨੌਕਰੀਆਂ ਦੇ ਵੱਡੇ ਹਿੱਸੇ ’ਤੇ ਪਰਵਾਸੀਆਂ ਦਾ ਕਬਜ਼ਾ ਹੋ ਗਿਆ ਏ, ਜਿਸ ਨਾਲ ਅਮਰੀਕੀ ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਇਸੇ ਕਰਕੇ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਵੱਲੋਂ ਮਾਸ ਡਿਪੋਰਟੇਸ਼ਨ ਅਪਰੇਸ਼ਨ ਲਾਂਚ ਕੀਤਾ ਗਿਆ ਏ। ਹਾਲਾਂਕਿ ਟਰੰਪ ਦਾ ਇਹ ਕਦਮ ਕੋਈ ਅਨੋਖਾ ਨਹੀਂ,, ਪਹਿਲਾਂ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਵੀ ਕਰੀਬ 29 ਲੱਖ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀ ਜਦਕਿ ਬਾਈਡਨ ਦੇ ਕਾਰਜਕਾਲ ਵਿਚ 15 ਲੱਖ ਲੋਕ ਡਿਪੋਰਟ ਕੀਤਾ ਗਏ ਸੀ।
ਸੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਸ ਕਾਰਵਾਈ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ