ਟਰੰਪ ਨੇ ਬਾਇਡਨ ਦੇ ਬੱਚਿਆਂ ਦੀ ਸੁਰੱਖਿਆ ਵਾਪਸ ਲਈ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਜੋਅ ਬਾਇਡਨ ਦੇ ਬੇਟੇ ਅਤੇ ਬੇਟੀ ਨੂੰ ਮਿਲੀ ਸਰਕਾਰੀ ਸੁਰੱਖਿਆ ਵਾਪਸ ਲੈਣ ਦਾ ਐਲਾਨ ਕਰ ਦਿਤਾ ਹੈ।

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਜੋਅ ਬਾਇਡਨ ਦੇ ਬੇਟੇ ਅਤੇ ਬੇਟੀ ਨੂੰ ਮਿਲੀ ਸਰਕਾਰੀ ਸੁਰੱਖਿਆ ਵਾਪਸ ਲੈਣ ਦਾ ਐਲਾਨ ਕਰ ਦਿਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਵੱਲੋਂ ਲੋਕਾਂ ਦਾ ਪੈਸਾ ਬਰਬਾਦ ਹੋਣ ਦੀ ਦਲੀਲ ਦਿੰਦਿਆਂ ਇਹ ਕਾਰਵਾਈ ਕੀਤੀ ਗਈ ਜਦਕਿ ਉਹ ਖੁਦ ਆਪਣਾ ਪਹਿਲਾ ਕਾਰਜਕਾਲ ਖਤਮ ਹੋਣ ਮਗਰੋਂ ਆਪਣੇ ਬੱਚਿਆਂ ਨੂੰ ਛੇ ਮਹੀਨੇ ਤੱਕ ਸਰਕਾਰੀ ਸੁਰੱਖਿਆ ਦੀ ਸਹੂਲਤ ਦੇ ਕੇ ਗਏ ਸਨ। ਜੋਅ ਬਾਇਡਨ ਨੇ ਵੀ ਅਜਿਹਾ ਹੀ ਕੀਤਾ ਅਤੇ ਆਪਣਾ ਕਾਰਜਕਾਲ ਖਤਮ ਹੋਣ ਤੋਂ ਛੇ ਮਹੀਨੇ ਤੱਕ ਹੰਟਰ ਬਾਇਡਨ ਅਤੇ ਐਸ਼ਲੀ ਬਾਇਡਨ ਨੂੰ ਸਰਕਾਰੀ ਸੁਰੱਖਿਆ ਮੁਹੱਈਆ ਕਰਵਾਈ ਪਰ ਟਰੰਪ ਦਾ ਕਹਿਣਾ ਹੈ ਕਿ ਹੰਟਰ ਨੂੰ ਮਿਲੀ ਸੁਰੱਖਿਆ ਸਰਕਾਰੀ ਖਜ਼ਾਨੇ ’ਤੇ ਬੋਝ ਪਾ ਰਹੀ ਹੈ।
ਸਰਕਾਰੀ ਖਜ਼ਾਨੇ ’ਤੇ ਬੋਝ ਪੈਣ ਦੀ ਦੁਹਾਈ ਦਿਤੀ
ਡੈਮੋਕ੍ਰੈਟਿਕ ਪਾਰਟੀ ਨੇ ਰਾਸ਼ਟਰਪਤੀ ਦੇ ਕਦਮ ਦਾ ਵਿਰੋਧ ਕਰਦਿਆਂ ਕਿਹਾ ਕਿ 2021 ਵਿਚ ਟਰੰਪ ਨੇ ਆਪਣੇ ਚਾਰ ਬੱਚਿਆਂ ਵਾਸਤੇ ਛੇ ਮਹੀਨੇ ਤੱਕ ਸਰਕਾਰੀ ਸੁਰੱਖਿਆ ਦਾ ਪ੍ਰਬੰਧ ਕੀਤਾ। ਕੀ ਉਸ ਵੇਲੇ ਸਰਕਾਰੀ ਖਜ਼ਾਨੇ ਉਤੇ ਬੋਝ ਨਹੀਂ ਸੀ ਪਿਆ। ਦੱਸ ਦੇਈਏ ਕਿ ਹੰਟਰ ਬਾਇਡਨ ਨੂੰ ਸੀਕਰੇਟ ਸਰਵਿਸ ਦੇ 18 ਏਜੰਟ ਮਿਲੇ ਹੋਏ ਸਨ ਜਦਕਿ ਐਸ਼ਲੀ ਬਾਇਡਨ ਨੂੰ 13 ਏਜੰਟ ਸੁਰੱਖਿਆ ਮੁਹੱਈਆ ਕਰਵਾ ਰਹੇ ਸਨ। ਹੰਟਰ ਬਾਇਡਨ ਹਾਲ ਹੀ ਵਿਚ ਦੱਖਣੀ ਅਫ਼ਰੀਕਾ ਦਾ ਗੇੜਾ ਲਾ ਕੇ ਆਇਆ ਅਤੇ ਇਹ ਗੱਲ ਵੀ ਟਰੰਪ ਨੂੰ ਬਿਲਕੁਲ ਨਾ ਜਚੀ। ਸੋਸ਼ਲ ਮੀਡੀਆ ’ਤੇ ਟਿੱਪਣੀ ਕਰਦਿਆਂ ਟਰੰਪ ਨੇ ਕਿਹਾ ਕਿ 18 ਜਣੇ ਹੰਟਰ ਦੀ ਸੁਰੱਖਿਆ ਵਿਚ ਤੈਨਾਤ ਹਨ ਅਤੇ ਉਹ ਛੁੱਟੀਆਂ ਮਨਾ ਰਿਹਾ ਹੈ। ਛੁੱਟੀਆਂ ਮਨਾਉਣ ਲਈ ਦੱਖਣੀ ਅਫਰੀਕਾ ਵਰਗਾ ਮੁਲਕ ਚੁਣਿਆ ਜਿਥੇ ਮਨੁੱਖੀ ਅਧਿਕਾਰਾਂ ਬਾਰੇ ਅਕਸਰ ਹੀ ਗੰਭੀਰ ਸਵਾਲ ਉਠਦੇ ਰਹਿੰਦੇ ਹਨ। ਇਨ੍ਹਾਂ ਕਾਰਨਾਂ ਕਰ ਕੇ ਹੀ ਅਮਰੀਕਾ ਨੇ ਦੱਖਣੀ ਅਫਰੀਕਾ ਨੂੰ ਦਿਤੀ ਜਾ ਰਹੀ ਆਰਥਿਕ ਸਹਾਇਤਾ ਬੰਦ ਕੀਤੀ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਟਰੰਪ ਦਾ ਪਰਵਾਰ ਬਹੁਤ ਵੱਡਾ ਹੋਣ ਕਾਰਨ ਵੱਡੀ ਗਿਣਤੀ ਵਿਚ ਸੀਕਰੇਟ ਸਰਵਿਸ ਏਜੰਟਾਂ ਦੀ ਤੈਨਾਤੀ ਉਧਰ ਕੀਤੀ ਗਈ ਹੈ ਅਤੇ ਬਹਾਨਾ ਹੰਟਰ ਬਾਇਡਨ ਦੇ ਦੱਖਣੀ ਅਫਰੀਕਾ ਦੌਰੇ ਦਾ ਬਣਾਇਆ ਜਾ ਰਿਹਾ ਹੈ। ਐਸ਼ਲੀ ਬਾਇਡਨ ਅਮਰੀਕਾ ਤੋਂ ਬਾਹਰ ਨਹੀਂ ਗਈ ਪਰ ਉਸ ਦੀ ਸੁਰੱਖਿਆ ਵੀ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਗਏ। ਹੰਟਰ ਅਤੇ ਐਸ਼ਲੀ ਤੋਂ ਪਹਿਲਾਂ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਅਤੇ ਡਾ. ਐਂਥਨੀ ਫੌਚੀ ਦੀ ਸਰਕਾਰੀ ਸੁਰੱਖਿਆ ਵਾਪਸ ਲਈ ਜਾ ਚੁੱਕੀ ਹੈ।
2021 ਵਿਚ ਆਪਣੇ ਬੱਚਿਆਂ ਨੂੰ ਸੁਰੱਖਿਆ ਦੇ ਕੇ ਗਏ ਸਨ ਟਰੰਪ
ਦੂਜੇ ਪਾਸੇ ਹੰਟਰ ਬਾਇਡਨ ਡੂੰਘੀਆਂ ਆਰਥਿਕ ਮੁਸ਼ਕਲਾਂ ਵਿਚ ਘਿਰਿਆ ਨਜ਼ਰ ਆ ਰਿਹਾ ਹੈ। ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਹੰਟਰ ਨੇ ਦੱਸਆ ਕਿ ਉਸ ਨੂੰ ਆਪਣੇ ਪਰਵਾਰ ਲਈ ਨਵਾਂ ਘਰ ਲੱਭਣ ਵਿਚ ਦਿੱਕਤਾਂ ਆ ਰਹੀਆਂ ਹਨ। ਐਕਸੀਓਸ ਦੀ ਰਿਪੋਰਟ ਮੁਤਾਬਕ ਹੰਟਰ ਨਿੱਜੀ ਖਰਚੇ ਕਾਫ਼ੀ ਜ਼ਿਆਦਾ ਵਧੇ ਹੋਏ ਹਨ। ਹਰ ਮਹੀਨੇ ਪੰਜ ਹਜ਼ਾਰ ਡਾਲਰ ਆਪਣੀ ਛੇ ਸਾਲ ਦੀ ਬੇਟੀ ਨੇਵੀ ਜੋਆਨ ਰੌਬਰਟਸ ਦੀ ਪਰਵਰਿਸ਼ ਵਾਸਤੇ ਦੇਣੇ ਪੈਂਦੇ ਹਨ ਜਦਕਿ ਸਾਬਕਾ ਪਤਨੀ ਕੈਥਲੀਨ ਨੂੰ 29 ਲੱਖ ਡਾਲਰ ਗੁਜ਼ਾਰਾ ਭੱਤਾ ਦੇਣ ਦਾ ਸਮਝੌਤਾ ਵੀ ਜੂਨ 2024 ਵਿਚ ਹੋਇਆ ਸੀ। ਹੰਟਰ ਦੇ ਉਲਟ ਉਸ ਦੀ ਭੈਣ ਵੱਲੋਂ ਵੰਡੀ ਜਾ ਰਹੀ ਖੈਰਾਤ ਸਵਾਲਾਂ ਦੇ ਘੇਰੇ ਵਿਚ ਹੈ। ਐਸ਼ਲੀ ਹੰਟਰ ਸਮਾਜ ਸੇਵਾ ਦਾ ਕੰਮ ਕਰਦੀ ਹੈ ਅਤੇ ਜੇਲਾਂ ਵਿਚ ਰਿਹਾਅ ਹੋਣ ਵਾਲੀਆਂ ਔਰਤਾਂ ਦਾ ਮੁੜ ਵਸੇਬਾ ਉਸ ਦੀਆਂ ਤਰਜੀਹਾਂ ਵਿਚ ਸ਼ਾਮਲ ਹੈ। ਵਾਈਟ ਹਾਊਸ ਵੱਲੋਂ ਐਸ਼ਲੀ ਦੀ ਸੰਸਥਾ ਨੂੰ ਮਿਲੇ ਢਾਈ ਲੱਖ ਡਾਲਰ ਦੇ ਦਾਨ ਬਾਰੇ ਪੜਤਾਲ ਕਰਵਾਈ ਜਾ ਸਕਦੀ ਹੈ ਜੋ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਦਿਤਾ ਗਿਆ।