ਅਮਰੀਕਾ ਦੇ ਖਜ਼ਾਨੇ ਦਾ ਮੂੰਹ ਲੋਕਾਂ ਵਾਸਤੇ ਖੋਲ੍ਹਣਗੇ ਟਰੰਪ
ਡੌਨਲਡ ਟਰੰਪ ਵੱਲੋਂ ਅਮਰੀਕਾ ਦੇ ਖਜ਼ਾਨੇ ਦਾ ਮੂੰਹ ਲੋਕਾਂ ਵਾਸਤੇ ਖੋਲ੍ਹਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ

By : Upjit Singh
ਵਾਸ਼ਿੰਗਟਨ : ਡੌਨਲਡ ਟਰੰਪ ਵੱਲੋਂ ਅਮਰੀਕਾ ਦੇ ਖਜ਼ਾਨੇ ਦਾ ਮੂੰਹ ਲੋਕਾਂ ਵਾਸਤੇ ਖੋਲ੍ਹਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੀ ਹਾਂ, ਕੈਨੇਡਾ ਅਤੇ ਭਾਰਤ ਸਣੇ ਦੁਨੀਆਂ ਭਰ ਦੇ ਮੁਲਕਾਂ ਉਤੇ ਲਾਗੂ ਟੈਰਿਫ਼ਸ ਰਾਹੀਂ ਖਰਬਾਂ ਡਾਲਰ ਦੀ ਕਮਾਈ ਹੋਣ ਦਾ ਦਾਅਵਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ 2 ਹਜ਼ਾਰ ਡਾਲਰ ਤੱਕ ਦੀ ਰਕਮ ਮੁਲਕ ਦੇ ਪਰਵਾਰਾਂ ਨੂੰ ਦੇਣ ਬਾਰੇ ਵਿਚਾਰ ਕਰ ਰਹੇ ਹਨ। ਹੁਣ ਮਸਲਾ ਇਹ ਪੈਦਾ ਹੁੰਦਾ ਹੈ ਕਿ ਅਮਰੀਕਾ ਵਾਸੀਆਂ ਨੂੰ ਅਜਿਹੀ ਕਿਸੇ ਵੀ ਆਰਥਿਕ ਮਦਦ ਵਾਸਤੇ ਕਾਂਗਰਸ ਤੋਂ ਪ੍ਰਵਾਨਗੀ ਲਾਜ਼ਮੀ ਹੈ ਜੋ ਪਹਿਲਾਂ ਹੀ ਟਰੰਪ ਸਰਕਾਰ ਦੇ ਖਰਚਿਆਂ ਨੂੰ ਪ੍ਰਵਾਨਗੀ ਦੇਣ ਲਈ ਸਹਿਮਤ ਨਹੀਂ।
ਹੁਣ 2-2 ਹਜ਼ਾਰ ਡਾਲਰ ਜੇਬਾਂ ਵਿਚ ਪਾਉਣ ਦਾ ਐਲਾਨ ਕੀਤਾ
ਉਧਰ, ਟਰੰਪ ਨੇ ਦਾਅਵਾ ਕੀਤਾ ਕਿ ਜਿਹੜੀ ਰਫ਼ਤਾਰ ਨਾਲ ਟੈਰਿਫ਼ਸ ਤੋਂ ਆਮਦਨ ਹੋ ਰਹੀ ਹੈ ਤਾਂ ਇਸ ਰਾਹੀਂ 37 ਟ੍ਰਿਲੀਅਨ ਡਾਲਰ ਦਾ ਕਰਜ਼ਾ ਚੁਟਕੀਆਂ ਵਿਚ ਉਤਰ ਜਾਵੇਗਾ। ਉਧਰ ਫੌਕਸ ਬਿਜ਼ਨਸ ਦੀ ਰਿਪੋਰਟ ਮੁਤਾਬਕ ਅਮਰੀਕਾ ਨੂੰ ਟੈਰਿਫ਼ਸ ਰਾਹੀਂ ਹੁਣ ਤੱਕ 215 ਅਰਬ ਡਾਲਰ ਦੀ ਕਮਾਈ ਹੋਈ ਹੈ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 600 ਡਾਲਰ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਪਰਵਾਰਾਂ ਨੂੰ ਰਕਮ ਵੰਡੀ ਜਾ ਸਕਦੀ ਹੈ। ਇਸ ਹਿਸਾਬ ਨਾਲ ਚਾਰ ਜੀਆਂ ਵਾਲੇ ਇਕ ਪਰਵਾਰ ਨੂੰ 2,400 ਡਾਲਰ ਮਿਲਣਗੇ। ਇਸੇ ਦੌਰਾਨ ਆਰਥਿਕ ਮਾਹਰ ਟਰੰਪ ਵੱਲੋਂ ਦਿਤੇ ਬਿਆਨ ਨਾਲ ਸਹਿਮਤ ਨਜ਼ਰ ਨਹੀਂ ਆਉਂਦੇ ਜਿਨ੍ਹਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਵੱਲੋਂ ਮੁੜ ਸ਼ਗੂਫ਼ਾ ਛੱਡਿਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਟਰੰਪ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਦਾਅਵਾ ਕੀਤਾ ਗਿਆ ਸੀ ਕਿ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫ਼ੀਸ਼ੀਐਂਸੀ ਯਾਨੀ ਡੌਜ ਵੱਲੋਂ ਫਜ਼ੂਲ ਖਰਚ ਬੰਦ ਕਰਦਿਆਂ ਅਰਬਾਂ ਡਾਲਰ ਬਚਾਏ ਜਾ ਚੁੱਕੇ ਹਨ ਅਤੇ ਇਸ ਰਕਮ ਦਾ 20 ਫ਼ੀ ਸਦੀ ਹਿੱਸਾ ਅਮਰੀਕਾ ਵਾਸੀਆਂ ਨੂੰ ਮਿਲਣਾ ਚਾਹੀਦਾ ਹੈ ਜਦਕਿ 20 ਫ਼ੀ ਸਦੀ ਰਕਮ ਮੁਲਕ ਸਿਰ ਚੜ੍ਹਿਆ ਕਰਜ਼ਾ ਉਤਾਰਨ ਲਈ ਵਰਤੀ ਜਾਵੇਗੀ। ਦਾਅਵਾ ਕੀਤਾ ਗਿਆ ਕਿ ਟਰੰਪ ਸਰਕਾਰ ਦੇ ਸੱਤਾ ਸੰਭਾਲਣ ਤੋਂ ਇਕ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ 55 ਅਰਬ ਡਾਲਰ ਦੀ ਬੱਚਤ ਸੰਭਵ ਹੋ ਸਕੀ।
6 ਮਹੀਨੇ ਪਹਿਲਾਂ 5-5 ਹਜ਼ਾਰ ਡਾਲਰ ਦਾ ਅਲਾਪਿਆ ਸੀ ਰਾਗ
ਬੱਚਤ ਦਾ ਵੱਡਾ ਹਿੱਸਾ ਸਰਕਾਰ ਨਾਲ ਠੱਗੀ ਦਾ ਰਾਹ ਬੰਦ ਕਰਦਿਆਂ, ਸਰਕਾਰੀ ਠੇਕੇ ਅਤੇ ਲੀਜ਼ ਰੱਦ ਕਰਦਿਆਂ ਅਤੇ ਅਸਾਸਿਆਂ ਦੀ ਵਿਕਰੀ ਰਾਹੀਂ ਹਾਸਲ ਦੱਸਿਆ ਜਾ ਰਿਹਾ ਹੈ। ਪਰ ਮੌਜੂਦਾ ਸਮੇਂ ਵਿਚ ਹਾਲਾਤ ਅਜਿਹੇ ਹਨ ਕਿ ਡੌਜ ਦਾ ਕੰਮਕਾਜ ਕਿਤੇ ਨਜ਼ਰ ਹੀ ਨਹੀਂ ਆਉਂਦਾ। ਇਕ ਇਨਵੈਸਟਮੈਂਟ ਫ਼ਰਮ ਦੇ ਮੁੱਖ ਕਾਰਜਕਾਰੀ ਅਫ਼ਸਰ ਜੇਮਜ਼ ਫ਼ਿਸ਼ਬੈਕ ਨੇ ਗਿਣਤੀ-ਮਿਣਤੀ ਲਾਉਣ ਮਗਰੋਂ ਦੱਸਿਆ ਕਿ ਅਮਰੀਕਾ ਵਿਚ ਟੈਕਸ ਅਦਾ ਕਰਨ ਵਾਲੇ ਹਰ ਸ਼ਖਸ ਨੂੰ ਪੰਜ ਹਜ਼ਾਰ ਡਾਲਰ ਮਿਲ ਸਕਦੇ ਹਨ ਪਰ ਕੁਝ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਇਕ ਪਰਵਾਰ ਦੇ ਹਿੱਸੇ ਪੰਜ ਹਜ਼ਾਰ ਡਾਲਰ ਆਉਣਗੇ। ਇਸ ਦੇ ਉਲਟ ਕੁਝ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਡੌਜ ਵੱਲੋਂ 2 ਖਰਬ ਡਾਲਰ ਦੀ ਬੱਚਤ ਕੀਤੇ ਜਾਣ ’ਤੇ ਹੀ 78 ਮਿਲੀਅਨ ਟੈਕਸ ਅਦਾ ਕਰ ਰਹੇ ਪਰਵਾਰਾਂ ਨੂੰ 5-5 ਹਜ਼ਾਰ ਡਾਲਰ ਦੀ ਰਕਮ ਮੁਹੱਈਆ ਕਰਵਾਈ ਜਾ ਸਕਦੀ ਹੈ।


