ਗਰੀਨਲੈਂਡ ਨੂੰ ਵੀ ਅਮਰੀਕਾ ਦੇ ਹਿੱਸਾ ਬਣਾਉਣਾ ਚਾਹੁੰਦੇ ਨੇ ਟਰੰਪ
ਡੌਨਲਡ ਟਰੰਪ ਦੀਆਂ ਇਛਾਵਾਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਇਕ ਮਗਰੋਂ ਇਕ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਉਹ ਡੈਨਮਾਰਕ ਦੀ ਮਾਲਕੀ ਵਾਲੇ ਗਰੀਨਲੈਂਡ ਨੂੰ ਅਮਰੀਕਾ ਦਾ ਹਿੱਸਾ ਬਣਾਉੁਣਾ ਚਾਹੁੰਦੇ ਹਨ।
By : Upjit Singh
ਵਾਸ਼ਿੰਗਟਨ : ਡੌਨਲਡ ਟਰੰਪ ਦੀਆਂ ਇਛਾਵਾਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਇਕ ਮਗਰੋਂ ਇਕ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਉਹ ਡੈਨਮਾਰਕ ਦੀ ਮਾਲਕੀ ਵਾਲੇ ਗਰੀਨਲੈਂਡ ਨੂੰ ਅਮਰੀਕਾ ਦਾ ਹਿੱਸਾ ਬਣਾਉੁਣਾ ਚਾਹੁੰਦੇ ਹਨ। ਦੂਜੇ ਪਾਸੇ ਡੈਨਮਾਰਕ ਦੇ ਖੁਦਮੁਖਤਿਆਰੀ ਵਾਲੇ ਇਲਾਕੇ ਦੇ ਪ੍ਰਧਾਨ ਮੰਤਰੀ ਮਿਊਟ ਏਗਡ ਨੇ ਕਿਹਾ ਕਿ ਗਰੀਨਲੈਂਡ ਸਾਡਾ ਹੈ ਅਤੇ ਅਸੀਂ ਵਿਕਰੀ ਵਾਸਤੇ ਨਹੀਂ ਹਾਂ। ਇਸੇ ਦੌਰਾਨ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਅਮਰੀਕਾ ਦੀ ਨਵੀਂ ਸਰਕਾਰ ਨਾਲ ਤਾਲਮੇਲ ਅਧੀਨ ਅੱਗੇ ਵਧਣਾ ਚਾਹੁੰਦਾ ਹੈ। ਪਰ ਗਰੀਨਲੈਂਡ ਦੇ ਮੁੱਦੇ ’ਤੇ ਉਹ ਮਿਊਟ ਏਗਡ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਗਰੀਨਲੈਂਡ ਵੇਚਿਆ ਨਹੀਂ ਜਾਵੇਗਾ।
ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਇਤਰਾਜ਼
ਇਥੇ ਦਸਣਾ ਬਣਦਾ ਹੈ ਕਿ ਡੌਨਲਡ ਟਰੰਪ ਇਸ ਤੋਂ ਪਹਿਲਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦਾ ਜ਼ਿਕਰ ਕਰ ਚੁੱਕੇ ਹਨ ਜਦਕਿ ਪਨਾਮਾ ਨਹਿਰ ’ਤੇ ਮੁੜ ਕਾਬਜ਼ ਹੋਣ ਦੀ ਗੱਲ ਵੀ ਉਨ੍ਹਾਂ ਨੇ ਕੀਤੀ। 2019 ਵਿਚ ਵੀ ਟਰੰਪ ਵੱਲੋਂ ਗਰੀਨਲੈਂਡ ਵਿਚ ਦਿਲਚਸਪੀ ਦਾ ਇਜ਼ਹਾਰ ਕੀਤਾ ਗਿਆ ਪਰ ਬਾਅਦ ਵਿਚ ਇਰਾਦਾ ਛੱਡ ਦਿਤਾ। ਹੁਣ ਟਰੰਪ ਦਲੀਲਾਂ ਦੇ ਰਹੇ ਹਨ ਕਿ ਕੌਮੀ ਸੁਰੱਖਿਆ ਦੇ ਮੱਦੇਨਜ਼ਰ ਗਰੀਨਲੈਂਡ ਦੀ ਮਾਲਕੀ ਬੇਹੱਦ ਲਾਜ਼ਮੀ ਹੋ ਚੁੱਕੀ ਹੈ। ਹਾਲਾਂਕਿ ਟਰੰਪ ਵੱਲੋਂ ਕੌਮੀ ਸੁਰੱਖਿਆ ਦੇ ਆਧਾਰ ਨਾਲ ਸਬੰਧਤ ਕੋਈ ਵਿਸਤਾਰਤ ਵੇਰਵੇ ਸਾਂਝੇ ਨਹੀਂ ਕੀਤੇ ਗਏ।
ਕੈਨੇਡਾ ਨੂੰ 51ਵਾਂ ਸੂਬਾ ਅਤੇ ਪਨਾਮਾ ਨਹਿਰ ’ਤੇ ਮੁੜ ਕਾਬਜ਼ ਹੋਣ ਇੱਛਾ ਜ਼ਾਹਰ ਕਰ ਚੁੱਕੇ
ਦੱਸ ਦੇਈਏ ਕਿ ਗਰੀਨਲੈਂਡ ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਮੰਨਿਆ ਜਾਂਦਾ ਹੈ ਕਿ ਮੌਜੂਦਾ ਵਰ੍ਹੇ ਦੀਆਂ ਗਰਮੀਆਂ ਦੌਰਾਨ ਰੂਸੀ ਸਮੁੰਦਰੀ ਜਹਾਜ਼ ਬਰਫ਼ ਨੂੰ ਚੀਰਦਾ ਹੋਇਆ ਧਰਤੀ ਦੇ ਨੌਰਥ ਪੋਲ ’ਤੇ ਪੁੱਜ ਗਿਆ। ਅਮਰੀਕਾ ਦਾ ਰਾਸ਼ਟਰਪਤੀ ਚੁਣੇ ਜਾਣਮਗਰੋਂ ਟਰੰਪ ਦੇ ਮਨ ਵਿਚ ਪੁਰਾਣਾ ਖਿਆਲ ਉਭਰ ਰਿਹਾ ਹੈ ਜੋ ਕਿਸੇ ਵੇਲੇ ਉਨ੍ਹਾਂ ਨੂੰ ਛੱਡ ਦਿਤਾ ਸੀ। ਗਰੀਨਲੈਂਡ ’ਤੇ ਮਾਲਕੀ ਹੋਣ ਦੀ ਸੂਰਤ ਵਿਚ ਅਮਰੀਕਾ, ਨੌਰਥ ਪੋਲ ਇਲਾਕੇ ਵਿਚ ਰੂਸੀ ਸਰਗਰਮੀਆਂ ’ਤੇ ਵਧੇਰੇ ਕਾਰਗਰ ਤਰੀਕੇ ਨਾਲ ਨਿਗਰਾਨੀ ਕਰ ਸਕਦਾ ਹੈ। ਹਾਵਰਡ ਇੰਟਰਨੈਸ਼ਨਲ ਰੀਵਿਊ ਵੱਲੋਂ ਪ੍ਰਕਾਸ਼ਤ ਇਕ ਰਿਪੋਰਟ ਮੁਤਾਬਕ ਰੂਸ ਠੰਢੀ ਜੰਗ ਵੇਲੇ ਦੇ ਉਨ੍ਹਾਂ 475 ਟਿਕਾਣਿਆਂ ’ਤੇ ਮੁੜ ਨਿਵੇਸ਼ ਕਰ ਰਿਹਾ ਹੈ ਜੋ ਫੌਜੀ ਨਜ਼ਰੀਏ ਤੋਂ ਬੇਹੱਦ ਅਹਿਮ ਮੰਨੇ ਜਾਂਦੇ ਹਨ। ਆਰਕਟਿਕ ਖੇਤਰ ਵਿਚ ਰੂਸ ਦੀਆਂ ਵਧਦੀਆਂ ਸਰਗਰਮੀਆਂ ਅਤੇ ਪੁਰਾਣੇ ਫੌਜੀ ਅੱਡਿਆਂ ਨੂੰ ਮੁੜ ਸਰਗਰਮ ਕਰਨ ਦੇ ਯਤਨ ਅਮਰੀਕਾ ਦੀਆਂ ਚਿੰਤਾਵਾਂ ਵਿਚ ਵਾਧਾ ਕਰਦੇ ਮਹਿਸੂਸ ਹੋ ਰਹੇ ਹਨ।