ਟਰੰਪ ਵੱਲੋਂ ਨਿਊ ਯਾਰਕ ਟਾਈਮਜ਼ ਵਿਰੁੱਧ 15 ਅਰਬ ਡਾਲਰ ਦਾ ਦਾਅਵਾ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ‘ਨਿਊ ਯਾਰਕ ਟਾਈਮਜ਼’ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਦਿਆਂ ਹਰਜਾਨੇ ਵਜੋਂ 15 ਅਰਬ ਡਾਲਰ ਦੀ ਮੋਟੀ ਰਕਮ ਮੰਗਣ ਦਾ ਐਲਾਨ ਕੀਤਾ ਗਿਆ ਹੈ

By : Upjit Singh
ਨਿਊ ਯਾਰਕ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ‘ਨਿਊ ਯਾਰਕ ਟਾਈਮਜ਼’ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਦਿਆਂ ਹਰਜਾਨੇ ਵਜੋਂ 15 ਅਰਬ ਡਾਲਰ ਦੀ ਮੋਟੀ ਰਕਮ ਮੰਗਣ ਦਾ ਐਲਾਨ ਕੀਤਾ ਗਿਆ ਹੈ। ਸੋਮਵਾਰ ਰਾਤ ਸੋਸ਼ਲ ਮੀਡੀਆ ਰਾਹੀਂ ਕੀਤੀ ਟਿੱਪਣੀ ਵਿਚ ਡੌਨਲਡ ਟਰੰਪ ਨੇ ਨਿਊ ਯਾਰਕ ਟਾਈਮਜ਼ ਨੂੰ ਮੁਲਕ ਦੇ ਇਤਿਹਾਸ ਦਾ ਸਭ ਤੋਂ ਘਟੀਆ ਅਖਬਾਰ ਦੱਸਿਆ। ਮੀਡੀਆ ਅਦਾਰੇ ’ਤੇ ਡੈਮੋਕ੍ਰੈਟਿਕ ਪਾਰਟੀ ਦੀ ਹਮਾਇਤ ਕਰਨ ਦਾ ਦੋਸ਼ ਲਾਉਂਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ। ਦੱਸ ਦੇਈਏ ਕਿ ਨਿਊ ਯਾਰਕ ਟਾਈਮਜ਼ ਵੱਲੋਂ ਬੀਤੇ ਸਮੇਂ ਦੌਰਾਨ ਟਰੰਪ ਅਤੇ ਸਜ਼ਾ ਯਾਫ਼ਤਾ ਫਾਇਨੈਂਸਰ ਜੈਫ਼ਰੀ ਐਪਸਟਾਈਨ ਦੇ ਕਥਿਤ ਨਜ਼ਦੀਕੀ ਸਬੰਧਾਂ ਬਾਰੇ ਕਈ ਲੇਖ ਪ੍ਰਕਾਸ਼ਤ ਕੀਤੇ ਗਏ।
ਮੁਲਕ ਦੇ ਇਤਿਹਾਸ ਦਾ ਸਭ ਤੋਂ ਘਟੀਆ ਅਖ਼ਬਾਰ ਦੱਸਿਆ
ਉਸ ਵੇਲੇ ਤਾਂ ਹੱਦ ਹੀ ਹੋ ਗਈ ਜਦੋਂ ਡੈਮੋਕ੍ਰੈਟਿਕ ਪਾਰਟੀ ਨੇ ਇਕ ਅਸ਼ਲੀਲ ਪੱਤਰ ਅਤੇ ਡਰਾਈਂਗ ਜਨਤਕ ਕਰਦਿਆਂ ਦਾਅਵਾ ਕੀਤਾ ਕਿ ਟਰੰਪ ਨੇ ਇਹ ਨੋਟ ਜੈਫ਼ਰੀ ਐਪਸਟਾਈਨ ਦੇ ਜਨਮ ਦਿਨ ਮੌਕੇ ਭੇਜਿਆ ਸੀ। ਨਿਊ ਯਾਰਕ ਟਾਈਮਜ਼ ਵੱਲੋਂ ਇਸ ਪੱਤਰ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਜਿਸ ਮਗਰੋਂ ਟਰੰਪ ਨੇ ਪਿਛਲੇ ਹਫ਼ਤੇ ਹੀ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨ ਦੇ ਇਰਾਦੇ ਜ਼ਾਹਰ ਕਰ ਦਿਤੇ ਸਨ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਚੋਣਾਂ ਦੌਰਾਨ ਨਿਊ ਯਾਰਕ ਟਾਈਮਜ਼ ਨੇ ਖੁੱਲ੍ਹ ਕੇ ਕਮਲਾ ਹੈਰਿਸ ਦੀ ਹਮਾਇਤ ਕੀਤੀ ਅਤੇ ਟਰੰਪ ਉਦੋਂ ਤੋਂ ਹੀ ਬਦਲਾ ਲੈਣ ਦੀ ਤਾਕ ਵਿਚ ਸਨ। ਤਾਜ਼ਾ ਟਿੱਪਣੀ ਦੌਰਾਨ ਟਰੰਪ ਨੇ ਕਿਹਾ, ‘‘ਨਿਊ ਯਾਰਕ ਟਾਈਮਜ਼ ਕਈ ਦਹਾਕਿਆਂ ਤੋਂ ਤੁਹਾਡੇ ਖਾਸ ਰਾਸ਼ਟਰਪਤੀ, ਮੇਰੇ ਪਰਵਾਰ, ਕਾਰੋਬਾਰ ਅਤੇ ਮੇਕ ਅਮੈਰਿਕ ਗ੍ਰੇਟ ਅਗੇਨ ਵਿਰੁੱਧ ਕੂੜ ਪ੍ਰਚਾਰ ਕਰਦਾ ਆ ਰਿਹਾ ਹੈ। ਕਿਸੇ ਵੇਲੇ ਸਤਿਕਾਰਤ ਮੰਨੇ ਜਾਂਦੇ ਇਸ ਰੱਦੀ ਦੀ ਟੁਕੜੇ ਨੂੰ ਜਵਾਬਦੇਹ ਬਣਾਉਂਦਿਆਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਝੂਠੀਆਂ ਖਬਰਾਂ ਵਾਲੇ ਨੈਟਵਰਕਸ ਵਿਰੁੱਧ ਕਾਰਵਾਈ ਕੀਤੀ ਗਈ।’’ ਟਰੰਪ ਨੇ ਦਾਅਵਾ ਕੀਤਾ ਕਿ ਜਿਹੜੇ ਮੀਡੀਆ ਅਦਾਰਿਆਂ ਵਿਰੁੱਧ ਕਾਨੂੰਨੀ ਕਾਰਵਾਈ ਆਰੰਭੀ ਗਈ, ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਤੱਥਾਂ ਨੂੰ ਤੋੜ-ਮੋੜ ਕੇ ਮੇਰੇ ਵਿਰੁੱਧ ਝੂਠੀ ਜਾਣਕਾਰੀ ਫੈਲਾਈ ਜਾ ਰਹੀ ਹੈ।
ਜੈਫਰੀ ਐਪਸਟਾਈਨ ਨਾਲ ਸਬੰਧਾਂ ਬਾਰੇ ਖ਼ਬਰਾਂ ਤੋਂ ਔਖੇ ਹੋਏ ਰਾਸ਼ਟਰਪਤੀ
ਨਿਊ ਯਾਰਕ ਟਾਈਮਜ਼ ਨੂੰ ਕੁਝ ਜ਼ਿਆਦਾ ਹੀ ਆਜ਼ਾਦੀ ਮਿਲੀ ਹੋਈ ਸੀ ਪਰ ਹੁਣ ਇਹ ਸਭ ਬੰਦ ਹੋ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਟਰੰਪ ਵੱਲੋਂ ਨਿਊ ਯਾਰਕ ਟਾਈਮਜ਼ ਵਿਰੁੱਧ ਮੁਕੱਦਮਾ ਫਲੋਰੀਡਾ ਵਿਚ ਦਾਇਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਡੌਨਲਡ ਟਰੰਪ ‘ਦਾ ਵਾਲ ਸਟ੍ਰੀਟ ਜਰਨਲ’ ਵਿਰੁੱਧ 10 ਅਰਬ ਡਾਲਰ ਦੇ ਹਰਜਾਨੇ ਦਾ ਮੁਕੱਦਮਾ ਦਾਇਰ ਕਰ ਚੁੱਕੇ ਹਨ। ਵਾਲ ਸਟ੍ਰੀਟ ਵੱਲੋਂ ਵੀ ਜੈਫਰੀ ਐਪਸਟਾਈਨ ਨਾਲ ਟਰੰਪ ਦੇ ਸਬੰਧਾਂ ਨੂੰ ਉਭਾਰਿਆ ਗਿਆ ਸੀ। ਦੂਜੇ ਪਾਸੇ ਪੈਰਾਮਾਊਂਟ ਵੱਲੋਂ 16 ਮਿਲੀਅਨ ਡਾਲਰ ਦੀ ਅਦਾਇਗੀ ਕਰਦਿਆਂ ਅਦਾਲਤ ਦੇ ਬਾਹਰ ਹੀ ਮੁਕੱਦਮਾ ਨਿਬੇੜ ਦਿਤਾ। ਪੈਰਾਮਾਊਂਟ ਵੱਲੋਂ ਚੋਣਾਂ ਤੋਂ ਪਹਿਲਾਂ ਉਸ ਵੇਲੇ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਇਕ ਇੰਟਰਵਿਊ ਪ੍ਰਸਾਰਤ ਕੀਤੀ ਗਈ ਅਤੇ ਟਰੰਪ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਦਾ ਅਕਸਰ ਬਿਹਤਰ ਬਣਾਉਣ ਲਈ ਇੰਟਰਵਿਊ ਨੂੰ ਗੈਰਵਾਜਬ ਤਰੀਕੇ ਨਾਲ ਐਡਿਟ ਕੀਤਾ ਗਿਆ।


