ਟਰੰਪ ਨੇ ਤੀਜੇ ਕਾਰਜਕਾਲ ਲਈ ਵੇਚਣੀ ਸ਼ੁਰੂ ਕੀਤੀ ‘ਲਾਲ ਟੋਪੀ’
ਤੀਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ਸੁਪਨੇ ਦੇਖ ਰਹੇ ਡੌਨਲਡ ਟਰੰਪ ਵੱਲੋਂ 2028 ਦਾ ਪ੍ਰਚਾਰ ਹੁਣੇ ਤੋਂ ਆਰੰਭ ਦਿਤਾ ਗਿਆ ਹੈ।

By : Upjit Singh
ਵਾਸ਼ਿੰਗਟਨ : ਤੀਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ਸੁਪਨੇ ਦੇਖ ਰਹੇ ਡੌਨਲਡ ਟਰੰਪ ਵੱਲੋਂ 2028 ਦਾ ਪ੍ਰਚਾਰ ਹੁਣੇ ਤੋਂ ਆਰੰਭ ਦਿਤਾ ਗਿਆ ਹੈ। ਜੀ ਹਾਂ, ਟਰੰਪ ਸਟੋਰ ਵੱਲੋਂ 2028 ਦੀਆਂ ਟੋਪੀਆਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਤੋਂ ਭਵਿੱਖ ਦੇ ਮਨਸੂਬਿਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਲਾਲ ਰੰਗ ਦੀ ਟੋਪੀ ਦਾ ਮੁੱਲ 50 ਡਾਲਰ ਤੈਅ ਕਰਦਿਆਂ 22ਵੀਂ ਸੰਵਿਧਾਨਕ ਸੋਧ ਨਾਲ ਸਬੰਧਤ ਇਕ ਟਿੱਪਣੀ ਵੀ ਲਿਖੀ ਗਈ ਪਰ ਇਸ ਨੂੰ ਜਲਦ ਹੀ ਹਟਾ ਦਿਤਾ ਗਿਆ। ਪਿਛਲੇ ਦਿਨੀਂ ਟਰੰਪ ਨੇ ਸਾਫ਼ ਲਫਜ਼ਾਂ ਵਿਚ ਕਿਹਾ ਸੀ ਕਿ ਉਹ ਤੀਜੇ ਕਾਰਜਕਾਲ ਦਾ ਰਾਹ ਪੱਧਰਾ ਕਰ ਕੇ ਹੀ ਦਮ ਲੈਣਗੇ।
ਸੰਵਿਧਾਨ ਦੀ 22ਵੀਂ ਸੋਧ ਬਾਰੇ ਟਿੱਪਣੀ ਲਿਖਣ ਮਗਰੋਂ ਹਟਾਈ
ਫਰੈਂਕਲਿਨ ਰੂਜ਼ਵੈਲਟ ਦੇ ਲਗਾਤਾਰ ਚਾਰ ਵਾਰ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਅਮਰੀਕਾ ਦੇ ਸੰਵਿਧਾਨ ਵਿਚ ਕੀਤੀ ਗਈ 22ਵੀਂ ਸੋਧ ਰਾਹੀਂ ਪੱਕਾ ਕਰ ਦਿਤਾ ਗਿਆ ਕਿ ਕੋਈ ਵੀ ਆਗੂ ਦੋ ਵਾਰ ਤੋਂ ਵੱਧ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ। ਉਧਰ ਟਰੰਪ ਦੀਆਂ ਟਿੱਪਣੀਆਂ ਵੱਡੀ ਅਹਿਮੀਅਤ ਰਖਦੀਆਂ ਹਨ ਕਿਉਂਕਿ ਉਨ੍ਹਾਂ ਨੇ ਚਾਰ ਸਾਲ ਪਹਿਲਾਂ ਜੋਅ ਬਾਇਡਨ ਹੱਥੋਂ ਹੋਈ ਹਾਰ ਪ੍ਰਵਾਨ ਨਾ ਕਰਨੇ ਦੇ ਸੰਕੇਤ ਦਿਤੇ ਸਨ ਅਤੇ ਅਮਰੀਕਾ ਦੀ ਸੰਸਦ ’ਤੇ ਹਮਲਾ ਵੀ ਹੋਇਆ। ਟਰੰਪ ਵਿਰੁੱਧ ਪਹਿਲਾ ਮਹਾਂਦੋਸ਼ ਲਾਏ ਜਾਣ ਦੀ ਸੁਣਵਾਈ ਦੌਰਾਨ ਮੋਹਰੀ ਰੋਲ ਅਦਾ ਕਰਨ ਵਾਲੇ ਨਿਊ ਯਾਰਕ ਨਾਲ ਸਬੰਧਤ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਡੈਨੀਅਲ ਗੋਲਡਮੈਨ ਦਾ ਕਹਿਣਾ ਸੀ ਕਿ ਜੇ ਰਿਪਬਲਿਕਨ ਪਾਰਟੀ ਦੇ ਕਾਂਗਰਸ ਮੈਂਬਰ ਸੰਵਿਧਾਨ ਉਤੇ ਯਕੀਨ ਰਖਦੇ ਹਨ ਤਾਂ ਉਹ ਟਰੰਪ ਦੇ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਵਿਰੋਧ ਜ਼ਰੂਰ ਕਰਨਗੇ। ਬੋਸਟਨ ਦੀ ਨੌਰਥ ਈਸਟ੍ਰਨ ਯੂਨੀਵਰਸਿਟੀ ਵਿਚ ਸੰਵਿਧਾਨਕ ਕਾਨੂੰਨ ਦੇ ਪ੍ਰੋਫੈਸਰ ਜੈਰੇਮੀ ਪੌਲ ਦਾ ਕਹਿਣਾ ਸੀ ਕਿ ਤੀਜੇ ਕਾਰਜਕਾਲ ਦਾ ਕੋਈ ਕਾਨੂੰਨੀ ਆਧਾਰ ਮੌਜੂਦ ਨਹੀਂ। ਯੂਨੀਵਰਸਿਟੀ ਆਫ਼ ਨੌਟਰੇ ਡਾਮ ਵਿਚ ਚੋਣ ਕਾਨੂੰਨਾਂ ਦੇ ਪ੍ਰੋਫੈਸਰ ਡੈਰੇਕ ਮੂਲਰ ਨੇ ਕਿਹਾ ਕਿ 1804 ਵਿਚ ਕੀਤੀ ਗਈ 12ਵੀਂ ਸੰਵਿਧਾਨਕ ਸੋਧ ਮਤਾਬਕ ਰਾਸ਼ਟਰਪਤੀ ਦੇ ਅਹੁਦੇ ਲਈ ਅਯੋਗ ਆਗੂ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਵਾਸਤੇ ਯੋਗ ਨਹੀਂ ਹੋ ਸਕਦਾ ਹੈ ਜਿਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਟਰੰਪ 2028 ਦੀਆਂ ਚੋਣਾਂ ਵਿਚ ਉਪ ਰਾਸ਼ਟਰਪਤੀ ਦੀ ਚੋਣ ਵੀ ਨਹੀਂ ਲੜ ਸਕਦੇ ਜਿਵੇਂ ਕਿ ਕੁਝ ਸਿਆਸੀ ਮਾਹਰਾਂ ਵੱਲੋਂ ਕਿਆਸੇ ਲਾਏ ਜਾ ਰਹੇ ਹਨ।
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਵੀ ਕਰ ਚੁੱਕੀ ਹੈ ਤੀਜੇ ਕਾਰਜਕਾਲ ਦਾ ਜ਼ਿਕਰ
ਮੂਲਰ ਨੇ ਦਾਅਵਾ ਕੀਤਾ ਕਿ ਡੌਨਲਡ ਟਰੰਪ ਕੁਝ ਸਿਆਸੀ ਕਾਰਨਾਂ ਕਰ ਕੇ ਤੀਜੇ ਕਾਰਜਕਾਲ ਦਾ ਰਾਗ ਅਲਾਪ ਰਹੇ ਹਨ। ਇਨ੍ਹਾਂ ਸਾਰੇ ਦਾਅਵਿਆਂ ਦੇ ਉਲਟ ਟੈਨੇਸੀ ਤੋਂ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਐਂਡੀ ਓਗਲਸ ਵੱਲੋਂ ਇਕ ਤਜਵੀਜ਼ ਪੇਸ਼ ਕੀਤੀ ਗਈ ਹੈ ਜਿਸ ਵਿਚ ਲਿਖਿਆ ਹੈ ਕਿ ਕੋਈ ਸ਼ਖਸ ਤਿੰਨ ਵਾਰ ਤੋਂ ਵੱਧ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ ਅਤੇ ਲਗਾਤਾਰ ਦੋ ਵਾਰ ਰਾਸ਼ਟਰਪਤੀ ਬਣਨ ਮਗਰੋਂ ਉਸ ਨੂੰ ਤੀਜਾ ਕਾਰਜਕਾਲ ਵੀ ਨਹੀਂ ਮਿਲ ਸਕਦਾ। ਇਸੇ ਭੰਬਲਭੂਸੇ ਦਰਮਿਆਨ ਟਰੰਪ ਦੀਆਂ ਲਾਲ ਟੋਪੀਆਂ ਵੀ ਬਾਜ਼ਾਰ ਵਿਚ ਪੁੱਜ ਚੁੱਕੀਆਂ ਹਨ।


