ਪ੍ਰਵਾਸੀਆਂ ਲਈ ਮੁੜ ਦਰਵਾਜ਼ੇ ਖੋਲ੍ਹਣ ਲੱਗੇ ਟਰੰਪ
ਪ੍ਰਵਾਸੀਆਂ ਲਈ ਅਮਰੀਕਾ ਦੇ ਦਰਵਾਜ਼ੇ ਮੁੜ ਖੁੱਲ੍ਹਣ ਜਾ ਰਹੇ ਹਨ ਪਰ ਇਸ ਵਾਰ 3500 ਡਾਲਰ ਤੱਕ ਦੀ ਫੀਸ ਅਦਾ ਕਰਨੀ ਹੋਵੇਗੀ ਅਤੇ ਇੰਮੀਗ੍ਰੇਸ਼ਨ ਵਾਲੇ ਫੜ-ਫੜ ਕੇ ਡਿਪੋਰਟ ਵੀ ਨਹੀਂ ਕਰਨਗੇ।

By : Upjit Singh
ਵਾਸ਼ਿੰਗਟਨ : ਪ੍ਰਵਾਸੀਆਂ ਲਈ ਅਮਰੀਕਾ ਦੇ ਦਰਵਾਜ਼ੇ ਮੁੜ ਖੁੱਲ੍ਹਣ ਜਾ ਰਹੇ ਹਨ ਪਰ ਇਸ ਵਾਰ 3500 ਡਾਲਰ ਤੱਕ ਦੀ ਫੀਸ ਅਦਾ ਕਰਨੀ ਹੋਵੇਗੀ ਅਤੇ ਇੰਮੀਗ੍ਰੇਸ਼ਨ ਵਾਲੇ ਫੜ-ਫੜ ਕੇ ਡਿਪੋਰਟ ਵੀ ਨਹੀਂ ਕਰਨਗੇ। ਜੀ ਹਾਂ, ਟਰੰਪ ਸਰਕਾਰ ਇੰਮੀਗ੍ਰੇਸ਼ਨ ਤੋਂ ਵੀ ਅਰਬਾਂ ਡਾਲਰ ਕਮਾਉਣਾ ਚਾਹੁੰਦੀ ਹੈ ਅਤੇ ਜਲਦ ਹੀ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ। ਨਵੇਂ ਨਿਯਮ ਸਿਰਫ਼ ਨਵੇਂ ਪ੍ਰਵਾਸੀਆਂ ਵਾਸਤੇ ਹੋਣਗੇ ਅਤੇ ਪਹਿਲਾਂ ਤੋਂ ਮੌਜੂਦ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੀ ਨਿਆਂਇਕ ਕਮੇਟੀ ਵੱਲੋਂ ਇੰਮੀਗ੍ਰੇਸ਼ਨ ਸੁਧਾਰਾਂ ਵਾਲਾ ਬਿਲ ਅੱਗੇ ਵਧਾ ਦਿਤਾ ਗਿਆ ਹੈ ਜਿਸ ਤਹਿਤ ਪਹਿਲੀ ਵਾਰ ਪਨਾਹ ਦਾ ਦਾਅਵਾ ਕਰਨ ਵਾਲਿਆਂ ਤੋਂ ਘੱਟੋ ਘੱਟ ਇਕ ਹਜ਼ਾਰ ਡਾਲਰ ਫੀਸ ਵਸੂਲ ਕੀਤੀ ਜਾਵੇਗੀ ਜਦਕਿ ਬਗੈਰ ਦਸਤਾਵੇਜ਼ਾਂ ਵਾਲੇ ਬੱਚਿਆਂ ਨੂੰ ਸਪੌਂਸਰ ਕਰਨ ਵਾਲੇ ਅਮਰੀਕਾ ਵਾਸੀਆਂ ਨੂੰ 3500 ਡਾਲਰ ਦੇਣੇ ਹੋਣਗੇ।
ਪਨਾਹ ਦਾ ਦਾਅਵਾ ਕਰਨ ’ਤੇ ਇਕ ਹਜ਼ਾਰ ਡਾਲਰ ਫੀਸ ਲੱੱਗੇਗੀ
ਇਸੇ ਤਰ੍ਹਾਂ ਕੰਮ ਕਰਨ ਦੀ ਇਜਾਜ਼ਤ ਮੰਗਣ ਵਾਲਿਆਂ ਨੂੰ 550 ਡਾਲਰ ਫੀਸ ਵੱਖਰੇ ਤੌਰ ’ਤੇ ਦੇਣੀ ਹੋਵੇਗੀ। ਇੰਮੀਗ੍ਰੇਸ਼ਨ ਅਦਾਲਤ ਨੇ ਪਨਾਹ ਦਾ ਦਾਅਵਾ ਰੱਦ ਕਰ ਦਿਤਾ ਤਾਂ ਸਬੰਧਤ ਪ੍ਰਵਾਸੀ ਨੂੰ ਸੈਲਫ਼ ਡਿਪੋਰਟ ਹੋਣ ਦੇ ਹੁਕਮ ਦਿਤੇ ਜਾਣਗੇ। ਇੰਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਜਿੰਨੇ ਪ੍ਰਵਾਸੀ ਅਮਰੀਕਾ ਤੋਂ ਡਿਪੋਰਟ ਕੀਤੇ ਜਾਣਗੇ, ਉਸ ਅੰਕੜੇ ਤੋਂ ਤਕਰੀਬਨ ਅੱਧਿਆਂ ਨੂੰ ਅਮਰੀਕਾ ਦਾਖਲ ਹੋਣ ਦੀ ਇਜਾਜ਼ਤ ਮਿਲ ਸਕਦੀ ਹੈ। ਦੂਜੇ ਪਾਸੇ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਟੀਚਾ ਪੂਰਾ ਕਰਨ ਵਾਸਤੇ ਵੱਖਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਡਿਟੈਨਸ਼ਨਾਂ ਸੈਂਟਰਾਂ ਦੀ ਸਮਰੱਥਾ ਤਿੰਨ ਗੁਣਾ ਵਧਾਈ ਜਾ ਰਹੀ ਹੈ ਜਿਸ ਰਾਹੀਂ ਇਕ ਲੱਖ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਰੱਖਿਆ ਜਾ ਸਕੇਗਾ। ਮੈਕਸੀਕੋ ਦੇ ਬਾਰਡਰ ’ਤੇ 700 ਮੀਲ ਇਲਾਕੇ ਵਿਚ ਨਵੀਂ ਕੰਧ ਉਸਾਰਨ ਲਈ 45 ਅਰਬ ਡਾਲਰ ਦਾ ਪ੍ਰਬੰਧ ਕੀਤਾ ਗਿਆ ਹੈ। ਰਿਪਬਲਿਕਨ ਪਾਰਟੀ ਵਾਲੇ ਇਸ ਬਿਲ ਨੂੰ ਸ਼ਾਨਦਾਰ ਦੱਸ ਰਹੇ ਹਨ ਜਦਕਿ ਡੈਮੋਕ੍ਰੈਟਿਕ ਪਾਰਟੀ ਦੀ ਮੈਂਬਰਾਂ ਵੱਲੋਂ ਡੂੰਘੀ ਚਿੰਤਾ ਜ਼ਾਹਰ ਕੀਤੀ ਗਈ। ਮੈਰੀਲੈਂਡ ਤੋਂ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਜੇਮੀ ਰਾਸਕਿਨ ਵੱਲੋਂ ਕੌਮਂਤ ਵਿਦਿਆਰਥੀਆਂ ਦੀ ਵੀਜ਼ੇ ਰੱਦ ਕਰਨ ਅਤੇ ਬਰਥਰਾਈਟ ਸਿਟੀਜ਼ਨਸ਼ਿਪ ਖਤਮ ਕਰਨ ਦੇ ਯਤਨਾਂ ਦਾ ਮੁੱਦਾ ਉਠਾਇਆ ਗਿਆ। ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਵੱਲੋਂ ਯੂ.ਐਸ. ਸਿਟੀਜ਼ਨਜ਼ ਦੀ ਡਿਪੋਰਟੇਸ਼ਨ ਰੋਕਣ ਵਾਸਤੇ ਲਿਆਂਦਾ ਮਤਾ ਸਿੱਧੇ ਤੌਰ ’ਤੇ ਰੱਦ ਹੋ ਗਿਆ।
ਬਗੈਰ ਦਸਤਾਵੇਜ਼ਾਂ ਵਾਲੇ ਬੱਚਿਆਂ ਦੇ ਸਪੌਂਸਰਾਂ ਨੂੰ ਦੇਣੇ ਹੋਣਗੇ 3,500 ਡਾਲਰ
ਪ੍ਰਮਿਲਾ ਜੈਪਾਲ ਵੱਲੋਂ ਪੇਸ਼ ਬਿਲ ਦੇ ਹੱਕ ਵਿਚ ਬੋਲਦਿਆਂ ਟੈਡ ਲੀਊ ਨੇ ਕਿਹਾ ਕਿ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਅਮਰੀਕੀ ਨਾਗਰਿਕਾਂ ਨੂੰ ਵਿਦੇਸ਼ੀ ਜੇਲਾਂ ਵਿਚ ਡਿਪੋਰਟ ਨਹੀਂ ਕਰ ਸਕਦੇ। ਇਹ ਮੁਲਕ ਦੇ ਕਾਨੂੰਨ ਅਤੇ ਸੰਵਿਧਾਨ ਦੇ ਵਿਰੁੱਧ ਹੈ। ਡੈਮੋਕ੍ਰੈਟਿਕ ਪਾਰਟੀ ਦੇ ਇਕ ਹੋਰ ਮੈਂਬਰ ਵੱਲੋਂ ਅਖਬਾਰਾਂ ਦੀ ਕਟਿੰਗ ਪੇਸ਼ ਕੀਤੀ ਗਈ ਜਿਸ ਵਿਚ ਇੰਮੀਗ੍ਰੇਸ਼ਨ ਏਜੰਟਾਂ ਵੱਲੋਂ ਅਮਰੀਕੀ ਨਾਗਰਿਕਾਂ ਦੇ ਘਰਾਂ ’ਤੇ ਛਾਪੇ ਮਾਰਨ ਦਾ ਜ਼ਿਕਰ ਨਜ਼ਰ ਆ ਰਿਹਾ ਸੀ। ਸੰਸਦ ਮੈਂਬਰ ਬੈਕਾ ਬÇਲੰਟ ਨੇ ਦਾਅਵਾ ਕੀਤਾ ਕਿ ਓਕਲਾਹੋਮਾ ਵਿਚ ਮੁਲਕ ਦੇ ਨਾਗਰਿਕਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਇਹ ਰੁਝਾਨ ਮੁਲਕ ਦੇ ਹੋਰਨਾਂ ਰਾਜਾਂ ਵਿਚ ਵੀ ਲਾਜ਼ਮੀ ਤੌਰ ’ਤੇ ਚੱਲ ਰਿਹਾ ਹੋਵੇਗਾ। ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੀ ਨਿਆਂਇਕ ਕਮੇਟੀ ਦੀ ਮੀਟਿੰਗ ਦੌਰਾਨ ਹਾਲ ਹੀ ਵਿਚ ਡਿਪੋਰਟ ਕੀਤੇ ਛੋਟੇ ਛੋਟੇ ਬੱਚਿਆਂ ਦਾ ਮਸਲਾ ਵੀ ਉਠਿਆ ਪਰ ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਵੱਲੋਂ ਇਸ ਨੂੰ ਜ਼ਿਆਦਾ ਤਵੱਜੋ ਨਾ ਦਿਤੀ ਗਈ।


