ਟਰੰਪ ਨੇ ਦਿਖਾਇਆ ਅਮਰੀਕਾ ’ਚ ਪੱਕਾ ਕਰਨ ਵਾਲਾ ਕਾਰਡ
ਅਮਰੀਕਾ ਵਿਚ ਪੱਕੇ ਤੌਰ ’ਤੇ ਵਸਣ ਦੇ ਇੱਛਕ ਪ੍ਰਵਾਸੀਆਂ ਨੂੰ 50 ਲੱਖ ਡਾਲਰ ਦੇ ਇਵਜ਼ ਵਿਚ ਦਿਤੇ ਜਾਣ ਵਾਲੇ ਗੋਲਡ ਕਾਰਡ ਦੀ ਪਹਿਲੀ ਝਲਕ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸਾਂਝੀ ਕੀਤੀ ਗਈ ਹੈ।

ਵਾਸ਼ਿੰਗਟਨ : ਅਮਰੀਕਾ ਵਿਚ ਪੱਕੇ ਤੌਰ ’ਤੇ ਵਸਣ ਦੇ ਇੱਛਕ ਪ੍ਰਵਾਸੀਆਂ ਨੂੰ 50 ਲੱਖ ਡਾਲਰ ਦੇ ਇਵਜ਼ ਵਿਚ ਦਿਤੇ ਜਾਣ ਵਾਲੇ ਗੋਲਡ ਕਾਰਡ ਦੀ ਪਹਿਲੀ ਝਲਕ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸਾਂਝੀ ਕੀਤੀ ਗਈ ਹੈ। ਗਰੀਨ ਕਾਰਡ ਦੇ ਬਰਾਬਰ ਦੀ ਵੁੱਕਤ ਵਾਲੇ ਗੋਲਡ ਕਾਰਡ ਉਤੇ ‘ਟਰੰਪ ਕਾਰਡ’ ਲਿਖਿਆ ਹੋਇਆ ਹੈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਮਖੌਲੀਆ ਅੰਦਾਜ਼ ਵਿਚ ਸਵਾਲ ਕੀਤਾ, ‘‘ਕੀ ਤੁਹਾਡੇ ਵਿਚੋਂ ਕੋਈ ਇਹ ਕਾਰਡ ਖਰੀਦਣਾ ਚਾਹੇਗਾ। 5 ਮਿਲੀਅਨ ਡਾਲਰ ਵਿਚ ਇਹ ਤੁਹਾਡਾ ਹੋ ਸਕਦਾ ਹੈ। ਇਹ ਗੋਲਡ ਕਾਰਡ ਹੀ ਨਹੀਂ ਸਗੋਂ ਟਰੰਪ ਗੋਲਡ ਕਾਰਡ ਹੈ।’’ ਡੌਨਲਡ ਟਰੰਪ ਭਾਵੇਂ ਅਮਰੀਕਾ ਵਿਚ ਜੰਮੇ-ਪਲੇ ਹਨ ਪਰ ਉਨ੍ਹਾਂ ਨੇ ਖੁਦ ਨੂੰ ਕਾਰਡ ਦਾ ਪਹਿਲਾ ਖਰੀਦਾਰ ਦੱਸਿਆ।
50 ਲੱਖ ਡਾਲਰ ਅਦਾ ਕਰਨੀ ਹੋਵੇਗੀ ਕੀਮਤ
ਟਰੰਪ ਨੇ ਕਿਹਾ ਕਿ ਤਕਰੀਬਨ ਦੋ ਹਫ਼ਤੇ ਦੇ ਅੰਦਰ ਇਹ ਕਾਰਡ ਮਿਲਣੇ ਸ਼ੁਰੂ ਹੋ ਜਾਣਗੇ। ਚਾਰ ਜੀਆਂ ਦੇ ਇਕ ਪਰਵਾਰ ਨੂੰ ਗੋਲਡ ਕਾਰਡ ਰਾਹੀਂ ਅਮਰੀਕਾ ਦੀ ਧਰਤੀ ’ਤੇ ਕਦਮ ਰੱਖਣ ਲਈ 2 ਕਰੋੜ ਡਾਲਰ ਖਰਚ ਕਰਨੇ ਹੋਣਗੇ। ਇਹ ਕਾਰਡ ਅੱਗੇ ਚੱਲ ਕੇ ਪ੍ਰਵਾਸੀਆਂ ਵਾਸਤੇ ਸਿਟੀਜ਼ਨਸ਼ਿਪ ਦਾ ਰਾਹ ਪੱਧਰ ਕਰੇਗਾ ਪਰ ਨਿਵੇਸ਼ ਕੀਤੀ ਜਾਣ ਵਾਲੀ ਰਕਮ ਬਹੁਤ ਜ਼ਿਆਦਾ ਮੰਨੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਰੈਡਿਟ ਕਾਰਡ ਦੇ ਆਕਾਰ ਵਾਲੇ ਗੋਲਡ ਕਾਰਡ ਉਤੇ ਆਪਣੀ ਤਸਵੀਰ ਛਾਪ ਕੇ ਟਰੰਪ ਆਪਣਾ ਸ਼ੌਕ ਪੂਰਾ ਕਰ ਰਹੇ ਹਨ ਜੋ ਅਸਲ ਵਿਚ ਕਰੰਸੀ ਉਤੇ ਆਪਣੀ ਤਸਵੀਰ ਚਾਹੁੰਦੇ ਹਨ। ਟਰੰਪ ਦੇ ਇਕ ਵਫਾਦਾਰ ਅਤੇ ਸਾਊਥ ਕੈਰੋਲਾਈਨਾ ਤੋਂ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਜੋਅ ਵਿਲਸਨ 250 ਡਾਲਰ ਮੁੱਲ ਵਾਲਾ ਨਵੇਂ ਕਰੰਸੀ ਨੋਟ ਛਾਪਣ ਵਾਸਤੇ ਕਾਨੂੰਨ ਲਿਆਂਦਾ ਜਾ ਰਿਹਾ ਹੈ ਪਰ ਇਸ ਦੇ ਪਾਸ ਹੋਣ ਦੇ ਆਸਾਰ ਨਹੀਂ। ਦੱਸ ਦੇਈਏ ਕਿ ਟਰੰਪ ਦੇ ਗੋਲਡ ਕਾਰਡ ਤੋਂ ਪਹਿਲਾਂ ਵੀ ਨਿਵੇਸ਼ ਦੇ ਆਧਾਰ ’ਤੇ ਅਮਰੀਕਾ ਦਾ ਗਰੀਡ ਹਾਸਲ ਕੀਤਾ ਜਾ ਸਕਦਾ ਸੀ। ਈ.ਬੀ.-5 ਵੀਜ਼ਾ ਯੋਜਨਾ ਅਧੀਨ 8 ਲੱਖ ਡਾਲਰ ਦੇ ਨਿਵੇਸ਼ ਦੀ ਸ਼ਰਤ ਤੈਅ ਕੀਤੀ ਗਈ ਅਤੇ ਹਰ ਸਾਲ ਇਸ ਰਾਹੀਂ ਹਜ਼ਾਰਾਂ ਲੋਕ ਵੱਖ ਵੱਖ ਮੁਲਕਾਂ ਤੋਂ ਅਮਰੀਕਾ ਵੱਲ ਪ੍ਰਵਾਸ ਕਰ ਰਹੇ ਸਨ। ਟਰੰਪ ਦੇ ਦੂਜੀ ਵਾਰ ਸੱਤਾ ਸੰਭਾਲਣ ਮਗਰੋਂ ਕਈ ਇੰਮੀਗ੍ਰੇਸ਼ਨ ਯੋਜਨਾਵਾਂ ’ਤੇ ਸਵਾਲੀਆ ਨਿਸ਼ਾਨ ਲੱਗ ਚੁੱਕੇ ਹਨ।
ਗੋਲਡ ਕਾਰਡ ਦੇ ਪਹਿਲੇ ਖਰੀਦਾਰ ਬਣੇ ਡੌਨਲਡ ਟਰੰਪ
ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਜਾਰੀ ਮਾਰਚ 2025 ਦੇ ਵੀਜ਼ਾ ਬੁਲੇਟਿਨ ਮੁਤਾਬਕ 1 ਨਵੰਬਰ 2019 ਤੋਂ ਪਹਿਲਾਂ ਈ.ਬੀ.-5 ਸ਼੍ਰੇਣੀ ਅਧੀਨ ਅਰਜ਼ੀਆਂ ਦਾਇਰ ਕਰਨ ਵਾਲਿਆਂ ਨੂੰ ਗਰੀਨ ਕਾਰਡ ਮਿਲ ਸਕਦੇ ਹਨ ਪਰ ਇਸ ਤੋਂ ਬਾਅਦ ਦਾਖਲ ਹੋਈਆਂ ਅਰਜ਼ੀਆਂ ਬਾਰੇ ਸਪੱਸ਼ਟ ਤੌਰ ’ਤੇ ਕਹਿਣਾ ਮੁਸ਼ਕਲ ਹੈ। ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਦੇ ਗੋਲਡ ਕਾਰਡ ਤੋਂ ਪਹਿਲਾਂ ਇਕ ਪਰਵਾਰ 8 ਲੱਖ ਡਾਲਰ ਦੇ ਨਿਵੇਸ਼ ਰਾਹੀਂ ਅਮਰੀਕਾ ਦਾ ਗਰੀਨ ਕਾਰਡ ਹਾਸਲ ਕਰ ਸਕਦਾ ਸੀ ਪਰ ਹੁਣ ਜ਼ਿਆਦਾਤਰ ਲੋਕਾਂ ਵਾਸਤੇ ਪਰਵਾਰ ਸਮੇਤ ਅਮਰੀਕਾ ਆਉਣਾ ਆਰਥਿਕ ਪਹੁੰਚ ਵਿਚ ਨਹੀਂ ਰਿਹਾ। ਡੌਨਲਡ ਟਰੰਪ ਆਪਣੇ ਗੋਲਡ ਕਾਰਡ ਰਾਹੀਂ ਭਵਿੱਖ ਵਿਚ ਖਰਬਾਂ ਡਾਲਰ ਇਕੱਤਰ ਕਰਨ ਦਾ ਦਾਅਵਾ ਕਰ ਰਹੇ ਹਨ ਪਰ ਅਮਰੀਕਾ ਦੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਗੋਲਡ ਕਾਰਡ ਖਰੀਦਣ ਦੇ ਇੱਛਕ ਲੋਕਾਂ ਦੀ ਗਿਣਤੀ ਬਹੁਤੀ ਵਧਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਗੈਰਕਾਨੂੰਨੀ ਪ੍ਰਵਾਸੀਆਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਅਦਾਲਤੀ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਉਹ ਡਿਪੋਰਟ ਕੀਤੇ ਜਾ ਰਹੇ ਹਨ।