ਟਰੰਪ ਵੱਲੋਂ 6 ਲੱਖ ਜਵਾਕ ਡਿਪੋਰਟ ਕਰਨ ਦੇ ਹੁਕਮ
ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦੇ ਇੱਛਤ ਨਤੀਜੇ ਨਾ ਮਿਲਣ ਤੋਂ ਖਿਝੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਮੌਜੂਦ ਉਨ੍ਹਾਂ 6 ਲੱਖ ਬੱਚਿਆਂ ਨੂੰ ਕਾਬੂ ਕਰਨ ਦੇ ਹੁਕਮ ਦਿਤੇ ਗਏ ਹਨ ਜਿਨ੍ਹਾਂ ਨੇ ਬਗੈਰ ਮਾਪਿਆਂ ਨੂੰ ਬਾਰਡਰ ਪਾਰ ਕੀਤਾ।

ਵਾਸ਼ਿੰਗਟਨ : ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦੇ ਇੱਛਤ ਨਤੀਜੇ ਨਾ ਮਿਲਣ ਤੋਂ ਖਿਝੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਮੌਜੂਦ ਉਨ੍ਹਾਂ 6 ਲੱਖ ਬੱਚਿਆਂ ਨੂੰ ਕਾਬੂ ਕਰਨ ਦੇ ਹੁਕਮ ਦਿਤੇ ਗਏ ਹਨ ਜਿਨ੍ਹਾਂ ਨੇ ਬਗੈਰ ਮਾਪਿਆਂ ਨੂੰ ਬਾਰਡਰ ਪਾਰ ਕੀਤਾ। ਇੰਮੀਗ੍ਰੇਸ਼ਨ ਅਦਾਲਤਾਂ ਦੇ ਅੰਕੜਿਆਂ ਮੁਤਾਬਕ 31 ਹਜ਼ਾਰ ਜਵਾਕ ਸੁਣਵਾਈ ਦੌਰਾਨ ਗੈਰਹਾਜ਼ਰ ਹੋ ਚੁੱਕੇ ਹਨ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਡਿਪੋਰਟ ਕਰਨ ਦਾ ਹੱਕ ਆਈ.ਸੀ.ਈ. ਵਾਲਿਆਂ ਨੂੰ ਮਿਲ ਗਿਆ ਹੈ। ਟਰੰਪ ਦੇ ਬਾਰਡਰ ਜ਼ਾਰ ਟੌਮ ਹੋਮਨ ਦਾ ਕਹਿਣਾ ਹੈ ਕਿ ਬਾਇਡਨ ਦੇ ਕਾਰਜਕਾਲ ਦੌਰਾਨ ਤਿੰਨ ਲੱਖ ਬੱਚਿਆਂ ਨੇ ਬਗੈਰ ਮਾਪਿਆਂ ਤੋਂ ਅਮਰੀਕਾ ਦੀ ਸਰਹੱਦ ਪਾਰ ਕੀਤੀ ਜਦਕਿ ਇੰਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ 2019 ਮਗਰੋਂ 6 ਲੱਖ ਤੋਂ ਵੱਧ ਪ੍ਰਵਾਸੀ ਬੱਚੇ ਮੈਕਸੀਕੋ ਦਾ ਬਾਰਡਰ ਪਾਰ ਕਰ ਕੇ ਅਮਰੀਕਾ ਵਿਚ ਦਾਖਲ ਹੋਏ। ਇਨ੍ਹਾਂ ਵਿਚੋਂ ਹਜ਼ਾਰਾਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ। ਉਧਰ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਵਿਭਾਗ ਅਤੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਿਭਾਗ ਵੱਲੋਂ ਫਿਲਹਾਲ ਇਸ ਮੁੱਦੇ ’ਤੇ ਕੋਈ ਹੁੰਗਾਰਾ ਨਹੀਂ ਦਿਤਾ ਗਿਆ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕਰਨ ਦੀ ਨੀਤੀ ਅਖਤਿਆਰ ਕੀਤੀ ਗਈ।]
ਅਮਰੀਕਾ ਵਿਚ ਫੜੋ-ਫੜੀ ਦੇ ਛਾਪੇ ਹੋਏ ਤੇਜ਼
ਇਸ ਤਰੀਕੇ ਨਾਲ ਕਾਬੂ ਕੀਤੇ ਬੱਚਿਆਂ ਨੂੰ ਆਫਿਸ ਆਫ਼ ਰਫਿਊਜੀ ਰਿਸੈਟਲਮੈਂਟ ਵੱਲੋਂ ਚਲਾਏ ਜਾਂਦੇ ਸ਼ੈਲਟਰਜ਼ ਵਿਚ ਰੱਖਿਆ ਜਾਂਦਾ ਜਦਕਿ ਮਾਪਿਆਂ ਨੂੰ ਇੰਮੀਗ੍ਰੇਸ਼ਨ ਹਿਰਾਸਤ ਵਿਚ ਕੇਂਦਰਾਂ ਵਿਚ ਰੱਖਣ ਮਗਰੋਂ ਡਿਪੋਰਟ ਕਰ ਦਿਤਾ ਜਾਂਦਾ। ਮਾਪਿਆਂ ਤੋਂ ਬੱਚਿਆਂ ਨੂੰ ਵਿਛੋੜਨ ਦਾ ਮਸਲਾ ਕੌਮਾਂਤਰੀ ਪੱਧਰ ’ਤੇ ਚਰਚਾ ਦਾ ਮੁੱਦਾ ਬਣ ਗਿਆ ਜਿਸ ਮਗਰੋਂ ਟਰੰਪ ਵੱਲੋਂ ਆਪਣੀ ਨੀਤੀ ’ਤੇ ਰੋਕ ਲਾ ਦਿਤੀ ਗਈ। ਅਮੈਰਿਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਅਟਾਰਨੀ ਲੀਅ ਜੈਲਰੈਂਟ ਨੇ ਦੱਸਿਆ ਕਿ ਨੀਤੀ ਖਤਮ ਹੋਣ ਤੋਂ ਬਾਅਦ ਵੀ ਇਕ ਹਜ਼ਾਰ ਬੱਚਿਆਂ ਨੂੰ ਮਾਪਿਆਂ ਤੋਂ ਖੋਹ ਕੇ ਵੱਖ ਕਰ ਦਿਤਾ ਗਿਆ। ਸਰਕਾਰੀ ਦਸਤਾਵੇਜ਼ਾਂ ਮੁਤਾਬਕ ਬੱਚਿਆਂ ਨੂੰ ਇੰਮੀਗ੍ਰੇਸ਼ਨ ਅਦਾਲਤਾਂ ਵਿਚ ਪੇਸ਼ ਹੋਣ ਜਾਂ ਡਿਪੋਰਟ ਹੋਣ ਲਈ ਤਿਆਰ ਬਰ ਰਹਿਣ ਦੇ ਹੁਕਮ ਦਿਤੇ ਗਈ। ਦੂਜੇ ਪਾਸੇ ਸਰਕਾਰੀ ਦਸਤਾਵੇਜ਼ਾਂ ਵਿਚ ਇਹ ਵੀ ਕਿਹਾ ਗਿਆ ਕਿ ਨਾਬਾਲਗ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਗਿਆ ਜੋ ਫਰਾਰ ਹੋਣ ਦਾ ਖਤਰਾ, ਲੋਕ ਸੁਰੱਖਿਆ ਅਤੇ ਬਾਰਡਰ ਸੁਰੱਖਿਆ ਨਾਲ ਸਬੰਧਤ ਸਨ। ਏਜੰਟਾਂ ਨੂੰ ਉਨ੍ਹਾਂ ਬੱਚਿਆਂ ਵੱਲ ਖਾਸ ਤਵੱਜੋ ਦੇਣ ਲਈ ਆਖਿਆ ਗਿਆ ਜਿਨ੍ਹਾਂ ਦੇ ਫਰਾਰ ਹੋਣ ਦਾ ਖਤਰਾ ਵੱਧ ਹੈ। ਇਸ ਦੇ ਨਾਲ ਹੀ ਇੰਮੀਗ੍ਰੇਸ਼ਨ ਅਦਾਲਤ ਦੀ ਪੇਸ਼ੀ ਤੋਂ ਖੁੰਝਣ ਵਾਲਿਆਂ ਅਤੇ ਬਗੈਰ ਖੂਨ ਦੇ ਰਿਸ਼ਤਿਆਂ ਵਾਲੇ ਸਪੌਸਰਾਂ ਕੋਲ ਰਿਹਾਅ ਕੀਤੇ ਬੱਚਿਆਂ ’ਤੇ ਵੀ ਅੱਖ ਰੱਖਣ ਦੀਆਂ ਹਦਾਇਤਾਂ ਦਿਤੀਆਂ ਗਈਆਂ।
ਕੈਲੇਫੋਰਨੀਆ ਵਿਚ ਵੱਡੀ ਕਾਰਵਾਈ ਸ਼ੁਰੂ
ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਵੱਡੇ ਪੱਧਰ ’ਤੇ ਹੋ ਰਹੀਆਂ ਗ੍ਰਿਫ਼ਤਾਰੀਆਂ ਅਤੇ ਇਸ ਪ੍ਰਕਿਰਿਆ ਉਤੇ ਹੋ ਰਹੇ ਖਰਚ ਬਾਰੇ ਵੀ ਬਹਿਸ ਭਖਦੀ ਜਾ ਰਹੀ ਹੈ। ਇੰਮੀਗ੍ਰੇਸ਼ਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਡੌਨਲਡ ਟਰੰਪ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਦਾਅਵੇ ਕਰ ਰਹੇ ਹਨ ਅਤੇ ਅਜਿਹੇ ਵਿਚ ਇਕ ਸਾਲ ਦੌਰਾਨ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਟੀਚਾ ਹਾਸਲ ਕਰਨ ਵਾਸਤੇ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੂੰ ਰੋਜ਼ਾਨਾ 2,700 ਗ੍ਰਿਫਤਾਰੀਆਂ ਕਰਨੀਆਂ ਹੋਣਗੀਆਂ। ਇਸੇ ਤਰ੍ਹਾਂ ਖਰਚੇ ਨੂੰ ਲੈ ਕੇ ਵੀ ਤਿੱਖੀ ਬਹਿਸ ਛਿੜੀ ਹੋਈ ਹੈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਫੌਜੀ ਜਹਾਜ਼ਾਂ ਦੇ ਮੁਕਾਬਲੇ ਚਾਰਟਰਡ ਫਲਾਈਟਸ ਰਾਹੀਂ ਡਿਪੋਰਟੇਸ਼ਨ ਸਸਤੀ ਪੈਂਦੀ ਹੈ ਪਰ ਟਰੰਪ ਸਰਕਾਰ ਅਣਦੱਸੇ ਕਾਰਨਾਂ ਕਰ ਕੇ ਫੌਜੀ ਜਹਾਜ਼ਾਂ ਦੀ ਵਰਤੋਂ ਕਰ ਰਹੀ ਹੈ।