ਟਰੰਪ ਵੱਲੋਂ ਹੁਣ ਪਨਾਮਾ ਨਹਿਰ ’ਤੇ ਕਾਬਜ਼ ਹੋਣ ਦੀ ਧਮਕੀ
ਡੌਨਲਡ ਟਰੰਪ ਵੱਲੋਂ ਵੱਖ ਵੱਖ ਮੁਲਕਾਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਹੋਰ ਅੱਗੇ ਵਧ ਗਿਆ ਜਦੋਂ ਉਨ੍ਹਾਂ ਨੇ ਪਨਾਮਾ ਨਹਿਰ ’ਤੇ ਮੁੜ ਕਾਬਜ਼ ਹੋਣ ਦੇ ਯਤਨ ਕਰਨ ਦਾ ਐਲਾਨ ਕਰ ਦਿਤਾ।
By : Upjit Singh
ਫਿਨਿਕਸ : ਡੌਨਲਡ ਟਰੰਪ ਵੱਲੋਂ ਵੱਖ ਵੱਖ ਮੁਲਕਾਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਹੋਰ ਅੱਗੇ ਵਧ ਗਿਆ ਜਦੋਂ ਉਨ੍ਹਾਂ ਨੇ ਪਨਾਮਾ ਨਹਿਰ ’ਤੇ ਮੁੜ ਕਾਬਜ਼ ਹੋਣ ਦੇ ਯਤਨ ਕਰਨ ਦਾ ਐਲਾਨ ਕਰ ਦਿਤਾ। ਟਰੰਪ ਨੇ ਖਰਵੇਂ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਅਮਰੀਕਾ ਨੇ ਨਹਿਰ ਦਾ ਕੰਟਰੋਲ ਪਨਾਮਾ ਨੂੰ ਸੌਂਪ ਕੇ ਵੱਡੀ ਮੂਰਖਤਾ ਕੀਤੀ ਅਤੇ ਹੁਣ ਉਹ ਜਹਾਜ਼ ਲੰਘਾਉਣ ਲਈ ਮਨਮਰਜ਼ੀ ਦੀ ਫੀਸ ਵਸੂਲ ਕਰ ਰਹੇ ਹਨ। ਉਧਰ ਪਨਾਮਾ ਦੇ ਰਾਸ਼ਟਰਪਤੀ ਨੇ ਟਰੰਪ ਦੇ ਇਰਾਦਿਆਂ ਨੂੰ ਮੁਲਕ ਦੀ ਖੁਦਮੁਖਤਿਆਰੀ ਉਤੇ ਹਮਲਾ ਕਰਾਰ ਦਿਤਾ।
ਕਿਹਾ, ਅਮਰੀਕਾ ਨੇ ਨਹਿਰ ਦਾ ਪ੍ਰਬੰਧ ਪਨਾਮਾ ਨੂੰ ਸੌਂਪ ਕੇ ਵੱਡੀ ਮੂਰਖਤਾ ਕੀਤੀ
ਐਰੀਜ਼ੋਨਾ ਸੂਬੇ ਵਿਚ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਡ੍ਰੀਮ ਟੀਮ ਅਮਰੀਕਾ ਦੇ ਅਰਥਚਾਰੇ ਨੂੰ ਹੁਲਾਰਾ ਦੇਵੇਗੀ ਅਤੇ ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦਾ ਦਾਖਲਾ ਬਿਲਕੁਲ ਬੰਦ ਕਰ ਦਿਤਾ ਜਾਵੇਗਾ। ਇਸ ਤੋਂ ਇਲਾਵਾ ਮੱਧ ਪੂਰਬ ਅਤੇ ਯੂਕਰੇਨ ਦੀ ਜੰਗ ਬੰਦ ਕਰਵਾਈ ਜਾਵੇਗੀ। ਆਪਣੇ ਭਾਸ਼ਣ ਦੌਰਾਨ ਟਰੰਪ ਵੱਲੋਂ ਖਰਚਾ ਬਿਲ ਪਾਸ ਕਰਨ ਮੌਕੇ ਹੋਏ ਡਰਾਮੇ ਬਾਰੇ ਕੋਈ ਜ਼ਿਕਰ ਨਾ ਕੀਤਾ ਗਿਆ ਪਰ ਸਾਰੀਆਂ ਤਾਕਤਾਂ ਈਲੌਨ ਮਸਕ ਨੂੰ ਸੌਂਪਣ ਬਾਰੇ ਹੋ ਰਹੀ ਘੁਸਰ ਮੁਸਰ ਦਾ ਜਵਾਬ ਦਿੰਦਿਆਂ ਟਰੰਪ ਨੇ ਕਿਹਾ ਕਿ ਨਹੀਂ ਅਜਿਹਾ ਕਦੇ ਨਹੀਂ ਹੋਵੇਗਾ। ਦੱਸ ਦੇਈਏ ਕਿ 20ਵੀਂ ਸਦੀ ਦੇ ਸ਼ੁਰੂ ਵਿਚ ਅਮਰੀਕਾ ਵੱਲੋਂ ਪਨਾਮਾ ਨਹਿਰ ਬਣਾਈ ਗਈ ਤਾਂਕਿ ਸਮੁੰਦਰੀ ਜਹਾਜ਼ਾਂ ਦਾ ਸਫਰ ਘਟਾਇਆ ਜਾ ਸਕੇ। 31 ਦਸੰਬਰ 1999 ਨੂੰ ਵਾਸ਼ਿੰਗਟਨ ਵੱਲੋਂ ਨਹਿਰ ਦਾ ਕੰਟਰੋਲ ਪਨਾਮਾ ਨੂੰ ਸੌਂਪ ਦਿਤਾ ਗਿਆ ਜਿਵੇਂ ਕਿ ਰਾਸ਼ਟਰਪਤੀ ਜਿੰਮੀ ਕਾਰਟਰ ਨਾਲ 1977 ਵਿਚ ਹੋਈ ਸੰਧੀ ਅਧੀਨ ਤੈਅ ਕੀਤਾ ਗਿਆ ਸੀ।
ਈਲੌਨ ਮਸਕ ਦੀ ਦਖਲਅੰਦਾਜ਼ੀ ਦਾ ਮੁੱਦਾ ਟਾਲ ਗਏ ਟਰੰਪ
2023 ਵਿਚ ਕੇਂਦਰੀ ਅਮਰੀਕਾ ਦੇ ਮੁਲਕਾਂ ਵਿਚ ਸੋਕਾ ਪੈਣ ਕਾਰਨ ਪਨਾਮਾ ਨਹਿਰ ਰਾਹੀਂ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਅਤੇ ਜਿਥੇ ਰੋਜ਼ਾਨਾ ਲੰਘਣ ਵਾਲੇ ਜਹਾਜ਼ਾਂ ਦੀ ਗਿਣਤੀ ਘਟਾ ਦਿਤੀ ਗਈ, ਉਥੇ ਹੀ ਸਮੁੰਦਰੀ ਜਹਾਜ਼ਾਂ ਤੋਂ ਵਸੂਲ ਕੀਤੀ ਜਾਂਦੀ ਫੀਸ ਵਿਚ ਵਾਧਾ ਕਰ ਦਿਤਾ ਗਿਆ। ਮੌਜੂਦਾ ਵਰ੍ਹੇ ਦੌਰਾਨ ਪਾਣੀ ਦਾ ਪੱਧਰ ਠੀਕ ਹੋ ਗਿਆ ਹੈ ਪਰ ਫੀਸਾਂ ਵਿਚ ਕੀਤਾ ਵਾਧਾ ਅਗਲੇ ਸਾਲ ਤੱਕ ਜਾਰੀ ਰਹਿ ਸਕਦਾ ਹੈ। ਟਰੰਪ ਨੇ ਕਿਹਾ ਜੇ ਇਖਲਾਕੀ ਅਤੇ ਕਾਨੂੰਨੀ ਦੋਵੇਂ ਸਿਧਾਂਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਅਸੀਂ ਪਨਾਮਾ ਨਹਿਰ ਮੁਕੰਮਲ ਤੌਰ ’ਤੇ ਅਮਰੀਕਾ ਨੂੰ ਮੋੜਨ ਦੀ ਮੰਗ ਕਰਾਂਗੇ। ਇਸੇ ਦੌਰਾਨ ਪਨਾਮਾ ਦੇ ਰਾਸ਼ਟਰਪਤੀ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਨਹਿਰ ਦਾ ਹਰ ਹਿੱਸਾ ਉਨ੍ਹਾਂ ਦੇ ਮੁਲਕ ਦੀ ਮਾਲਕੀ ਹੇਠ ਹੈ ਅਤੇ ਹਮੇਸ਼ਾ ਰਹੇਗਾ। ਦੱਸ ਦੇਈਏ ਕਿ ਪਨਾਮਾ ਸਰਕਾਰ ਦੀ ਕੁਲ ਆਮਦਨ ਦਾ 20 ਫੀ ਸਦੀ ਹਿੱਸਾ ਪਨਾਮਾ ਨਹਿਰ ਰਾਹੀਂ ਆਉਂਦਾ ਹੈ।