ਟਰੰਪ ਨੇ ਦੂਜੀ ਵਾਰ ਕਰਤਾ ਖੜਕਾ-ਦੜਕਾ
ਵਾਈਟ ਹਾਊਸ ਵਿਚ ਜ਼ੈਲੈਂਸਕੀ ਨੂੰ ਬੇਇੱਜ਼ਤ ਕੀਤੇ ਜਾਣ ਮਗਰੋਂ ਦੂਜੀ ਵਾਰ ਖੜਕਾ-ਦੜਕਾ ਹੋ ਗਿਆ ਜਦੋਂ ਇਕ ਪੱਤਰਵਾਰ ਵੱਲੋਂ ਪੁੱਛੇ ਸਵਾਲ ’ਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਭੜਕ ਗਏ।

ਵਾਸ਼ਿੰਗਟਨ : ਵਾਈਟ ਹਾਊਸ ਵਿਚ ਜ਼ੈਲੈਂਸਕੀ ਨੂੰ ਬੇਇੱਜ਼ਤ ਕੀਤੇ ਜਾਣ ਮਗਰੋਂ ਦੂਜੀ ਵਾਰ ਖੜਕਾ-ਦੜਕਾ ਹੋ ਗਿਆ ਜਦੋਂ ਇਕ ਪੱਤਰਵਾਰ ਵੱਲੋਂ ਪੁੱਛੇ ਸਵਾਲ ’ਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਭੜਕ ਗਏ। ਪੱਤਰਕਾਰ ਨੇ ਪੁੱਛਿਆ ਕਿ ਜੇ ਰੂਸ ਨੇ ਜੰਗਬੰਦੀ ਦਾ ਸਮਝੌਤਾ ਤੋੜ ਦਿਤਾ ਤਾਂ ਕੀ ਹੋਵੇਗਾ? ਇਸ ਦੇ ਜਵਾਬ ਵਿਚ ਟਰੰਪ ਨੇ ਆਪਣੇ ਅਹੁਦੇ ਦੀ ਸ਼ਾਨ ਮਿੱਟੀ ਵਿਚ ਰੋਲਦਿਆਂ ਆਖ ਦਿਤਾ ਕਿ ਜੇ ਤੁਹਾਡੇ ਸਿਰ ’ਤੇ ਬੰਬ ਫਟ ਜਾਵੇ ਤਾਂ ਕੀ ਹੋਵੇਗਾ। ਟਰੰਪ ਨੇ ਅੱਗੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਸ਼ਾਂਤੀ ਸਮਝੌਤਾ ਟੁੱਟਿਆ ਤਾਂ ਕੀ ਹੋਵੇਗਾ। ਪੁਤਿਨ ਨੇ ਬਾਇਡਨ ਨਾਲ ਸਮਝੌਤਾ ਤੋੜ ਦਿਤਾ ਪਰ ਮੇਰਾ ਸਤਿਕਾਰ ਕਰਦੇ ਹਨ।
ਜ਼ੈਲੈਂਸਕੀ ਦੀ ਪਿੱਠ ’ਤੇ ਆਏ ਯੂਰਪੀ ਆਗੂ
ਵਾਈਟ ਹਾਊਸ ਵਿਚ ਜ਼ੈਲੈਂਸਕੀ ਨਾਲ ਕੀਤੇ ਗਏ ਸਲੂਕ ਬਾਰੇ ਦੁਨੀਆਂ ਭਰ ਵਿਚ ਚਰਚਾ ਹੋ ਰਹੀ ਹੈ ਪਰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾਅਵਾ ਕਰ ਰਹੇ ਹਨ ਕਿ ਲੋਕਾਂ ਨੂੰ ਪੂਰੀ ਕਹਾਣੀ ਪਤਾ ਹੀ ਨਹੀਂ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜ਼ੈਲੈਂਸਕੀ ਨੇ ਜਦੋਂ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਬਾਰੇ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਤਾਂ ਰਾਸ਼ਟਰਪਤੀ ਟਰੰਪ ਨੂੰ ਗੁੱਸਾ ਆ ਗਿਆ। ਟਰੰਪ ਅਤੇ ਵੈਂਸ ਨੂੰ ਬੇਕਸੂਰ ਕਰਾਰ ਦਿੰਦਿਆਂ ਰੂਬੀਓ ਨੇ ਕਿਹਾ ਕਿ ਜ਼ੈਲੈਂਸਕੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਧਰ ਜ਼ੈਲੈਂਸਕੀ ਮੁਆਫ਼ੀ ਮੰਗਣ ਤੋਂ ਸਾਫ਼ ਨਾਂਹ ਕਰ ਚੁੱਕੇ ਹਨ। ਜ਼ੈਲੈਂਸਕੀ ਨਾਲ ਵਾਪਰੇ ਘਟਨਾਕ੍ਰਮ ਮਗਰੋਂ ਯੂਰਪੀ ਆਗੂ ਉਨ੍ਹਾਂ ਦੀ ਪਿੱਠ ’ਤੇ ਆ ਗਏ ਅਤੇ ਕਿਹਾ ਕਿ ਤੁਸੀਂ ਯੂਕਰੇਨ ਦੇ ਬਹਾਦਰ ਲੋਕਾਂ ਦੀ ਸ਼ਾਨ ਹੋ। ਬੇਖੌਫ਼ ਰਹਿੰਦਿਆਂ ਬਹਾਦਰੀ ਨਾਲ ਅੱਗੇ ਵਧਦੇ ਰਹੋ। ਰਾਸ਼ਟਰਪਤੀ ਸਾਹਿਬ ਤੁਹਾਨੂੰ ਇਕੱਲਿਆਂ ਨਹੀਂ ਛੱਡਾਂਗਾ ਅਤੇ ਸ਼ਾਂਤੀ ਕਾਇਮ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੌਂ ਨੇ ਕਿਹਾ ਕਿ ਰੂਸ ਵਰਗਾ ਹਮਲਾਵਰ ਅਤੇ ਯੂਕਰੇਨ ਵਰਗਾ ਪੀੜਤ ਸਾਡੇ ਸਾਹਮਣੇ ਹੈ। ਤਿੰਨ ਸਾਲ ਪਹਿਲਾਂ ਯੂਕਰੇਨ ਦੀ ਮਦਦ ਕਰਨ ਅਤੇ ਰੂਸ ’ਤੇ ਪਾਬੰਦੀਆਂ ਲਾਉਣ ਦਾ ਸਾਡਾ ਫੈਸਲਾ ਬਿਲਕੁਲ ਸਹੀ ਸਾਬਤ ਹੋਇਆ ਅਤੇ ਇਹ ਸਭ ਜਾਰੀ ਰਹੇਗਾ। ਫਰਾਂਸ ਦੇ ਰਾਸ਼ਟਰਪਤੀ ਨੇ ‘ਸਾਡਾ ਫੈਸਲਾ’ ਦੇ ਵਿਸਤਾਰਤ ਵਿਚ ਜਾਂਦਿਆਂ ਕਿਹਾ ਕਿ ਇਸ ਦਾ ਮਤਲਬ ਅਮਰੀਕਾ, ਯੂਰਪ, ਕੈਨੇਡਾ, ਜਾਪਾਨ ਅਤੇ ਹੋਰ ਬਹੁਤ ਸਾਰੀਆਂ ਧਿਰਾਂ ਦੀ ਸ਼ਮੂਲੀਅਤ ਹੈ।
ਰਾਸ਼ਟਰਪਤੀ ਦੇ ਹੱਕ ਵਿਚ ਆਏ ਯੂਕਰੇਨੀ ਲੋਕ
ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲਨੀ ਜਿਨ੍ਹਾਂ ਨੂੰ ਟਰੰਪ ਦੀ ਨਜ਼ਦੀਕੀ ਮੰਨਿਆ ਜਾਂਦਾ ਹੈ, ਨੇ ਕਿਹਾ ਕਿ ਕੂਟਨੀਤੀ ਨੂੰ ਮੁੜ ਲੀਹ ’ਤੇ ਲਿਆਉਣ ਲਈ ਯੂਰਪੀ ਯੂਨੀਅਨ ਅਤੇ ਅਮਰੀਕਾ ਦਾ ਸੰਮੇਲਨ ਸੱਦਿਆ ਜਾਵੇਗਾ। ਜਰਮਨੀ ਦਾ ਚਾਂਸਲਰ ਬਣਨ ਦੀ ਦੌੜ ਵਿਚ ਸਭ ਤੋਂ ਅੱਗੇ ਫਰੀਡ੍ਰਕ ਮਟਜ਼ ਨੇ ਕਿਹਾ, ‘‘ਪਿਆਰੇ ਜ਼ੈਲੈਂਸਕੀ, ਅਸੀਂ ਚੰਗੇ ਅਤੇ ਮਾੜੇ ਸਮੇਂ ਵਿਚ ਯੂਕਰੇਨ ਦੇ ਨਾਲ ਖੜ੍ਹੇ ਹਾਂ। ਇਸ ਜੰਗ ਦੌਰਾਨ ਹਮਲਾਵਰ ਅਤੇ ਪੀੜਤ ਬਾਰੇ ਭੰਬਲਭੂਸਾ ਪੈਦਾ ਨਹੀਂ ਹੋਣਾ ਚਾਹੀਦਾ। ਇਸੇ ਦੌਰਾਨ ਵਾਈਟ ਹਾਊਸ ਵਿਚ ਜਦੋਂ ਟਰੰਪ ਅਤੇ ਜ਼ੈਲੈਂਸਕੀ ਦਰਮਿਆਨ ਤਿੱਖੀ ਬਹਿਸ ਹੋ ਰਹੀ ਸੀ ਤਾਂ ਅਮਰੀਕਾ ਵਿਚ ਯੂਕਰੇਨ ਦੀ ਰਾਜਦੂਤ ਸਿਰ ਫੜ ਕੇ ਬੈਠ ਗਈ ਅਤੇ ਇਸ ਘਟਨਾਕ੍ਰਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।