ਟਰੰਪ ਨੇ ਵਿਹਲੇ ਕੀਤੇ 230 ਪੰਜਾਬੀ ਟਰੱਕ ਡਰਾਈਵਰ
ਅਮਰੀਕਾ ਵਿਚ ਅੰਗਰੇਜ਼ੀ ਤੋਂ ਅਣਜਾਣ 1500 ਤੋਂ ਵੱਧ ਟਰੱਕ ਡਰਾਈਵਰਾਂ ਦੇ ਲਾਇਸੰਸ ਰੱਦ ਕਰਦਿਆਂ ਵਿਹਲਾ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿਚੋਂ 230 ਪੰਜਾਬੀ ਦੱਸੇ ਜਾ ਰਹੇ ਹਨ

By : Upjit Singh
ਨਿਊ ਯਾਰਕ : ਅਮਰੀਕਾ ਵਿਚ ਅੰਗਰੇਜ਼ੀ ਤੋਂ ਅਣਜਾਣ 1500 ਤੋਂ ਵੱਧ ਟਰੱਕ ਡਰਾਈਵਰਾਂ ਦੇ ਲਾਇਸੰਸ ਰੱਦ ਕਰਦਿਆਂ ਵਿਹਲਾ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿਚੋਂ 230 ਪੰਜਾਬੀ ਦੱਸੇ ਜਾ ਰਹੇ ਹਨ। ਟ੍ਰਾਂਸਪੋਰਟ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ ਅਮੈਰਿਕਾ ਫਸਟ ਦਾ ਮਤਲਬ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਬਣਦੀ ਹੈ ਪਰ ਅੰਗਰੇਜ਼ੀ ਤੋਂ ਅਣਜਾਣ ਟਰੱਕ ਡਰਾਈਵਰ ਸੜਕਾਂ ਨੂੰ ਖਤਰਨਾਕ ਬਣਾ ਰਹੇ ਹਨ। ਟ੍ਰਕਿੰਗ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਡਰਾਈਵਰਾਂ ਦਾ ਗੁਜ਼ਾਰਾ ਟਰੱਕ ਚਲਾ ਕੇ ਚਲਦਾ ਹੈ ਅਤੇ ਹੁਣ ਅੰਗਰੇਜ਼ੀ ਆਉਣ ਦੀ ਸ਼ਰਤ ਕਾਰਨ ਸੈਂਕੜਿਆਂ ਨੂੰ ਆਪਣਾ ਪੇਸ਼ਾ ਹੀ ਬਦਲਣਾ ਪੈਸਕਦਾ ਹੈ।
ਅੰਗਰੇਜ਼ੀ ਨਾ ਆਉਣ ਕਾਰਨ 1500 ਤੋਂ ਵੱਧ ਡਰਾਈਵਰਾਂ ਦੇ ਲਾਇਸੰਸ ਰੱਦ
ਦੱਸ ਦੇਈਏ ਕਿ ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਵੱਲੋਂ ਟਰੱਕ ਡਰਾਈਵਰਾਂ ਵਾਸਤੇ ਅੰਗੇਰਜ਼ੀ ਲਾਜ਼ਮੀ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਪਰ ਬਰਾਕ ਓਬਾਮਾ ਦੇ ਰਾਸ਼ਟਰਪਤੀ ਹੁੰਦਿਆਂ ਇਸ ਨੂੰ ਟਾਲ ਦਿਤਾ ਗਿਆ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਇਹ ਨਿਯਮ ਸਖਤੀ ਨਾਲ ਲਾਗੂ ਨਾ ਕੀਤਾ ਜਾ ਸਕਿਆ ਪਰ ਇਸ ਵਾਰ ਅੰਗਰੇਜ਼ੀ ਨਾ ਆਉਣ ’ਤੇ ਟਰੱਕ ਡਰਾਈਵਿੰਗ ਦਾ ਪੇਸ਼ਾ ਛੱਡਣਾ ਪੈ ਰਿਹਾ ਹੈ।
ਆਉਣ ਵਾਲੇ ਦਿਨਾਂ ਵਿਚ ਹੋਰਨਾਂ ਵਿਰੁੱਧ ਹੋਵੇਗੀ ਕਾਰਵਾਈ
ਟ੍ਰਾਂਸਪੋਰਟ ਮੰਤਰਾਲੇ ਨੇ ਦਲੀਲ ਪੇਸ਼ ਕਰਦਿਆਂ ਕਿਹਾ ਕਿ 2019 ਵਿਚ ਇਕ ਟਰੱਕ ਡਰਾਈਵਰ ਤਕਰੀਬਨ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਕੋਈ ਸਾਈਨ ਨਾ ਪੜ੍ਹ ਸਕਿਆ ਅਤੇ ਅੱਗੇ ਜਾ ਕੇ ਵਾਪਰੇ ਹੌਲਨਾਕ ਹਾਦਸੇ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਪ੍ਰੈਲ ਵਿਚ ਜਾਰੀ ਕਾਰਜਕਾਰੀ ਹੁਕਮਾਂ ਤਹਿਤ ਟਰੱਕ ਡਰਾਈਵਰਾਂ ਵਾਸਤੇ ਅੰਗਰੇਜ਼ੀ ਲਾਜ਼ਮੀ ਕੀਤੀ ਗਈ ਅਤੇ ਟ੍ਰਾਂਸਪੋਰਟੇਸ਼ਨ ਉਦਯੋਗ ਨੇ ਇਸ ਦੀ ਡਟਵੀਂ ਹਮਾਇਤ ਕੀਤੀ।


