ਟਰੰਪ ਵੱਲੋਂ ਯੂ.ਐਸ. ਵੀਜ਼ਾ ਲਈ ਨਵੀਂ ਸ਼ਰਤ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਜ਼ਾ ਸ਼ਰਤਾਂ ਨੂੰ ਹੋਰ ਸਖ਼ਤ ਕਰਦਿਆਂ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਫਰੋਲਣ ਦੇ ਹੁਕਮ ਵੀ ਦੇ ਦਿਤੇ ਹਨ।

By : Upjit Singh
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਜ਼ਾ ਸ਼ਰਤਾਂ ਨੂੰ ਹੋਰ ਸਖ਼ਤ ਕਰਦਿਆਂ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਫਰੋਲਣ ਦੇ ਹੁਕਮ ਵੀ ਦੇ ਦਿਤੇ ਹਨ। ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਵੀਜ਼ਾ ਅਰਜ਼ੀਆਂ ਦਾਖਲ ਕਰਨ ਵਾਲਿਆਂ ਤੋਂ ਸੋਸ਼ਲ ਮੀਡੀਆ ਅਕਾਊਂਟਸ ਦੇ ਯੂਜ਼ਰਨੇਮ ਮੰਗੇ ਜਾ ਸਕਦੇ ਹਨ ਅਤੇ ਇਨ੍ਹਾਂ ਦੀ ਡੂੰਘਾਈ ਨਾਲ ਘੋਖ ਕਰਨ ਤੋਂ ਬਾਅਦ ਹੀ ਵੀਜ਼ਾ ਦੇਣ ਜਾਂ ਨਾ ਦੇਣ ਦਾ ਫੈਸਲਾ ਲਿਆ ਜਾਵੇਗਾ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵੱਲੋਂ ਇਸ ਨੀਤੀ ਨੂੰ ਮੁਕੰਮਲ ਤੌਰ ’ਤੇ ਲਾਗੂ ਕਰਨ ਤੋਂ ਪਹਿਲਾਂ 60 ਦਿਨ ਵਾਸਤੇ ਲੋਕ ਟਿੱਪਣੀਆਂ ਹਾਸਲ ਕਰਨ ਵਾਲੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਅਤੇ ਲਾਗੂ ਹੋਣ ਮਗਰੋਂ ਬਿਨੈਕਾਰਾਂ ਤੋਂ ਸੋਸ਼ਲ ਮੀਡੀਆ ਅਕਾਊਂਟਸ ਦੇ ਪਾਸਵਰਡ ਨਹੀਂ ਮੰਗੇ ਜਾਣਗੇ।
ਸੋਸ਼ਲ ਮੀਡੀਆ ਅਕਾਊਂਟਸ ਦੀ ਹੋਵਗੀ ਘੋਖ
ਦੂਜੇ ਪਾਸੇ ਇੰਮੀਗ੍ਰੇਸ਼ਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਡੌਨਲਡ ਟਰੰਪ ਦੇ ਐਗਜ਼ੈਕਟਿਵ ਆਰਡਰ 14161 ਅਧੀਨ ਇਕ ਪੁਰਾਣੀ ਪ੍ਰਕਿਰਿਆ ਨੂੰ ਨਵੇਂ ਸਿਰੇ ਤੋਂ ਲਾਗੂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਵੀਜ਼ਾ ਅਰਜ਼ੀਆਂ ਦਾਖਲ ਕਰਨ ਵਾਲਿਆਂ ਦੀਆਂ ਸੋਸ਼ਲ ਮੀਡੀਆ ਸਰਗਰਮੀਆਂ ਦੀ ਘੋਖ-ਪੜਤਾਲ ਕੀਤੀ ਜਾਂਦੀ ਸੀ। ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ 2016 ਤੋਂ ਹੀ ਵੀਜ਼ਾ ਬਿਨੈਕਾਰਾਂ ਦੀਆਂ ਆਨਲਾਈਨ ਸਰਗਰਮੀਆਂ ’ਤੇ ਨਜ਼ਰ ਰੱਖਣ ਦੀ ਪ੍ਰਕਿਰਿਆ ਆਰੰਭ ਦਿਤੀ ਗਈ। 2017 ਵਿਚ ਟਰੰਪ ਦੇ ਪਹਿਲੇ ਕਾਰਜਕਾਲ ਵੇਲੇ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਦੌਰਾਨ ਸੋਸ਼ਲ ਮੀਡੀਆ ਚੈਕਿੰਗ ਲਾਜ਼ਮੀ ਕਰ ਦਿਤੀ ਗਈ। 2019 ਵਿਚ ਇਹ ਪ੍ਰਕਿਰਿਆ ਨੂੰ ਹਰ ਵੀਜ਼ਾ ਸ਼੍ਰੇਣੀ ’ਤੇ ਲਾਗੂ ਕਰ ਦਿਤਾ ਗਿਆ ਅਤੇ 2021 ਵਿਚ ਸੋਸ਼ਲ ਮੀਡੀਆ ਸਕ੍ਰੀਨਿੰਗ ਨੂੰ ਚੀਨ ਅਤੇ ਰੂਸ ਨਾਲ ਸਬੰਧਤ ਸੋਸ਼ਲ ਮੀਡੀਆ ਪਲੈਟਫਾਰਮਜ਼ ਦੁਆਲੇ ਵਧੇਰੇ ਕੇਂਦਰਤ ਕੀਤਾ ਗਿਆ। ਹੁਣ ਟਰੰਪ ਵੱਲੋਂ ਨਵੇਂ ਸਿਰੇ ਤੋਂ ਕਾਰਜਕਾਰੀ ਹੁਕਮ ਜਾਰੀ ਕੀਤੇ ਜਾਣ ਮਗਰੋਂ ਇੰਮੀਗ੍ਰੇਸ਼ਨ ਹਮਾਇਤੀ ਅਤੇ ਪ੍ਰਾਇਵੇਸੀ ਮਾਹਰ ਚਿੰਤਤ ਨਜ਼ਰ ਆ ਰਹੇ ਹਨ ਜਦਕਿ ਅਮਰੀਕਾ ਸਰਕਾਰ ਕੌਮੀ ਸੁਰੱਖਿਆ ਨੂੰ ਤਰਜੀਹ ਦਿਤੇ ਜਾਣ ਦੀ ਦਲੀਲ ਦੇ ਰਹੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਨਵੀਆਂ ਸ਼ਰਤਾਂ ਲਾਗੂ ਹੋਣ ’ਤੇ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਦੇਰ ਹੋ ਸਕਦੀ ਹੈ ਅਤੇ ਆਨਲਾਈਨ ਸਰਗਰਮੀਆਂ ਦੇ ਗਲਤ ਵਿਆਖਿਆ ਵੀ ਕੀਤੀ ਜਾ ਸਕਦੀ ਹੈ।
ਕੁਝ ਵੀ ਇਤਰਾਜ਼ਯੋਗ ਮਿਲਿਆ ਤਾਂ ਅਰਜ਼ੀ ਰੱਦ
ਇੰਮੀਗ੍ਰੇਸ਼ਨ ਵਕੀਲਾਂ ਵੱਲੋਂ ਅਮਰੀਕਾ ਆਉਣ ਦੇ ਇੱਛਕ ਲੋਕਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਆਪਣੇ ਸੋਸ਼ਲ ਮੀਡੀਆ ਖਾਤਿਆਂ ਵਿਚ ਸਹੀ ਜਾਣਕਾਰੀ ਦਰਜ ਕੀਤੀ ਜਾਵੇ ਅਤੇ ਅਜਿਹੀ ਕਿਸੇ ਵੀਡੀਓ ਜਾਂ ਪੋਸਟ ’ਤੇ ਟਿੱਪਣੀ ਕਰਨ ਦੇ ਯਤਨ ਨਾ ਕੀਤੇ ਜਾਣ ਜਿਸ ਨੂੰ ਸੁਰੱਖਿਆ ਖਤਰਾ ਮੰਨਿਆ ਜਾਵੇ। ਇਥੇ ਦਸਣਾ ਬਣਦਾ ਹੈ ਕਿ ਨਵੀਆਂ ਸ਼ਰਤਾਂ ਆਈ-192, ਆਈ-131, ਆਈ-485, ਆਈ-589, ਆਈ-590, ਆਈ-730, ਆਈ-751, ਆਈ-829 ਅਤੇ ਐਨ-400 ਅਰਜ਼ੀਆਂ ’ਤੇ ਲਾਗੂ ਕੀਤੀ ਜਾ ਰਹੀ ਹੈ ਜੋ ਯਾਤਰਾ ਦਸਤਾਵੇਜ਼ ਹਾਸਲ ਕਰਨ, ਨੌਨ ਇੰਮੀਗ੍ਰੈਂਟ ਐਂਟਰੀ ਪਰਮਿਟ, ਗਰੀਨ ਕਾਰਡ ਸਟੇਟਸ ਐਡਜਸਟ ਕਰਨ, ਅਸਾਇਲਮ ਦੀ ਅਰਜ਼ੀ, ਰਫਿਊਜੀ ਦੇ ਰਿਸ਼ਤੇਦਾਰ ਵਜੋਂ ਅਰਜ਼ੀ, ਰਿਹਾਇਸ਼ ਦੀ ਸ਼ਰਤ ਹਟਾਉਣ ਨਾਲ ਸਬੰਧਤ ਅਰਜ਼ੀ ਅਤੇ ਅਮਰੀਕਾ ਦੀ ਸਿਟੀਜ਼ਨਸ਼ਿਪ ਨਾਲ ਸਬੰਧਤ ਹਨ।


