Begin typing your search above and press return to search.

ਟਰੰਪ ਨੇ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ’ਚ ਤੁੰਨੇ 59 ਹਜ਼ਾਰ ਪ੍ਰਵਾਸੀ

ਅਮਰੀਕਾ ਦੇ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿਚ ਬੰਦ ਪ੍ਰਵਾਸੀਆਂ ਦੀ ਗਿਣਤੀ 59 ਹਜ਼ਾਰ ਦੇ ਰਿਕਾਰਡ ਅੰਕੜੇ ਤੋਂ ਟੱਪ ਚੁੱਕੀ ਹੈ ਅਤੇ ਇਸ ਦੇ ਬਾਵਜੂਦ ਛਾਪਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ

ਟਰੰਪ ਨੇ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ’ਚ ਤੁੰਨੇ 59 ਹਜ਼ਾਰ ਪ੍ਰਵਾਸੀ
X

Upjit SinghBy : Upjit Singh

  |  25 Jun 2025 5:32 PM IST

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਦੇ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿਚ ਬੰਦ ਪ੍ਰਵਾਸੀਆਂ ਦੀ ਗਿਣਤੀ 59 ਹਜ਼ਾਰ ਦੇ ਰਿਕਾਰਡ ਅੰਕੜੇ ਤੋਂ ਟੱਪ ਚੁੱਕੀ ਹੈ ਅਤੇ ਇਸ ਦੇ ਬਾਵਜੂਦ ਛਾਪਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਕੋਲ 41,500 ਪ੍ਰਵਾਸੀਆਂ ਨੂੰ ਹਿਰਾਸਤ ਵਿਚ ਰੱਖਣ ਦੀ ਸਮਰੱਥਾ ਮੌਜੂਦ ਹੈ ਪਰ ਸੀ.ਬੀ.ਐਸ. ਨਿਊਜ਼ ਦੀ ਤਾਜ਼ਾ ਰਿਪੋਰਟ ਮੁਤਾਬਕ ਹਿਰਾਸਤੀ ਕੇਂਦਰਾਂ ਵਿਚ ਡੇਢ ਗੁਣਾ ਵੱਧ ਪ੍ਰਵਾਸੀ ਡੱਕੇ ਹੋਏ ਹਨ। ਦੂਜੇ ਪਾਸੇ ਫੈਡਰਲ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਡਿਟੈਨਸ਼ਨ ਸੈਂਟਰਾਂ ਵਿਚ ਬੰਦ ਤਕਰੀਬਨ ਅੱਧੇ ਪ੍ਰਵਾਸੀਆਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਅਤੇ ਕਿਸੇ ਅਪਰਾਧਕ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਪ੍ਰਵਾਸੀਆਂ ਦੀ ਗਿਣਤੀ 30 ਫੀ ਸਦੀ ਤੋਂ ਵੀ ਘੱਟ ਬਣਦੀ ਹੈ।

ਸਮਰੱਥਾ ਤੋਂ 140 ਫ਼ੀ ਸਦੀ ਵੱਧ ਪ੍ਰਵਾਸੀ ਜੇਲਾਂ ਵਿਚ ਬੰਦ

ਦੱਸ ਦੇਈਏ ਕਿ ਆਈਸ ਵੱਲੋਂ ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਮੌਜੂਦ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਅਤੇ ਕਿਸੇ ਅਪਰਾਧਕ ਮਾਮਲੇ ਵਿਚ ਸ਼ਾਮਲ ਹੋਣ ’ਤੇ ਸਿੱਧਾ ਡਿਪੋਰਟ ਕੀਤਾ ਜਾਂਦਾ ਹੈ। ਆਈਸ ਦੇ ਅੰਦਰੂਨੀ ਅੰਕੜਿਆਂ ਮੁਤਾਬਕ ਜੂਨ ਮਹੀਨੇ ਦੌਰਾਨ ਰੋਜ਼ਾਨਾ ਔਸਤਨ 1,200 ਗੈਰਕਾਨੂੰਨੀ ਪ੍ਰਵਾਸੀ ਗ੍ਰਿਫ਼ਤਾਰ ਕੀਤੇ ਜਾ ਰਹੇ ਸਨ ਪਰ ਦੋ ਮੌਕਿਆਂ ’ਤੇ ਗ੍ਰਿਫ਼ਤਾਰੀ ਦਾ ਅੰਕੜਾ 2 ਹਜ਼ਾਰ ਤੋਂ ਟੱਪ ਗਿਆ। ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਇਕੋ ਵੇਲੇ 59 ਹਜ਼ਾਰ ਪ੍ਰਵਾਸੀਆਂ ਦਾ ਹਿਰਾਸਤ ਵਿਚ ਹਨ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਇੰਮੀਗ੍ਰੇਸ਼ਨ ਹਿਰਾਸਤੀਆਂ ਦੀ ਗਿਣਤੀ ਦਾ ਸਿਖਰ 55 ਹਜ਼ਾਰ ਦਰਜ ਕੀਤਾ ਗਿਆ ਸੀ। ਆਈਸ ਦੇ ਦੋ ਸਾਬਕਾ ਅਫ਼ਸਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਇੰਮੀਗ੍ਰੇਸ਼ਨ ਹਿਰਾਸਤ ਵਿਚ ਐਨੇ ਪ੍ਰਵਾਸੀ ਕਦੇ ਨਹੀਂ ਦੇਖੇ। ਆਲੋਚਕਾਂ ਦਾ ਕਹਿਣਾ ਹੈ ਕਿ ਜਦੋਂ ਇੰਮੀਗ੍ਰੇਸ਼ਨ ਡਿਟੈਨਸ਼ਨਾਂ ਸੈਂਟਰਾਂ ਵਿਚ ਐਨੀ ਸਮਰੱਥਾ ਹੀ ਨਹੀਂ ਤਾਂ ਡੇਢ ਗੁਣਾ ਵੱਧ ਪ੍ਰਵਾਸੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕਿਵੇਂ ਕੀਤਾ ਗਿਆ ਹੈ। ਉਨ੍ਹਾਂ ਸਵਾਲ ਉਠਾਇਆ ਕਿ ਕੀ ਇਕ ਮੰਜੇ ’ਤੇ ਦੋ-ਦੋ ਜਣਿਆਂ ਨੂੰ ਸੌਣ ਵਾਸਤੇ ਮਜਬੂਰ ਕੀਤਾ ਜਾਂਦਾ ਹੈ ਅਤੇ ਸਭਨਾਂ ਵਾਸਤੇ ਲੋੜੀਂਦੀ ਖੁਰਾਕ ਮੁਹੱਈਆ ਕਰਵਾਉਣ ਦੇ ਕਿਹੋ ਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਉਲਟ ਰਾਸ਼ਟਰਪਤੀ ਡੌਨਲਡ ਟਰੰਪ ਦੀ ਹਮਾਇਤ ਪ੍ਰਾਪਤ ‘ਵੰਨ ਬਿੱਗ ਬਿਊਟੀਫੁਲ ਬਿਲ’ ਵਿਚ ਡਿਟੈਨਸ਼ਨ ਸੈਂਟਰਾ ਵਿਚਲੇ ਮੰਜਿਆਂ ਦੀ ਗਿਣਤੀ ਵਧਾ ਕੇ ਇਕ ਲੱਖ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ।

ਅੱਧੇ ਤੋਂ ਵੱਧ ਪ੍ਰਵਾਸੀਆਂ ਦਾ ਨਹੀਂ ਕੋਈ ਅਪਰਾਧਕ ਪਿਛੋਕੜ

ਸਿਰਾਕਿਊਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਔਸਟਿਨ ਕੌਚਰ ਨੇ ਚਿੰਤਾ ਜ਼ਾਹਰ ਕੀਤੀ ਕਿ ਆਈਸ ਦੇ ਡਿਟੈਨਸ਼ਨ ਸੈਂਟਰਾਂ ਵਿਚ ਪ੍ਰਵਾਸੀਆਂ ਨੂੰ ਸੰਭਾਵਤ ਤੌਰ ’ਤੇ ਅਣਮਨੁੱਖੀ ਹਾਲਾਤ ਵਿਚ ਰਹਿਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਚੇਤੇ ਰਹੇ ਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਕ ਅਹਿਮ ਫੈਸਲਾ ਸੁਣਾਉਂਦਿਆਂ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿਚ ਬੰਦ ਪ੍ਰਵਾਸੀਆਂ ਨੂੰ ਕਿਸੇ ਵੀ ਮੁਲਕ ਵੱਲ ਡਿਪੋਰਟ ਕਰਨ ਦੀ ਹਰੀ ਝੰਡੀ ਦੇ ਦਿਤੀ ਸੀ। ਹੁਣ ਟਰੰਪ ਸਰਕਾਰ ਪ੍ਰਵਾਸੀਆਂ ਨੂੰ ਆਪਣੀ ਮਰਜ਼ੀ ਮੁਤਾਬਕ ਸੈਂਕੜਿਆਂ ਜਾਂ ਹਜ਼ਾਰਾਂ ਦੀ ਗਿਣਤੀ ਵਿਚ ਕਿਸੇ ਵੀ ਮੁਲਕ ਵੱਲ ਡਿਪੋਰਟ ਕਰ ਸਕਦੀ ਹੈ ਪਰ ਇਸ ਬਾਰੇ ਮੀਡੀਆ ਨੂੰ ਵਿਸਤਾਰਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾਂਦੀ।

Next Story
ਤਾਜ਼ਾ ਖਬਰਾਂ
Share it