Trump ਵੱਲੋਂ ਇੰਮੀਗ੍ਰੇਸ਼ਨ ਮੰਤਰੀ ਦੀ ਛੁੱਟੀ
ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲੀ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੰਮੀਗ੍ਰੇਸ਼ਨ ਵਿਭਾਗ ਦੀ ਇੰਚਾਰਜ ਕ੍ਰਿਸਟੀ ਨੌਇਮ ਦੀ ਛੁੱਟੀ ਕਰ ਦਿਤੀ

By : Upjit Singh
ਵਾਸ਼ਿੰਗਟਨ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲੀ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੰਮੀਗ੍ਰੇਸ਼ਨ ਵਿਭਾਗ ਦੀ ਇੰਚਾਰਜ ਕ੍ਰਿਸਟੀ ਨੌਇਮ ਦੀ ਛੁੱਟੀ ਕਰ ਦਿਤੀ। ਇੰਮੀਗ੍ਰੇਸ਼ਨੀ ਛਾਪਿਆਂ ਦੌਰਾਨ ਅਮੈਰਿਕਨ ਲੋਕਾਂ ’ਤੇ ਗੋਲੀਆਂ ਚੱਲਣ ਅਤੇ ਪ੍ਰਵਾਸੀਆਂ ਨਾਲ ਜਾਨਵਰਾਂ ਵਰਗਾ ਸਲੂਕ ਕੀਤੇ ਜਾਣ ਦੀਆਂ ਘਟਨਾਵਾਂ ਕਰ ਕੇ ਵਿਵਾਦਾਂ ਵਿਚ ਘਿਰੀ ਕ੍ਰਿਸਟੀ ਨੌਇਮ ਨੂੰ ਬਰਖ਼ਾਸਤ ਕਰਨ ਪਿੱਛੇ ਕਈ ਹੋਰ ਕਾਰਨ ਵੀ ਜ਼ਿੰਮੇਵਾਰ ਦੱਸੇ ਜਾ ਰਹੇ ਹਨ। ਕੈਪੀਟਲ ਹਿਲ ਵਿਖੇ ਪਾਰਲੀਮਾਨੀ ਕਮੇਟੀ ਅੱਗੇ ਪੇਸ਼ ਕ੍ਰਿਸਟੀ ਨੌਇਮ ਨੂੰ ਦੋ ਦਿਨ ਤੱਕ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਨੂੰ ਘੇਰਨ ਵਾਲਿਆਂ ਵਿਚ ਸਿਰਫ਼ ਡੈਮੋਕ੍ਰੈਟਸ ਹੀ ਸ਼ਾਮਲ ਨਹੀਂ ਰਹੇ ਸਗੋਂ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਵੀ ਕ੍ਰਿਸਟੀ ਨੌਇਮ ਦੀ ਬੋਲਤੀ ਬੰਦ ਕਰ ਦਿਤੀ।
ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮਿਲੀ ਵੱਡੀ ਰਾਹਤ
ਡੌਨਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਬਰਖ਼ਾਸਤ ਹੋਣ ਵਾਲੀ ਕ੍ਰਿਸਟੀ ਨੌਇਮ ਪਹਿਲੀ ਮੰਤਰੀ ਹੈ ਅਤੇ ਉਨ੍ਹਾਂ ਦੀ ਵਿਦਾਇਗੀ ਮਗਰੋਂ ਇੰਮੀਗ੍ਰੇਸ਼ਨ ਛਾਪਿਆਂ ਬਾਰੇ ਨਵੇਂ ਸਿਰੇ ਤੋਂ ਰਣਨੀਤੀ ਘੜੇ ਜਾਣ ਦੇ ਆਸਾਰ ਹਨ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਇੰਚਾਰਜ ਪਿਛਲੇ ਸਾਲ ਵੀ ਵਿਵਾਦਾਂ ਆਈ ਪਰ ਉਸ ਵੇਲੇ ਅਹੁਦੇ ਤੋਂ ਛੁੱਟੀ ਦਾ ਖ਼ਤਰਾ ਟਲ ਗਿਆ ਪਰ ਜਨਵਰੀ ਦੌਰਾਨ ਅਮੈਰਿਕਨ ਨਾਗਰਿਕਾਂ ਰੈਨੀ ਗੁੱਡ ਅਤੇ ਐਲਕਸ ਪ੍ਰਿਟੀ ਦੇ ਆਈਸ ਏਜੰਟਾਂ ਹੱਥੋਂ ਕਥਿਤ ਕਤਲ ਮਗਰੋਂ ਕ੍ਰਿਸਟੀ ਨੌਇਮ ਨੂੰ ਇਨ੍ਹਾਂ ਮਾਮਲਿਆਂ ਨੂੰ ਘਰੇਲੂ ਅਤਿਵਾਦ ਦਰਸਾਉਣ ਦਾ ਯਤਨ ਕੀਤਾ। ਮਿਨੇਸੋਟਾ ਵਿਚ ਵਾਪਰ ਰਹੇ ਘਟਨਾਕ੍ਰਮ ਦਾ ਅਸਰ ਪੂਰੇ ਮੁਲਕ ਵਿਚ ਦੇਖਣ ਨੂੰ ਮਿਲਿਆ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਮਿਨੀਆਪੌਲਿਸ ਵਿਖੇ ਕੀਤੀ ਘੇਰਾਬੰਦੀ ਖ਼ਤਮ ਕਰਨ ਲਈ ਮਜਬੂਰ ਹੋਣਾ ਪਿਆ। ਸਾਊਥ ਡੈਕੋਟਾ ਦੀ ਸਾਬਕਾ ਗਵਰਨਰ ਨੂੰ ਇੰਮੀਗ੍ਰੇਸ਼ਨ ਛਾਪਿਆਂ ਦੇ ਤੌਰ-ਤਰੀਕਿਆਂ ਤੋਂ ਇਲਾਵਾ ਅਰਬਾਂ ਡਾਲਰ ਦੀ ਰਕਮ ਲਾਪ੍ਰਵਾਹੀ ਨਾਲ ਖਰਚ ਕਰਨ ਦੇ ਮੁੱਦੇ ’ਤੇ ਨੁਕਤਾਚੀਨੀ ਬਰਦਾਸ਼ਤ ਕਰਨੀ ਪਈ। ਪਾਰਲੀਮਾਨੀ ਕਮੇਟੀ ਅੱਗੇ ਸੁਣਵਾਈ ਦੌਰਾਨ 220 ਮਿਲੀਅਨ ਡਾਲਰ ਦੀ ਇਸ਼ਤਿਹਾਰ ਮੁਹਿੰਮ ਵੀ ਵਿਵਾਦਾਂ ਵਿਚ ਰਹੀ ਜਿਸ ਵਿਚ ਕ੍ਰਿਸਟੀ ਨੌਇਮ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸੈਲਫ਼ ਡਿਪੋਰਟ ਹੋਣ ਦਾ ਸੱਦਾ ਦਿੰਦੇ ਨਜ਼ਰ ਆ ਰਹੇ ਹਨ। ਪੁੱਛ-ਪੜਤਾਲ ਦੌਰਾਨ ਕ੍ਰਿਸਟੀ ਨੇ ਸਫ਼ਾਈ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਡੌਨਲਡ ਟਰੰਪ ਨੂੰ ਇਸ਼ਤਿਹਾਰ ਮੁਹਿੰਮ ਬਾਰੇ ਪੂਰੀ ਜਾਣਕਾਰੀ ਸੀ ਪਰ ਰਾਸ਼ਟਰਪਤੀ ਇਸ ਗੱਲ ਤੋਂ ਸਾਫ਼ ਮੁਕਰ ਗਏ। ਇਕ ਇੰਟਰਵਿਊ ਦੌਰਾਨ ਡੌਨਲਡ ਟਰੰਪ ਨੇ ਦਾਅਵਾ ਕਰ ਦਿਤਾ ਕਿ ਉਨ੍ਹਾਂ ਨੇ ਇਸ਼ਤਿਹਾਰ ਨੂੰ ਪ੍ਰਵਾਨਗੀ ਨਹੀਂ ਸੀ ਦਿਤੀ।
ਇੰਮੀਗ੍ਰੇਸ਼ਨ ਛਾਪਿਆਂ ਅਤੇ ਗੋਲੀਬਾਰੀ ਨੇ ਵਧਾਇਆ ਵਿਵਾਦ
ਕ੍ਰਿਸਟੀ ਨੌਇਮ ਦੇ ਕਾਰਜਕਾਲ ਦੌਰਾਨ ਹੀ ਨਕਾਬਪੋਸ਼ ਆਈਸ ਏਜੰਟਾਂ ਦਾ ਵਿਵਾਦ ਭਖਿਆ ਅਤੇ ਲੌਸ ਐਂਜਲਸ, ਸ਼ਿਕਾਗੋ ਤੇ ਵਾਸ਼ਿੰਗਟਨ ਡੀ.ਸੀ. ਵਰਗੇ ਸ਼ਹਿਰਾਂ ਵਿਚ ਇਨ੍ਹਾਂ ਦੀ ਭਰਮਾਰ ਹੋ ਗਈ। ਆਈਸ ਏਜੰਟਾਂ ਨੇ ਯੂ.ਐਸ. ਸਿਟੀਜ਼ਨ ਵੀ ਨਾ ਬਖ਼ਸ਼ੇ ਅਤੇ ਹਰ ਸਾਲ 10 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਟੀਚਾ ਪੂਰਾ ਕਰਨ ਵਿਚ ਜੁਟੇ ਰਹੇ। ਹੁਣ ਡੌਨਲਡ ਟਰੰਪ ਵੱਲੋਂ ਮਾਰਕਵੇਨ ਮੂਲੀਨ ਨੂੰ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ। ਓਕਲਾਹੋਮਾ ਤੋਂ ਸੈਨੇਟ ਮੈਂਬਰ ਮੂਲੀਨ ਵੀ ਟਰੰਪ ਦੇ ਸ਼ਖਤ ਇੰਮੀਗ੍ਰੇਸ਼ਨ ਸਟੈਂਡ ਨਾਲ ਸਹਿਮਤੀ ਰਖਦੇ ਹਨ ਪਰ ਪਿਛਲੇ ਸਮੇਂ ਦੌਰਾਨ ਵਰਤੇ ਹਥਕੰਡਿਆਂ ਦੇ ਹਮਾਇਤੀ ਨਹੀਂ। ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਤਕਰੀਬਨ ਇਕ ਦਹਾਕਾ ਲੰਘਾਉਣ ਮਗਰੋਂ ਉਹ 2023 ਵਿਚ ਸੈਨੇਟ ਦਾ ਹਿੱਸਾ ਬਣੇ ਅਤੇ ਹੁਣ ਅਮਰੀਕਾ ਦੇ ਕਾਰਜਕਾਰੀ ਗ੍ਰਹਿ ਸੁਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ। ਸੈਨੇਟ ਤੋਂ ਪ੍ਰਵਾਨਗੀ ਮਿਲਣ ਮਗਰੋਂ ਉਹ ਪੱਕੇ ਤੌਰ ’ਤੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਸਕਣਗੇ।


