ਟਰੰਪ ਨੇ ਡਿਪੋਰਟ ਕੀਤੇ 13 ਹਜ਼ਾਰ ਜਵਾਕ
ਟਰੰਪ ਸਰਕਾਰ ਹੁਣ ਬੱਚਿਆਂ ਦੁਆਲੇ ਘੇਰਾ ਕਸ ਰਹੀ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਨਾਬਾਲਗਾਂ ਨੂੰ ਕਥਿਤ ਤੌਰ ’ਤੇ ਡਿਪੋਰਟ ਕੀਤਾ ਜਾ ਰਿਹਾ ਹੈ

By : Upjit Singh
ਨਿਊ ਯਾਰਕ : ਟਰੰਪ ਸਰਕਾਰ ਹੁਣ ਬੱਚਿਆਂ ਦੁਆਲੇ ਘੇਰਾ ਕਸ ਰਹੀ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਨਾਬਾਲਗਾਂ ਨੂੰ ਕਥਿਤ ਤੌਰ ’ਤੇ ਡਿਪੋਰਟ ਕੀਤਾ ਜਾ ਰਿਹਾ ਹੈ। ਜੀ ਹਾਂ, ਬਗੈਰ ਮਾਪਿਆਂ ਤੋਂ ਅਮਰੀਕਾ ਤੋਂ ਵਿਚ ਦਾਖਲ ਹੋਏ 14 ਸਾਲ ਤੋਂ 17 ਸਾਲ ਉਮਰ ਵਾਲੇ ਤਕਰੀਬਨ 13 ਹਜ਼ਾਰ ਪ੍ਰਵਾਸੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਬਾਇਡਨ ਸਰਕਾਰ ਵੇਲੇ ਤਕਰੀਬਨ 3 ਲੱਖ 20 ਹਜ਼ਾਰ ਨਾਬਾਲਗਾਂ ਨੂੰ ਰਿਹਾਅ ਕੀਤਾ ਗਿਆ ਜੋ ਨਾਜਾਇਜ਼ ਤਰੀਕੇ ਨਾਲ ਬਾਰਡਰ ਪਾਰ ਕਰਦਿਆਂ ਫੜੇ ਗਏ ਸਨ। ਟਰੰਪ ਸਰਕਾਰ ਦਾ ਦਾਅਵਾ ਹੈ ਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ ਕਿਉਂਕਿ ਇਸ ਉਮਰ ਵਿਚ ਇਕੱਲਿਆਂ ਰਹਿਣਾ ਖਤਰੇ ਤੋਂ ਖਾਲੀ ਨਹੀਂ। ਸੂਤਰਾਂ ਨੇ ਦੱਸਿਆ ਕਿ ਨਾਬਾਲਗਾਂ ਨੂੰ ਕਾਬੂ ਕਰਦਿਆਂ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਅਮਰੀਕਾ ਛੱਡਣ ਵਾਸਤੇ ਤਿਆਰ ਹਨ ਜਾਂ ਨਹੀਂ। ਉਨ੍ਹਾਂ ਵੱਲੋਂ ਹਾਮੀ ਨਾ ਭਰੇ ਜਾਣ ’ਤੇ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਆਪਣੇ ਤਰੀਕੇ ਨਾਲ ਦੇਸ਼ ਨਿਕਾਲੇ ਦਾ ਪ੍ਰਕਿਰਿਆ ਸ਼ੁਰੂ ਕਰਦੇ ਹਨ। ਹੋਮਲੈਂਡ ਸਕਿਉਰਿਟੀ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਨਾਬਾਲਗਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਕੋਈ ਨਵੀਂ ਨਹੀਂ। ਇਸ ਤੋਂ ਪਹਿਲਾਂ ਵੀ ਵੱਖ ਵੱਖ ਸਰਕਾਰਾਂ ਬੱਚਿਆਂ ਨੂੰ ਉਨ੍ਹਾਂ ਦੇ ਜੱਦੀ ਮੁਲਕ ਭੇਜਣ ਦੀ ਜ਼ਿੰਮੇਵਾਰੀ ਨਿਭਾਉਂਦੀਆਂ ਰਹੀਆਂ ਹਨ।
ਅਮਰੀਕਾ ਵਿਚ ਬੇਘਰਾਂ ਦੀ ਫੜੋ-ਫੜੀ ਵੀ ਹੋਈ ਸ਼ੁਰੂ
ਇਥੇ ਦਸਣਾ ਬਣਦਾ ਹੈ ਕਿ ਨਾਬਾਲਗ ਉਮਰ ਵਿਚ ਇਕੱਲਿਆਂ ਬਾਰਡਰ ਪਾਰ ਕਰਨ ਵਾਲੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਜਾਂ ਪਰਵਾਰ ਦੇ ਕਿਸੇ ਮੈਂਬਰ ਕੋਲ ਰਹਿਣ ਦੀ ਇਜਾਜ਼ਤ ਦਿਤੀ ਜਾਂਦੀ ਹੈ ਪਰ ਅਜਿਹੇ ਬੱਚਿਆਂ ਨੂੰ ਖਤਰੇ ਦੀ ਜ਼ਦ ਵਿਚ ਰਹਿ ਰਹੀ ਆਬਾਦੀ ਮੰਨਿਆ ਜਾਂਦਾ ਹੈ। ਉਧਰ ਨੈਸ਼ਨਲ ਸੈਂਟਰ ਫ਼ੌਰ ਯੂਥ ਲਾਅ ਵਿਚ ਬੱਚਿਆਂ ਦੇ ਮਨੁੱਖੀ ਹੱਕਾਂ ਬਾਰੇ ਮੈਨੇਜਿੰਗ ਡਾਇਰੈਕਟਰ ਨੇਹਾ ਦੇਸਾਈ ਦਾ ਕਹਿਣਾ ਸੀ ਕਿ ਇਕ ਬੱਚਾ ਸੈਲਫ਼ ਡਿਪੋਰਟ ਹੋਣ ਦੇ ਸਿੱਟਿਆਂ ਬਾਰੇ ਕੁਝ ਨਹੀਂ ਜਾਣਦਾ। ਉਨ੍ਹਾਂ ਦੋਸ਼ ਲਾਇਆ ਕਿ ਹਜ਼ਾਰਾਂਦੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਯਤਨਾਂ ਤਹਿਤ ਬੱਚਿਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਨਾਬਾਲਗਾਂ ਨੂੰ ਉਨ੍ਹਾਂ ਦੇ ਜੱਦੀ ਮੁਲਕ ਭੇਜਿਆ ਜਾ ਰਿਹਾ ਹੈ ਜਾਂ ਕਿਸੇ ਤੀਜੇ ਮੁਲਕ ਵੱਲ। ਦੂਜੇ ਪਾਸੇ ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਤੋਂ ਬਾਅਦ ਬੇਘਰ ਲੋਕਾਂ ਦੀ ਫੜੋ-ਫੜੀ ਦੀ ਆਰੰਭ ਹੋ ਚੁੱਕੀ ਹੈ ਅਤੇ ਝੁੱਗੀਆਂ ਵਿਚ ਰਹਿਣ ਵਾਲੇ ਸੁਰੱਖਿਅਤ ਟਿਕਾਣਿਆਂ ਦੀ ਭਾਲ ਵਿਚ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਡੈਮੋਕ੍ਰੈਟਿਕ ਪਾਰਟੀ ਅਤੇ ਬੇਘਰ ਲੋਕਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਵੱਲੋਂ ਟਰੰਪ ਸਰਕਾਰ ਦੇ ਤਾਜ਼ਾ ਕਦਮ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਟਰੰਪ ਦੇ ਕਾਰਜਕਾਰੀ ਹੁਕਮਾਂ ਮੁਤਾਬਕ ਬੇਘਰ ਨੂੰ ਲੌਂਗ ਟਰਮ ਕੇਅਰ ਹੋਮਜ਼ ਵਿਚ ਲਿਜਾਇਆ ਜਾ ਰਿਹਾ ਹੈ ਜਿਥੇ ਇਨ੍ਹਾਂ ਦਾ ਸਰੀਰ ਅਤੇ ਮਾਨਸਿਕ ਇਲਾਜ ਕੀਤਾ ਜਾਵੇਗਾ।
ਪ੍ਰਵਾਸੀਆਂ ਵਰਗਾ ਹਾਲ ਹੋਣ ਦਾ ਖਦਸ਼ਾ
ਵੱਡੀ ਗਿਣਤੀ ਵਿਚ ਬੇਘਰ ਲੋਕ ਨਸ਼ਿਆਂ ਦੇ ਆਦੀ ਹਨ ਅਤੇ ਜਨਤਕ ਥਾਵਾਂ ’ਤੇ ਇਨ੍ਹਾਂ ਦੀ ਰਿਹਾਇਸ਼ੀ ਸਮਾਜ ਵਿਚ ਵਸਦੇ ਲੋਕਾਂ ਅੰਦਰ ਸਹਿਮ ਪੈਦਾ ਕਰਦੀ ਹੈ। ਇਥੇ ਦਸਣਾ ਬਣਦਾ ਕਿ ਬੇਘਰ ਲੋਕਾਂ ਦੀ ਗਿਣਤੀ ਵਿਚ ਪਿਛਲੇ ਸਮੇਂ ਦੌਰਾਨ ਤੇਜ਼ ਵਾਧਾ ਹੋਇਆ ਹੈ ਅਤੇ ਕੈਲੇਫੋਰਨੀਆ ਵਰਗੇ ਸੂਬੇ ਵਿਚ ਕੁਝ ਜ਼ਿਆਦਾ ਹੀ ਝੁੱਗੀਆਂ ਦੇਖੀਆਂ ਜਾ ਸਕਦੀਆਂ ਹਨ। ਟਰੰਪ ਦੇ ਕਾਰਜਕਾਰੀ ਹੁਕਮਾਂ ਨੂੰ ਸੈਨ ਫਰਾਂਸਿਸਕੋ, ਲੌਸ ਐਂਜਲਸ ਅਤੇ ਨਿਊ ਯਾਰਕ ਵਰਗੇ ਸ਼ਹਿਰਾਂ ਦੁਆਲੇ ਕੇਂਦਰਤ ਮੰਨਿਆ ਜਾ ਰਿਹਾ ਹੈ ਜੋ ਡੈਮੋਕ੍ਰੈਟਿਕ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਹਨ।


