ਟਰੰਪ ਵੱਲੋਂ 19 ਰਾਜਾਂ ’ਚ ਨੈਸ਼ਨਲ ਗਾਰਡਜ਼ ਤੈਨਾਤ
ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਇਕ ਹੋਰ ਵੱਡਾ ਫੈਸਲਾ ਲੈਂਦਿਆਂ ਡੌਨਲਡ ਟਰੰਪ ਵੱਲੋਂ 19 ਰਾਜਾਂ ਵਿਚ ਨੈਸ਼ਨਲ ਗਾਰਡਜ਼ ਤੈਨਾਤ ਕਰਨ ਦਾ ਐਲਾਨ ਕੀਤਾ ਗਿਆ ਹੈ

By : Upjit Singh
ਵਾਸ਼ਿੰਗਟਨ : ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਇਕ ਹੋਰ ਵੱਡਾ ਫੈਸਲਾ ਲੈਂਦਿਆਂ ਡੌਨਲਡ ਟਰੰਪ ਵੱਲੋਂ 19 ਰਾਜਾਂ ਵਿਚ ਨੈਸ਼ਨਲ ਗਾਰਡਜ਼ ਤੈਨਾਤ ਕਰਨ ਦਾ ਐਲਾਨ ਕੀਤਾ ਗਿਆ ਹੈ ਜੋ ਫੜੋ-ਫੜੀ ਦੌਰਾਨ ਇੰਮੀਗ੍ਰੇਸ਼ਨ ਐਂਡ ਕਸਮਟਜ਼ ਐਨਫ਼ੋਰਸਮੈਂਟ ਵਾਲਿਆਂ ਦੀ ਮਦਦ ਕਰਨਗੇ। ਅਮਰੀਕਾ ਦੀ ਰਾਜਧਾਨੀ ਵਿਚ ਪਹਿਲਾਂ ਹੀ ਨੈਸ਼ਨਲ ਗਾਰਡਜ਼ ਦੀ ਤੈਨਾਤੀ ਰਾਹੀਂ ਵਾਸ਼ਿੰਗਟਨ ਡੀ.ਸੀ. ਦਾ ਕੰਟਰੋਲ ਟਰੰਪ ਆਪਣੇ ਹੱਥਾਂ ਵਿਚ ਲੈ ਚੁੱਕੇ ਹਨ। ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਐਲਾਬਾਮਾ, ਫਲੋਰੀਡਾ, ਜਾਰਜੀਆ, ਇੰਡਿਆਨਾ, ਆਇਓਵਾ, ਲੂਈਜ਼ਿਆਨਾ, ਨੇਬਰਾਸਕਾ, ਨੇਵਾਡਾ, ਨਿਊ ਮੈਕਸੀਕੋ, ਓਹਾਇਓ, ਸਾਊਥ ਕੈਰੋਲਾਈਨਾ, ਸਾਊਥ ਡੈਕੋਟਾ, ਟੈਨੇਸੀ, ਟੈਕਸਸ, ਯੂਟਾਹ, ਵਰਜੀਨੀਆ, ਅਰਕੰਸਾ, ਟੈਕਸਸ ਅਤੇ ਵਿਓਮਿੰਗ ਰਾਜਾਂ ਦੇ ਸ਼ਹਿਰ ਹੁਣ ਸਿੱਧੇ ਰਾਸ਼ਟਰਪਤੀ ਦੇ ਕੰਟਰੋਲ ਹੇਠ ਹੋਣਗੇ ਜਿਥੇ ਸਿਰਫ਼ ਗੈਰਕਾਨੂੰਨੀ ਪ੍ਰਵਾਸੀਆਂ ’ਤੇ ਹੀ ਸ਼ਿਕੰਜਾ ਨਹੀਂ ਕਸਿਆ ਜਾਵੇਗਾ ਸਗੋਂ ਕ੍ਰਿਮੀਨਲਜ਼ ਵੀ ਕਾਬੂ ਕੀਤੇ ਜਾਣਗੇ।
ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਹੋਵੇਗੀ ਹੋਰ ਤੇਜ਼
ਪੈਂਟਾਗਨ ਦਾ ਇਕ ਅਫ਼ਸਰ ਨੇ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਈਸ ਵੱਲੋਂ ਗ੍ਰਿਫ਼ਤਾਰ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਨਿਜੀ ਜਾਣਕਾਰੀ, ਉਂਗਲਾਂ ਦੇ ਨਿਸ਼ਾਨ ਅਤੇ ਡੀ.ਐਨ.ਏ. ਨਮੂਨਿਆਂ ਦਾ ਪੁਲੰਦਾ ਤਿਆਰ ਕੀਤਾ ਜਾਵੇਗਾ। ਫ਼ਿਲਹਾਲ ਸ਼ਿਕਾਗੋ ਜਾਂ ਨਿਊ ਯਾਰਕ ਸ਼ਹਿਰ ਵਿਚ ਨੈਸ਼ਨਲ ਗਾਰਡਜ਼ ਦੀ ਤੈਨਾਤੀ ਬਾਰੇ ਕੋਈ ਖਬਰ ਸਾਹਮਣੇ ਨਹੀਂ ਆਈ। ਟਰੰਪ ਦੇ ਭਾਸ਼ਣਾਂ ਵਿਚ ਇਨ੍ਹਾਂ ਸ਼ਹਿਰਾਂ ਦਾ ਅਕਸਰ ਹੀ ਜ਼ਿਕਰ ਹੁੰਦਾ ਹੈ ਅਤੇ ਸ਼ੁੱਕਰਵਾਰ ਨੂੰ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ, ‘‘ਜਦੋਂ ਸਾਡੀ ਤਿਆਰੀ ਹੋ ਗਈ ਤਾਂ ਵਾਸ਼ਿੰਗਟਨ ਡੀ.ਸੀ. ਦੀ ਤਰਜ਼ ’ਤੇ ਸਿੱਧਾ ਸ਼ਿਕਾਗੋ ਪੁੱਜਾਂਗੇ।’’ ਰਾਸ਼ਟਰਪਤੀ ਦੇ ਸੰਕੇਤਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫ਼ਿਲਹਾਲ ਉਨ੍ਹਾਂ ਵੱਲੋਂ ਸ਼ਿਕਾਗੋ ਦੇ ਮੇਅਰ ਬਰੈਂਡਨ ਜੌਹਨਸਨ ਨਾਲ ਗੱਲਬਾਤ ਨਹੀਂ ਕੀਤੀ ਗਈ ਪਰ ਮੇਅਰ ਨੂੰ ਕਈ ਮੌਕਿਆਂ ’ਤੇ ਨਿਕੰਮਾ ਜ਼ਰੂਰ ਆਖ ਚੁੱਕੇ ਹਨ।
ਅਮਰੀਕਾ ਦੇ ਹਰ ਸ਼ਹਿਰ ਦਾ ਕੰਟਰੋਲ ਚਾਹੁੰਦੇ ਹਨ ਟਰੰਪ
ਇਥੇ ਦਸਣਾ ਬਣਦਾ ਹੈ ਕਿ ਹਾਲ ਹੀ ਵਿਚ ਵਾਸ਼ਿੰਗਟਨ ਡੀ.ਸੀ. ਵਿਖੇ ਕਰਵਾਏ ਗਏ ਇਕ ਸਰਵੇਖਣ ਮੁਤਾਬਕ ਸ਼ਹਿਰ ਦੇ 69 ਫੀ ਸਦੀ ਲੋਕ ਨੈਸ਼ਨਲ ਗਾਰਡਜ਼ ਦੀ ਤੈਨਾਤੀ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਨ। ਸਿਰਫ਼ 9 ਫ਼ੀ ਸਦੀ ਲੋਕਾਂ ਨੇ ਟਰੰਪ ਦੇ ਕਦਮ ਦੀ ਹਮਾਇਤ ਕੀਤੀ ਜਦਕਿ 8 ਫੀ ਸਦੀ ਨੇ ਕਿਹਾ ਕਿ ਸੰਭਾਵਤ ਤੌਰ ’ਤੇ ਟਰੰਪ ਸਹੀ ਕੰਮ ਕਰ ਰਹੇ ਹਨ। 10 ਫੀ ਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਦਾ ਇਹ ਕਦਮ ਪਸੰਦ ਨਹੀਂ ਆਇਆ।


