ਟਰੰਪ ਨੇ ਖੁਦ ਨੂੰ ਐਲਾਨਿਆ ‘ਮਹਾਰਾਜਾ’
ਡੌਨਲਡ ਟਰੰਪ ਨੇ ਇਕ ਨਵੇਂ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕਰਦਿਆਂ ਖੁਦ ਨੂੰ ਅਮਰੀਕਾ ਦਾ ‘ਮਹਾਰਾਜਾ’ ਐਲਾਨ ਦਿਤਾ ਹੈ ਅਤੇ ਨਵਾਂ ਸੰਵਿਧਾਨਕ ਸੰਕਟ ਉਭਰਦਾ ਨਜ਼ਰ ਆ ਰਿਹਾ ਹੈ।

ਵਾਸ਼ਿੰਗਟਨ : ਡੌਨਲਡ ਟਰੰਪ ਨੇ ਇਕ ਨਵੇਂ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕਰਦਿਆਂ ਖੁਦ ਨੂੰ ਅਮਰੀਕਾ ਦਾ ‘ਮਹਾਰਾਜਾ’ ਐਲਾਨ ਦਿਤਾ ਹੈ ਅਤੇ ਨਵਾਂ ਸੰਵਿਧਾਨਕ ਸੰਕਟ ਉਭਰਦਾ ਨਜ਼ਰ ਆ ਰਿਹਾ ਹੈ। ਤਾਜ਼ਾ ਹੁਕਮਾਂ ਮੁਤਾਬਕ ਅਮਰੀਕਾ ਦੀ ਸੰਸਦ ਅਧੀਨ ਕੰਮ ਕਰ ਵਾਲੀਆਂ ਖੁਦਮੁਖਤਿਆਰ ਏਜੰਸੀਆਂ ਅਤੇ ਵੱਖ ਵੱਖ ਵਿਭਾਗਾਂ ਵਿਚ ਰਾਸ਼ਟਰਪਤੀ ਸਿੱਧੇ ਤੌਰ ’ਤੇ ਦਖਲ ਦੇ ਸਕਣਗੇ। ਹੁਣ ਇਹ ਏਜੰਸੀਆਂ ਅਤੇ ਵਿਭਾਗ ਵਾਈਟ ਹਾਊਸ ਦੀ ਕਾਰਜਕਾਰੀ ਸ਼ਾਖਾ ਅਧੀਨ ਲਿਆਂਦੀਆਂ ਜਾ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਰਾਸ਼ਟਰਪਤੀ ਅਤੇ ਅਟਾਰਨੀ ਜਨਰਲ ਆਪਣੇ ਮੁਤਾਬਕ ਕਾਨੂੰਨ ਦੀ ਵਿਆਖਿਆ ਕਰ ਸਕਣਗੇ ਅਤੇ ਟਰੰਪ ਨੂੰ ਅਮਰੀਕਾ ਦੀ ਸੰਸਦ ਅਤੇ ਨਿਆਂਇਕ ਨਿਗਰਾਨੀ ਤੋਂ ਮੁਕਤ ਕੀਤਾ ਜਾ ਰਿਹਾ ਹੈ।
ਅਥਾਹ ਤਾਕਤਾਂ ਵਾਲੇ ਕਾਰਜਕਾਰੀ ਹੁਕਮ ’ਤੇ ਕੀਤੇ ਦਸਤਖ਼ਤ
ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਵੱਲੋਂ ਮਹਾਰਾਜਿਆਂ ਵਾਂਗ ਹਰ ਤਾਕਤ ਆਪਣੇ ਹੱਥਾਂ ਵਿਚ ਲਈ ਜਾ ਰਹੀ ਹੈ ਅਤੇ ਧੜਾ ਧੜਾ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਹੋ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਮੁਲਕ ਦੇ ਇਤਿਹਾਸ ਵਿਚ ਟਰੰਪ ਤੋਂ ਵੱਧ ਤਾਕਤਵਾਰ ਕੋਈ ਰਾਸ਼ਟਰਪਤੀ ਨਹੀਂ ਹੋਵੇਗਾ। ਪੌਲਿਟੀਕੋ ਦੀ ਰਿਪੋਰਟ ਮੁਤਾਬਕ ਰਸਲ ਵੌਟ ਜਿਨ੍ਹਾਂ ਨੂੰ ਮੈਨੇਜਮੈਂਟ ਐਂਡ ਬਜਟ ਦਫ਼ਤਰ ਦਾ ਮੁਖੀ ਥਾਪਿਆ ਗਿਆ, ਨੂੰ ਤਾਜ਼ਾ ਹੁਕਮਾਂ ਰਾਹੀਂ ਖੁਦਮੁਖਤਿਆਰ ਏਜੰਸੀਆਂ ਦੇ ਮੁਖੀਆਂ ਲਈ ਕਾਰਗੁਜ਼ਾਰੀ ਮਿਆਰ ਤੈਅ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ। ਸਿਰਫ ਐਨਾ ਹੀ ਨਹੀਂ, ਰਾਸ਼ਟਰਪਤੀ ਦੀਆਂ ਨੀਤੀਆਂ ਅਤੇ ਤਰਜੀਹਾਂ ਨੂੰ ਅੱਗੇ ਵਧਾਉਣ ਦੇ ਮਕਸਦ ਤਹਿਤ ਵੌਟ ਨੂੰ ਵੱਖ ਵੱਖ ਏਜੰਸੀਆਂ ਦੇ ਬਜਟ ਦੀ ਸਮੀਖਿਆ ਅਤੇ ਤਬਦੀਲੀ ਕਰਨ ਦੀ ਤਾਕਤ ਵੀ ਦੇ ਦਿਤੀ ਗਈ ਹੈ।
ਖੁਦਮੁਖਤਿਆਰ ਏਜੰਸੀਆਂ ਦੇ ਕੰਮ ਵਿਚ ਵੀ ਹੋਵੇਗਾ ਦਖਲ
ਟਰੰਪ ਦੀ ਦਲੀਲ ਹੈ ਕਿ ਇਸ ਤਰੀਕੇ ਨਾਲ ਸਰਕਾਰ ਨੂੰ ਅਮਰੀਕਾ ਵਾਸੀਆਂ ਪ੍ਰਤੀ ਜਵਾਬਦੇਹ ਬਣਾਇਆ ਜਾ ਸਕਦਾ ਹੈ। ਦੂਜੇ ਪਾਸੇ ਨੈਸ਼ਨਲ ਲੇਬਰ ਰਿਲੇਸ਼ਨਜ਼ ਬੋਰਡ ਅਤੇ ਗਵਰਨਮੈਂਟ ਐਥਿਕਸ ਦਫ਼ਤਰ ਦੇ ਮੁਖੀਆਂ ਨੂੰ ਬਰਖਾਸਤ ਕਰ ਦਿਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਤਿੰਨ ਹਫ਼ਤੇ ਦੌਰਾਨ ਟਰੰਪ ਵੱਲੋਂ ਸੈਂਕੜੇ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ ਵੱਡੀ ਗਿਣਤੀ ਨੂੰ ਗੈਰਸੰਵਿਧਾਨਕ ਕਰਾਰ ਦਿੰਦਿਆਂ ਅਦਾਲਤਾਂ ਵਿਚ ਚੁਣੌਤੀ ਦਿਤੀ ਗਈ ਹੈ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਮਹਾਰਾਜਾ ਬਣਨ ਦੇ ਸੁਪਨੇ ਵਾਲੇ ਕਾਰਜਕਾਰੀ ਹੁਕਮਾਂ ਨੂੰ ਵੀ ਅਦਾਲਤਾਂ ਵਿਚ ਚੁਣੌਤੀ ਦਿਤੀ ਜਾਵੇਗੀ।