ਟਰੰਪ ਵੱਲੋਂ ਮੋਦੀ ਨੂੰ ਧਮਕਾਉਣ ਦਾ ਦਾਅਵਾ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਹੈਰਾਨਕੁੰਨ ਦਾਅਵਾ ਕਰਦਿਆਂ ਕਿਹਾ ਹੈ ਕਿ ਭਾਰਤ-ਪਾਕਿਸਤਾਨ ਜੰਗ ਰੁਕਵਾਉਣ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭਾਰੀ ਭਰਕਮ ਟੈਰਿਫ਼ਸ ਲਾਉਣ ਦੀ ਧਮਕੀ ਦਿਤੀ ਸੀ

By : Upjit Singh
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਹੈਰਾਨਕੁੰਨ ਦਾਅਵਾ ਕਰਦਿਆਂ ਕਿਹਾ ਹੈ ਕਿ ਭਾਰਤ-ਪਾਕਿਸਤਾਨ ਜੰਗ ਰੁਕਵਾਉਣ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭਾਰੀ ਭਰਕਮ ਟੈਰਿਫ਼ਸ ਲਾਉਣ ਦੀ ਧਮਕੀ ਦਿਤੀ ਸੀ। ਵਾਈਟ ਹਾਊਸ ਵਿਚ ਕੈਬਨਿਟ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਪਾਰ ਸਮਝੌਤਾ ਰੋਕਣ ਦਾ ਜ਼ਿਕਰ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਤਿੱਖੀ ਚਿਤਾਵਨੀ ਤੋਂ ਪੰਜ ਘੰਟੇ ਦੇ ਅੰਦਰ ਹੀ ਦੋਵੇਂ ਮੁਲਕ ਪਿੱਛੇ ਹਟ ਗਏ। ਟਰੰਪ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਭਾਰਤ ਸਰਕਾਰ ਹਮੇਸ਼ਾਂ ਵਿਚੋਲਗੀ ਤੋਂ ਇਨਕਾਰ ਕਰਦੀ ਆਈ ਹੈ।
ਭਾਰਤ-ਪਾਕਿ ਜੰਗ ਰੁਕਵਾਉਣ ਲਈ ਟੈਰਿਫ਼ਸ ਦੀ ਦਿਤੀ ਸੀ ਧਮਕੀ
ਉਧਰ ਟਰੰਪ ਦੀਆਂ ਟਿੱਪਣੀਆਂ ਜਾਰੀ ਰਹੀਆਂ ਅਤੇ ਉਨ੍ਹਾਂ ਕਿਹਾ, ‘‘ਮੈਂ, ਮੋਦੀ ਨਾਲ ਗੱਲ ਕੀਤੀ ਜੋ ਬਹੁਤ ਚੰਗੇ ਇਨਸਾਨ ਹਨ। ਮੈਂ, ਪੁੱਛਿਆ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਕੀ ਰੌਲਾ ਹੈ? ਇਹ ਵਿਵਾਦ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਸ ਮਗਰੋਂ ਮਾਮਲਾ ਸੁਲਝ ਗਿਆ ਅਤੇ ਹੁਣ ਸ਼ਾਇਦ ਹੀ ਮੁੜ ਸ਼ੁਰੂ ਹੋਵੇ ਪਰ ਜੇ ਅਜਿਹਾ ਹੋਇਆ ਤਾਂ ਮੈਂ ਮੁੜ ਜੰਗ ਰੁਕਵਾਉਣ ਤੋਂ ਪਿੱਛੇ ਨਹੀਂ ਹਟਾਂਗਾ।’’ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਦੋਹਾਂ ਮੁਲਕਾਂ ਵਿਚਾਲੇ ਟਕਰਾਅ ਦੌਰਾਨ ਕਈ ਲੜਾਕੂ ਜਹਾਜ਼ ਡਿੱਗੇ। ਇਹ ਚੰਗੀ ਗੱਲ ਨਹੀਂ ਕਿਉਂਕਿ 15 ਕਰੋੜ ਡਾਲਰ ਮੁੱਲ ਦੇ ਜਹਾਜ਼ ਤਬਾਹ ਹੋ ਗਏ। ਸ਼ਾਇਦ ਸੱਤ ਜਾਂ ਇਸ ਤੋਂ ਵੀ ਜ਼ਿਆਦਾ ਕਿਉਂਕਿ ਅਸਲ ਗਿਣਤੀ ਕਦੇ ਦੱਸੀ ਹੀ ਨਹੀਂ ਗਈ। ਟਰੰਪ ਨੇ ਭਾਰਤ-ਪਾਕਿ ਟਕਰਾਅ ਦੀ ਤੁਲਨਾ ਰੂਸ-ਯੂਕਰੇਨ ਜੰਗ ਨਾਲ ਕਰਦਿਆਂ ਕਿਹਾ ਕਿ ਇਹ ਵਿਵਾਦ ਕੌਮਾਂਤਰੀ ਸੰਕਟ ਵਿਚ ਬਦਲ ਸਕਦਾ ਸੀ।
ਅਮਰੀਕਾ ਦੇ ਰਾਸ਼ਟਰਪਤੀ ਦਾ ਹੈਰਾਨਕੁੰਨ ਐਲਾਨ
ਜਿਵੇਂ ਰੂਸ ਅਤੇ ਯੂਕਰੇਨ ਦੀ ਲੜਾਈ ਦੁਨੀਆਂ ਨੂੰ ਆਲਮੀ ਜੰਗ ਵੱਲ ਖਿੱਚ ਸਕਦੀ ਸੀ, ਬਿਲਕੁਲ ਉਸ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਦੀ ਜੰਗ ਪਰਮਾਣੂ ਹਮਲੇ ਦਾ ਕਾਰਨ ਬਣ ਸਕਦੀ ਸੀ। ਇਥੇ ਦਸਣਾ ਬਣਦਾ ਹੈ ਕਿ ਟਰੰਪ ਦਰਜਨਾਂ ਮੌਕਿਆਂ ’ਤੇ ਭਾਰਤ-ਪਾਕਿ ਜੰਗ ਰੁਕਵਾਉਣ ਦਾ ਦਾਅਵਾ ਕਰ ਚੁੱਕੇ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਮਹੀਨੇ ਸੰਸਦ ਵਿਚ ਬਿਆਨ ਦਿੰਦਿਆਂ ਕਿਹਾ ਸੀ ਕਿ ਅਪ੍ਰੇਸ਼ਨ ਸਿੰਧੂਰ ਦੌਰਾਨ ਕਿਸੇ ਤੀਜੀ ਧਿਰ ਦੀ ਵਿਚੋਲਗੀ ਨਹੀਂ ਹੋਈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਹੋ ਦਾਅਵੇ ਕੀਤੇ।


