ਰਾਸ਼ਟਰਪਤੀਆਂ ਦੇ ਵੀਜ਼ੇ ਵੀ ਰੱਦ ਕਰਨ ਲੱਗੇ ਟਰੰਪ
ਕੌਮਾਂਤਰੀ ਵਿਦਿਆਰਥੀਆਂ ਦੇ ਸਟੱਡੀ ਵੀਜ਼ਾ ਰੱਦ ਕਰ ਰਹੀ ਟਰੰਪ ਸਰਕਾਰ ਨੇ ਰਾਸ਼ਟਰਪਤੀਆਂ ਜਾਂ ਪ੍ਰਧਾਨ ਮੰਤਰੀਆਂ ਦੇ ਵੀਜ਼ੇ ਰੱਦ ਕਰਨ ਦਾ ਸਿਲਸਿਲਾ ਵੀ ਆਰੰਭ ਦਿਤਾ ਹੈ

By : Upjit Singh
ਵਾਸ਼ਿੰਗਟਨ : ਕੌਮਾਂਤਰੀ ਵਿਦਿਆਰਥੀਆਂ ਦੇ ਸਟੱਡੀ ਵੀਜ਼ਾ ਰੱਦ ਕਰ ਰਹੀ ਟਰੰਪ ਸਰਕਾਰ ਨੇ ਰਾਸ਼ਟਰਪਤੀਆਂ ਜਾਂ ਪ੍ਰਧਾਨ ਮੰਤਰੀਆਂ ਦੇ ਵੀਜ਼ੇ ਰੱਦ ਕਰਨ ਦਾ ਸਿਲਸਿਲਾ ਵੀ ਆਰੰਭ ਦਿਤਾ ਹੈ। ਜੀ ਹਾਂ, ਪਹਿਲੇ ਪੀੜਤ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਬਣੇ ਜਿਨ੍ਹਾਂ ਨੇ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਲੱਦੇ ਅਮਰੀਕੀ ਫੌਜ ਦੇ ਜਹਾਜ਼ਾਂ ਨੂੰ ਆਪਣੇ ਮੁਲਕ ਵਿਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਸੀ ਦਿਤੀ। ਕੋਲੰਬੀਆ ਦੇ ਪਹਿਲੇ ਖੱਬੇਪੱਖੀ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਉਹ ਵਰਲਡ ਬੈਂਕ ਅਤੇ ਆਈ.ਐਮ.ਐਫ਼. ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋਣ ਅਮਰੀਕਾ ਨਹੀਂ ਜਾ ਸਕਦੇ।
ਕੋਲੰਬੀਆ ਦੇ ਰਾਸ਼ਟਰਪਤੀ ਨਾਲ ਕੱਢੀ ਕਿੜ
ਕੋਲੰਬੀਆ ਦੇ ਰਾਸ਼ਟਰਪਤੀ ਦੀ ਥਾਂ ਵਿੱਤ ਮੰਤਰੀ ਜਰਮਨ ਐਵੀਲਾ ਨੂੰ ਅਮਰੀਕਾ ਵਿਚ ਹੋਣ ਵਾਲੀਆਂ ਅਹਿਮ ਮੀਟਿੰਗਾਂ ਵਿਚ ਸ਼ਮੂਲੀਅਤ ਕਰਨੀ ਹੋਵੇਗੀ। ਗੁਸਤਾਵੋ ਦਾ ਕਹਿਣਾ ਸੀ ਕਿ ਉਹ ਡੌਨਲਡ ਡੱਕ ਨੂੰ ਕਈ ਵਾਰ ਮਿਲ ਚੁੱਕੇ ਹਨ ਜਿਸ ਦੇ ਮੱਦੇਨਜ਼ਰ ਵੀਜ਼ਾ ਰੱਦ ਹੋਣ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਕੋਲੰਬੀਆ ਦੇ ਰਾਸ਼ਟਰਪਤੀ ਦਾ ਵੀਜ਼ਾ ਕਦੋਂ ਰੱਦ ਹੋਇਆ। ਗੁਸਤਾਵੋ ਪੈਟਰੋ ਆਖਰੀ ਵਾਰ ਸਤੰਬਰ 2024 ਵਿਚ ਅਮਰੀਕਾ ਪੁੱਜੇ ਸਨ ਅਤੇ ਸ਼ਿਕਾਗੋ ਵਿਖੇ ਕਲਾਈਮੇਟ ਕਾਨਫਰੰਸ ਵਿਚ ਸ਼ਮੂਲੀਅਤ ਕਰਨ ਤੋਂ ਇਲਾਵਾ ਨਿਊ ਯਾਰਕ ਵਿਖੇ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਵਿਚ ਵੀ ਸ਼ਾਮਲ ਹੋਏ। ਅਪ੍ਰੈਲ 2023 ਵਿਚ ਉਸ ਵੇਲੇ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਗੁਸਤਾਵੋ ਪੈਟਰੋ ਦਾ ਵਾਈਟ ਹਾਊਸ ਵਿਖੇ ਸਵਾਗਤ ਕੀਤਾ ਗਿਆ ਪਰ ਨਵੀਂ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਹਾਲਾਤ ਬਿਲੁਕਲ ਬਦਲ ਗਏ।
ਆਉਣ ਵਾਲੇ ਸਮੇਂ ਦੌਰਾਨ ਵਧ ਸਕਦੇ ਨੇ ਮਾਮਲੇ
ਗੁਸਤਾਵੋ ਪੈਟਰੋ ਨੇ ਅਮਰੀਕਾ ਦੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਥਕੜੀਆਂ ਲਾਏ ਜਾਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਦੋ ਫੌਜੀ ਜਹਾਜ਼ਾਂ ਨੂੰ ਆਪਣੀ ਧਰਤੀ ਲੈਂਡ ਕਰਨ ਦੀ ਇਜਾਜ਼ਤ ਵੀ ਨਾ ਦਿਤੀ ਜਿਸ ਕਰ ਕੇ ਟਰੰਪ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਚੜ੍ਹ ਗਿਆ। ਟਰੰਪ ਵੱਲੋਂ ਮੁਢਲੇ ਤੌਰ ’ਤੇ 25 ਫੀ ਸਦੀ ਟੈਰਿਫ਼ਸ ਲਾਉਣ ਦਾ ਐਲਾਨ ਕੀਤਾ ਗਿਆ ਅਤੇ ਟੈਕਸਾਂ ਵਿਚ 25 ਫੀ ਸਦੀ ਹੋਰ ਵਾਧਾ ਕਰਨ ਦੀ ਗੱਲ ਵੀ ਆਖੀ। ਕੋਲੰਬੀਆ ਦੇ ਰਾਸ਼ਟਰਪਤੀ ਵੱਲੋਂ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ 25 ਫੀ ਸਦੀ ਮੋੜਵੀਆਂ ਟੈਰਿਫਸ ਦਾ ਐਲਾਨ ਕੀਤਾ ਗਿਆ ਪਰ ਇਸੇ ਦੌਰਾਨ ਪ੍ਰਵਾਸੀਆਂ ਨਾਲ ਲੱਦੇ ਜਹਾਜ਼ ਕੋਲੰਬੀਆ ਵਿਚ ਲੈਂਡ ਕਰਵਾਉਣ ਦੀ ਸ਼ਰਤ ਮੰਨ ਲਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਾਅਵਾ ਕੀਤਾ ਸੀ ਕਿ ਕੋਲੰਬੀਆ ਦੇ ਰਾਸ਼ਟਰਪਤੀ ਹੁਣ ਮੁਕਰ ਰਹੇ ਹਨ। ਰੂਬੀਓ ਨੇ ਕਿਹਾ ਕਿ ਗੁਸਤਾਵੋ ਪੈਟਰੋ ਨੇ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਲੱਦੀਆਂ ਫਲਾਈਟਸ ਨੂੰ ਲੈਂਡ ਕਰਵਾਉਣ ਦੀ ਹਰੀ ਝੰਡੀ ਦਿਤੀ ਸੀ ਪਰ ਮੌਕੇ ’ਤੇ ਮੁੱਕਰ ਗਏ।


