Begin typing your search above and press return to search.

ਸੱਤ ਦਿਨ ਮੁਫ਼ਤ ਕਰੋ ਫ਼ਿਨਲੈਂਡ ਦੀ ਯਾਤਰਾ, ਫ਼ਿਨਲੈਂਡ ਸਰਕਾਰ ਦੀ ਹੈ ਨਿਵੇਕਲੀ ਯੋਜਨਾ

ਜੇ ਤੁਸੀਂ ਰੋਜ਼ਾਨਾ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਟ੍ਰੈਫਿਕ ਅਤੇ ਲਗਾਤਾਰ ਨੋਟੀਫਿਕੇਸ਼ਨਾਂ ਤੋਂ ਥੱਕ ਚੁੱਕੇ ਹੋ ਤਾਂ ਉਤਰੀ ਯੂਰੋਪ ਦਾ ਦੇਸ਼ ਫਿਨਲੈਂਡ ਤੁਹਾਡੇ ਲਈ ਇੱਕ ਵਿਸ਼ੇਸ਼ ਮੌਕਾ ਲੈ ਕੇ ਆਇਆ ਹੈ। 'ਵਰਲਡ ਹੈਪੀਨੈੱਸ ਰਿਪੋਰਟ' ਮੁਤਾਬਕ ਫਿਨਲੈਂਡ ਲਗਾਤਾਰ ਕਈ ਸਾਲਾਂ ਤੋਂ ਦੁਨੀਆਂ ਦਾ ਸਭ ਤੋਂ ਖੁਸ਼ਹਾਲ ਦੇਸ਼ ਬਣਿਆ ਹੋਇਆ ਹੈ

ਸੱਤ ਦਿਨ ਮੁਫ਼ਤ ਕਰੋ ਫ਼ਿਨਲੈਂਡ ਦੀ ਯਾਤਰਾ, ਫ਼ਿਨਲੈਂਡ ਸਰਕਾਰ ਦੀ ਹੈ ਨਿਵੇਕਲੀ ਯੋਜਨਾ
X

Mehtab-Ud-DinBy : Mehtab-Ud-Din

  |  19 March 2026 2:26 PM IST

  • whatsapp
  • Telegram

ਆਉਣ–ਜਾਣ ਦਾ ਖ਼ਰਚਾ ਵੀ ਦੇਵੇਗੀ ਸਰਕਾਰ

ਹੈਲਸਿੰਕੀ (ਫ਼ਿਨਲੈਂਡ): ਜੇ ਤੁਸੀਂ ਰੋਜ਼ਾਨਾ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਟ੍ਰੈਫਿਕ ਅਤੇ ਲਗਾਤਾਰ ਨੋਟੀਫਿਕੇਸ਼ਨਾਂ ਤੋਂ ਥੱਕ ਚੁੱਕੇ ਹੋ ਤਾਂ ਉਤਰੀ ਯੂਰੋਪ ਦਾ ਦੇਸ਼ ਫਿਨਲੈਂਡ ਤੁਹਾਡੇ ਲਈ ਇੱਕ ਵਿਸ਼ੇਸ਼ ਮੌਕਾ ਲੈ ਕੇ ਆਇਆ ਹੈ। 'ਵਰਲਡ ਹੈਪੀਨੈੱਸ ਰਿਪੋਰਟ' ਮੁਤਾਬਕ ਫਿਨਲੈਂਡ ਲਗਾਤਾਰ ਕਈ ਸਾਲਾਂ ਤੋਂ ਦੁਨੀਆਂ ਦਾ ਸਭ ਤੋਂ ਖੁਸ਼ਹਾਲ ਦੇਸ਼ ਬਣਿਆ ਹੋਇਆ ਹੈ। ਹੁਣ ਇਸ ਦੇਸ਼ ਦੀ ਸਰਕਾਰੀ ਟੂਰਿਜ਼ਮ ਏਜੰਸੀ ਵਿਜ਼ਿਟ ਫਿਨਲੈਂਡ ਨੇ ਇੱਕ ਵਿਲੱਖਣ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਨੂੰ 'ਚਿੱਲ ਲਾਈਕ ਏ ਫਿਨ: 7 ਡੇਅ ਚੈਲੇਂਜ ਇਨ ਲੇਕਲੈਂਡ' ਕਿਹਾ ਜਾ ਰਿਹਾ ਹੈ। ਇਸ ਰਾਹੀਂ ਚੁਣੇ ਗਏ ਲੋਕਾਂ ਨੂੰ ਆਉਂਦੇ ਜੂਨ ਮਹੀਨੇ ਦੌਰਾਨ ਫਿਨਲੈਂਡ ਦੇ ਸਭ ਤੋਂ ਵੱਡੇ ਝੀਲਾਂ ਵਾਲੇ ਖੇਤਰ ਫਿਨਿਸ਼ ਲੇਕਲੈਂਡ ਵਿੱਚ 7 ਦਿਨਾਂ ਦੀ ਪੂਰੀ ਖਰਚੇ ਵਾਲਾ ਟ੍ਰਿਪ ਮੁਫ਼ਤ ਮਿਲੇਗਾ, ਜਿੱਥੇ ਉਹ ਐਸ਼ੋ–ਆਰਾਮ ਅਤੇ ਖੁਸ਼ੀ ਨਾਲ ਛੁੱਟੀਆਂ ਮਨਾ ਸਕਣਗੇ।

ਫਿਨਿਸ਼ ਲੇਕਲੈਂਡ ਯੂਰੋਪ ਦਾ ਸਭ ਤੋਂ ਵੱਡਾ ਝੀਲਾਂ ਵਾਲਾ ਖੇਤਰ ਹੈ, ਜਿੱਥੇ ਹਜ਼ਾਰਾਂ ਝੀਲਾਂ, ਸੰਘਣੇ ਜੰਗਲ ਅਤੇ ਸ਼ਾਂਤ ਪ੍ਰਕਿਰਤੀ ਹੈ। ਫਿਨਲੈਂਡ ਵਾਸੀ ਗਰਮੀਆਂ ਵਿੱਚ ਇੱਥੇ ਆਪਣੇ ਛੋਟੇ ਕੇਬਿਨਾਂ ਭਾਵ ਸਮਰ ਕਾਟੇਜ ਵਿੱਚ ਜਾਂਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਸਧਾਰਨ ਤਰੀਕੇ ਨਾਲ ਜੀਉਂਦੇ ਹਨ। ਇੱਥੇ ਰੋਜ਼ਮੱਰਾ ਦਾ ਜੀਵਨ ਬਹੁਤ ਸਾਧਾਰਣ ਹੁੰਦਾ ਹੈ — ਦੇਰ ਨਾਲ ਉੱਠਣਾ, ਜੰਗਲ ਵਿੱਚ ਟਹਿਲਣਾ ਜਾਂ ਸਾਈਕਲ ਚਲਾਉਣਾ, ਦੋਸਤਾਂ ਨਾਲ ਮਿਲਣਾ, ਬਾਰਬੀਕਿਊ ਕਰਨਾ ਅਤੇ ਝੀਲ ਵਿੱਚ ਤੈਰਾਕੀ ਕਰਨਾ। ਇਹ ਖੇਤਰ ਨੂੰ 'ਕੂਲਕੇਸ਼ਨ' ਵਜੋਂ ਵੀ ਜਾਣਿਆ ਜਾਂਦਾ ਹੈ, ਜਿੱਥੇ ਗਰਮੀ ਵਿੱਚ ਵੀ ਠੰਢੀ ਹਵਾ ਅਤੇ ਸ਼ਾਂਤ ਮਾਹੌਲ ਮਿਲਦਾ ਹੈ। ਫਿਨਿਸ਼ ਲੋਕਾਂ ਲਈ ਇਹ ਜਗ੍ਹਾ ਮਨ ਨੂੰ ਰੀਚਾਰਜ ਕਰਨ ਅਤੇ ਕੁਦਰਤ ਨਾਲ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਹੈ।

ਚੁਣੇ ਜਾਣ ਵਾਲੇ 6 ਜੋੜਿਆਂ ਭਾਵ ਕੁੱਲ 12 ਵਿਅਕਤੀਆਂ ਨੂੰ ਆਉਂਦੀ 11 ਤੋਂ 18 ਜੂਨ ਤੱਕ) ਇੱਕ ਰੋਡ ਟ੍ਰਿਪ ਮਿਲੇਗੀ। ਇਸ ਵਿੱਚ ਸ਼ਾਮਲ ਹੈ:

ਆਉਣ–ਜਾਣ ਦਾ ਉਡਾਣਾਂ ਦਾ ਖ਼ਰਚਾ, ਕਿਰਾਏ ਦੀ ਕਾਰ – ਜਿਸ ਲਈ ਡਰਾਈਵਿੰਗ ਲਾਇਸੈਂਸ ਜ਼ਰੂਰੀ ਹੋਣਾ ਚਾਹੀਦਾ ਹੈ। ਇਸ ਦੇ ਨਾਲ਼ ਹੀ ਵੱਖ-ਵੱਖ ਥਾਵਾਂ ਤੇ ਰਹਿਣ ਦੀ ਵਿਵਸਥਾ ਹੋਵੇਗੀ। ਲੇਕਸਾਈਡ ਸਾਉਨਾ, ਝੀਲ ਵਿੱਚ ਡੁੱਬਕੀ, ਜੰਗਲ ਵਿੱਚ ਵਾਕ, ਕਾਇਕਿੰਗ, ਪੈਡਲ–ਬੋਰਡਿੰਗ, ਸਾਈਕਲਿੰਗ ਅਤੇ ਸਥਾਨਕ ਖਾਣਿਆਂ ਦਾ ਅਨੁਭਵ। ਫਿਨਿਸ਼ ਸਮਰ ਹਾਲੀਡੇ ਦਾ ਅਸਲ ਅਹਿਸਾਸ ਲਿਆ ਜਾ ਸਕੇਗਾ – ਬਿਨਾਂ ਕਿਸੇ ਰੌਲ਼ੇ ਦੇ, ਬਿਨਾਂ ਨੋਟੀਫਿਕੇਸ਼ਨ ਅਤੇ ਬਿਨਾ ਕਿਸੇ ਦਬਾਅ ਦੇ।

ਇਹ ਚੈਲੇਂਜ ਖੁਸ਼ੀ ਅਤੇ ਆਰਾਮ ਨੂੰ ਸਿਖਾਉਣ ਲਈ ਬਣਾਇਆ ਗਿਆ ਹੈ, ਜਿੱਥੇ ਭਾਗੀਦਾਰ ਫਿਨਿਸ਼ ਤਰੀਕੇ ਨਾਲ ਜਿਊਣਾ ਸਿੱਖਣਗੇ।

ਇਸ ਵਿੱਚ ਹਿੱਸਾ ਲੈਣ ਲਈ ਤੁਹਾਨੂੰ ਇੱਕ ਜੋੜੀ ਪਾਰਟਨਰ, ਦੋਸਤ, ਪਰਿਵਾਰਕ ਮੈਂਬਰ ਜਾਂ ਨੇੜਲੇ ਵਿਅਕਤੀ ਨਾਲ ਅਪਲਾਈ ਕਰਨਾ ਹੈ। ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਪ੍ਰਕਿਰਿਆ ਬਹੁਤ ਸੌਖੀ ਹੈ:

ਸੋਸ਼ਲ ਮੀਡੀਆ ਚੈਲੇਂਜ — ਇੰਸਟਾਗ੍ਰਾਮ ਜਾਂ ਟਿਕਟਾਕ 'ਤੇ ਆਪਣੇ ਜੋੜੇ ਨਾਲ ਇੱਕ ਵੀਡੀਓ ਬਣਾਓ। ਵੀਡੀਓ ਵਿੱਚ ਆਪਣੀ ਜਾਣ-ਪਛਾਣ ਦਿਓ ਅਤੇ ਦੱਸੋ ਕਿ ਤੁਸੀਂ ਫਿਨਿਸ਼ ਲੇਕਲੈਂਡ ਵਿੱਚ ਸਮਰ ਹੌਲੀਡੇ ਦੀ ਕਲਪਨਾ ਕਿਵੇਂ ਕਰਦੇ ਹੋ। ਪੋਸਟ ਨੂੰ ਪਬਲਿਕ ਰੱਖੋ, @ourfinland (ਇੰਸਟਾਗ੍ਰਾਮ) ਜਾਂ @visitfinland.com (ਟਿਕਟੌਕ) ਨੂੰ ਟੈਗ ਕਰੋ ਅਤੇ ਹੈਸ਼ਟੈਗ #ChillLikeAFinn ਵਰਤੋ। ਵੀਡੀਓ ਅੰਗਰੇਜ਼ੀ ਵਿੱਚ ਬਣਾਓ।

ਐਪਲੀਕੇਸ਼ਨ ਫਾਰਮ ਭਰੋ — ਵਿਜ਼ਿਟ ਫਿਨਲੈਂਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ: ChillLikeaFinn.com ਜਾਂ www.visitfinland.com/en/chill-like-a-finn/apply ਅਤੇ ਫਾਰਮ ਭਰੋ। ਆਪਣੀ ਸੋਸ਼ਲ ਮੀਡੀਆ ਪੋਸਟ ਦਾ ਲਿੰਕ ਸਾਂਝਾ ਕਰੋ।

ਆਖ਼ਰੀ ਤਰੀਕ 29 ਮਾਰਚ 2026, ਰਾਤ 11:59 ਵਜੇ (ਈਸਟਰਨ ਯੂਰਪੀਅਨ ਸਮਰ ਟਾਈਮ) ਤੱਕ ਹੈ। ਭਾਰਤ ਵਿੱਚ ਤਦ ਸਵੇਰ ਦੇ 3:29 ਵਜੇ ਹੋਣਗੇ। ਅਪਲਾਈ ਕਰਨ ਤੋਂ ਬਾਅਦ ਅਪ੍ਰੈਲ ਵਿੱਚ ਚੁਣੇ ਗਏ ਲੋਕਾਂ ਨਾਲ਼ ਸਿੱਧਾ ਸੰਪਰਕ ਕੀਤਾ ਜਾਵੇਗਾ।

ਫਿਨਲੈਂਡ ਨੇ ਆਪਣੀ ਖੁਸ਼ੀ ਦਾ ਰਾਜ਼ — ਸ਼ਾਂਤੀ, ਕੁਦਰਤ ਨਾਲ ਜੁੜਨਾ ਅਤੇ ਸਾਦਾ ਜੀਵਨ — ਪੂਰੀ ਦੁਨੀਆ ਨਾਲ ਸਾਂਝਾ ਕਰਨ ਦਾ ਫੈਸਲਾ ਕੀਤਾ ਹੈ। ਇਹ ਚੈਲੇਂਜ ਨਾ ਸਿਰਫ਼ ਮੁਫ਼ਤ ਟ੍ਰਿਪ ਹੈ, ਸਗੋਂ ਇੱਕ ਅਨੋਖਾ ਅਨੁਭਵ ਵੀ, ਜੋ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਵਧੇਰੇ ਆਰਾਮ ਅਤੇ ਸੰਤੁਲਨ ਲਿਆਉਣ ਵਿੱਚ ਮਦਦ ਕਰ ਸਕਦਾ ਹੈ। ਜੇ ਤੁਸੀਂ ਅਤੇ ਤੁਹਾਡਾ ਜੋੜਾ ਇਸ ਤਰ੍ਹਾਂ ਛੁੱਟੀਆਂ ਮਨਾਉਣਾ ਚਾਹੁੰਦੇ ਹੋ, ਤਾਂ ਜਲਦੀ ਅਪਲਾਈ ਕਰੋ — ਸਮਾਂ ਬਹੁਤ ਘੱਟ ਰਹਿ ਗਿਆ ਹੈ!

Next Story
ਤਾਜ਼ਾ ਖਬਰਾਂ
Share it