ਅਮਰੀਕਾ ਵਿਚ ਵਾਵਰੋਲਿਆਂ ਦਾ ਕਹਿਰ, 2 ਮੌਤਾਂ
ਅਮਰੀਕਾ ਦੇ ਦੱਖਣ ਅਤੇ ਮੱਧ ਪੱਛਮੀ ਰਾਜਾਂ ਵਿਚ ਵਾਵਰੋਲਿਆਂ, ਭਾਰੀ ਮੀਂਹ ਅਤੇ ਹਨੇਰੀ ਨੇ ਕਹਿਰ ਢਾਹ ਦਿਤਾ ਜਦਕਿ ਆਉਣ ਵਾਲੇ 24 ਘੰਟਿਆਂ ਦੌਰਾਨ ਹਾਲਾਤ ਹੋਰ ਬਦਤਰ ਹੋਣ ਦੀ ਚਿਤਾਵਨੀ ਦਿਤੀ ਗਈ ਹੈ।

By : Upjit Singh
ਹਿਊਸਟਨ : ਅਮਰੀਕਾ ਦੇ ਦੱਖਣ ਅਤੇ ਮੱਧ ਪੱਛਮੀ ਰਾਜਾਂ ਵਿਚ ਵਾਵਰੋਲਿਆਂ, ਭਾਰੀ ਮੀਂਹ ਅਤੇ ਹਨੇਰੀ ਨੇ ਕਹਿਰ ਢਾਹ ਦਿਤਾ ਜਦਕਿ ਆਉਣ ਵਾਲੇ 24 ਘੰਟਿਆਂ ਦੌਰਾਨ ਹਾਲਾਤ ਹੋਰ ਬਦਤਰ ਹੋਣ ਦੀ ਚਿਤਾਵਨੀ ਦਿਤੀ ਗਈ ਹੈ। ਟੈਕਸਸ ਤੋਂ ਲੈ ਕੇ ਮਿਨੇਸੋਟਾ ਤੱਕ 9 ਕਰੋੜ ਲੋਕ ਮੌਸਮ ਦੇ ਮਾਰ ਹੇਠ ਦੱਸੇ ਜਾ ਰਹੇ ਹਨ ਅਤੇ ਬੁੱਧਵਾਰ ਸ਼ਾਮ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ। ਆਰਕੰਸਾ ਦੇ ਬਲਾਈਦਵਿਲ ਇਲਾਕੇ ਵਿਚ ਵਾਵਰੋਲੇ ਕਾਰਨ ਅਸਮਾਨ ਵਿਚ ਦੂਰ-ਦੂਰ ਤੱਕ ਮਲਬਾ ਉਡਦਾ ਨਜ਼ਰ ਆਇਆ ਅਤੇ ਕਈ ਘਰਾਂ ਦਾ ਨਾਮੋ-ਨਿਸ਼ਾਨ ਖਤਮ ਹੋ ਗਿਆ। ਹੁਣ ਤੱਕ ਦੋ ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ। ਮੌਸਮ ਵਿਭਾਗ ਵੱਲੋਂ ਆਰਕੰਸਾ, ਇਲੀਨੌਇ, ਇੰਡਿਆਨਾ, ਮਜ਼ੂਰੀ ਅਤੇ ਮਿਸੀਸਿਪੀ ਵਿਚ ਦਰਜਨਾਂ ਵਾਵਰੋਲੇ ਆਉਣ ਦੀ ਚਿਤਾਵਨੀ ਦਿਤੀ ਗਈ ਸੀ।
ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ, ਲੋਕਾਂ ਦੇ ਘਰ ਹੋਏ ਤਬਾਹ
ਅਰਕੰਸਾ ਸੂਬੇ ਦੀਆਂ ਘੱਟੋ ਘੱਟ 22 ਕਾਂਊਂਟੀਆਂ ਵਿਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੌਰਾਨ ਘੱਟੋ ਘੱਟ ਚਾਰ ਜਣੇ ਜ਼ਖਮੀ ਹੋ ਗਏ। ਇਥੇ ਦਸਣਾ ਬਣਦਾ ਹੈ ਕਿ ਦੋ ਸਾਲ ਪਹਿਲਾਂ ਅਰਕੰਸਾ ਸੂਬੇ ਵਿਚ ਈ.ਐਫ਼-3 ਤੀਬਰਤਾ ਵਾਲੇ ਵਾਵਰੋਲੇ ਨੇ ਤਬਾਹੀ ਮਚਾ ਦਿਤੀ ਸੀ ਅਤੇ ਅੱਜ ਤੱਕ ਮੁੜ ਵਸੇਬੇ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ। ਉਧਰ ਮਜ਼ੂਰੀ ਸੂਬੇ ਵਿਚ ਸੜਕਾਂ ’ਤੇ ਮਲਬਾ ਅਤੇ ਦਰੱਖਤ ਡਿੱਗੇ ਹੋਣ ਕਾਰਨ ਆਵਾਜਾਈ ਰੋਕ ਦਿਤੀ ਗਈ। ਓਕਲਾਹੋਮਾ ਸੂਬੇ ਵਿਚ ਵਾਵਰੋਲੇ ਦੀ ਮਾਰ ਹੇਠ ਆਈਆਂ ਗੱਡੀਆਂ ਮੂਧੀਆਂ ਵੱਜ ਗਈਆਂ ਅਤੇ ਦਰਜਨਾਂ ਘਰਾਂ ਨੂੰ ਨੁਕਸਾਨ ਪੁੱਜਾ। ਇੰਡਿਆਨਾ ਸੂਬੇ ਦੇ ਬ੍ਰਾਊਨਜ਼ਬਰਗ ਵਿਖੇ ਇਕ ਗੋਦਾਮ ਤਬਾਹ ਹੋ ਗਿਆ ਅਤੇ ਇਸ ਵਿਚ ਫਸੇ ਇਕ ਸ਼ਖਸ ਨੂੰ ਐਮਰਜੰਸੀ ਕਾਮਿਆਂ ਵੱਲੋਂ ਕੱਢਿਆ ਗਿਆ। ਪੁਲਿਸ ਮੁਤਾਬਕ ਇੰਟਰਸਟੇਟ 65 ’ਤੇ ਵਾਵਰੋਲੇ ਦੀ ਮਾਰ ਹੇਠ ਆਏ ਪੰਜ ਟਰੱਕ ਖਤਾਨਾਂ ਵਿਚ ਜਾ ਡਿੱਗੇ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਟੈਕਸਸ ਤੋਂ ਮਿਨੇਸੋਟਾ ਤੱਕ 9 ਕਰੋੜ ਲੋਕ ਮੌਸਮੀ ਆਫ਼ਤ ਦੀ ਮਾਰ ਹੇਠ
ਇਸੇ ਦੌਰਾਨ ਟੈਨੇਸੀ ਦੇ ਪੱਛਮੀ ਇਲਾਕਿਆਂ ਅਤੇ ਮਜ਼ੂਰੀ ਦੇ ਦੱਖਣ ਪੂਰਬੀ ਇਲਾਕਿਆਂ ਵਿਚ ਲੱਖਾਂ ਦੇ ਪ੍ਰਭਾਵਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਸਟੌਰਮ ਪ੍ਰਡਿਕਸ਼ਨ ਸੈਂਟਰ ਵੱਲੋਂ ਈ.ਐਫ਼. 3 ਤੀਬਰਤਾ ਵਾਲੇ ਵਾਵਰੋਲੇ ਆ ਸਕਦੇ ਹਨ ਜਿਨ੍ਹਾਂ ਦਾ ਘੇਰਾ ਬਹੁਤ ਜ਼ਿਆਦਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਇੰਡਿਆਨਾ ਸੂਬੇ ਵਿਚ ਭਾਰੀ ਮੀਂਹ ਦੌਰਾਨ ਸੜਕਾਂ ’ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ ਅਤੇ ਕਈ ਥਾਵਾਂ ’ਤੇ ਪਾਣੀ ਦਾ ਪੱਧਰ ਗੱਡੀਆਂ ਦੇ ਸ਼ੀਸ਼ੇ ਤੱਕ ਪੁੱਜ ਗਿਆ। ਟੈਕਸਸ ਦੇ ਕੁਝ ਹਿੱਸਿਆਂ ਅਤੇ ਮਿਸੀਸਿਪੀ ਵੈਲੀ ਵਿਚ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਦਕਿ ਆਰਕੰਸਾ ਦੇ ਉਤਰ ਪੱਛਮੀ ਇਲਾਕਿਆਂ ਵਿਚ 15 ਇੰਚ ਤੱਕ ਬਾਰਸ਼ ਹੋ ਸਕਦੀ ਹੈ। ਉਧਰ ਕੈਂਟਕੀ ਅਤੇ ਇੰਡਿਆਨਾ ਦੇ ਕੁਝ ਇਲਾਕਿਆਂ ਵਿਚ ਹੜ੍ਹ ਆਉਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ।


