Begin typing your search above and press return to search.

ਲੰਡਨ ’ਚ ਆਇਆ ਸੀ ਬੀਅਰ ਦਾ ਹੜ੍ਹ, 8 ਲੋਕਾਂ ਦੀ ਹੋਈ ਸੀ ਮੌਤ

ਪਿਛਲੇ ਦਿਨੀਂ ਅਸੀਂ ਦੇਖਿਆ ਕਿ ਨੇਪਾਲ, ਪਾਕਿਸਤਾਨ ਸਮੇਤ ਕਈ ਦੇਸ਼ਾਂ ਵਿਚ ਹੜ੍ਹ ਨੇ ਭਾਰੀ ਤਬਾਹੀ ਮਚਾਈ, ਜਿਸ ਕਾਰਨ ਲੋਕਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਪਰ ਕੀ ਤੁਸੀਂ ਜਾਣਦੇ ਹੋ ਕਿ ਇਕ ਸ਼ਹਿਰ ਅਜਿਹਾ ਵੀ ਐ ਜਿੱਥੇ ਪਾਣੀ ਦਾ ਨਹੀਂ, ਬਲਕਿ ਬੀਅਰ ਦਾ ਹੜ੍ਹ ਆ ਗਿਆ ਸੀ

ਲੰਡਨ ’ਚ ਆਇਆ ਸੀ ਬੀਅਰ ਦਾ ਹੜ੍ਹ, 8 ਲੋਕਾਂ ਦੀ ਹੋਈ ਸੀ ਮੌਤ
X

Makhan shahBy : Makhan shah

  |  2 Oct 2024 4:27 PM IST

  • whatsapp
  • Telegram

ਲੰਦਨ : ਪਿਛਲੇ ਦਿਨੀਂ ਅਸੀਂ ਦੇਖਿਆ ਕਿ ਨੇਪਾਲ, ਪਾਕਿਸਤਾਨ ਸਮੇਤ ਕਈ ਦੇਸ਼ਾਂ ਵਿਚ ਹੜ੍ਹ ਨੇ ਭਾਰੀ ਤਬਾਹੀ ਮਚਾਈ, ਜਿਸ ਕਾਰਨ ਲੋਕਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਪਰ ਕੀ ਤੁਸੀਂ ਜਾਣਦੇ ਹੋ ਕਿ ਇਕ ਸ਼ਹਿਰ ਅਜਿਹਾ ਵੀ ਐ ਜਿੱਥੇ ਪਾਣੀ ਦਾ ਨਹੀਂ, ਬਲਕਿ ਬੀਅਰ ਦਾ ਹੜ੍ਹ ਆ ਗਿਆ ਸੀ ਅਤੇ ਇਸ ਹੜ੍ਹ ਕਾਰਨ ਕਾਫ਼ੀ ਤਬਾਹੀ ਮੱਚ ਗਈ ਸੀ, ਹੋਰ ਤਾਂ ਹੋਰ ਬੀਅਰ ਵਿਚ ਡੁੱਬਣ ਕਾਰਨ ਲੋਕਾਂ ਦੀ ਮੌਤ ਤੱਕ ਹੋ ਗਈ ਸੀ। ਸੁਣਨ ਵਿਚ ਭਾਵੇਂ ਤੁਹਾਨੂੰ ਇਹ ਖ਼ਬਰ ਕਾਫ਼ੀ ਅਜ਼ੀਬ ਲੱਗਦੀ ਹੋਵੇਗੀ ਪਰ ਇਹ 100 ਫ਼ੀਸਦੀ ਸੱਚ ਐ। ਸੋ ਆਓ ਤੁਹਾਨੂੰ 208 ਸਾਲ ਪਹਿਲਾਂ ਵਾਪਰੀ ਇਸ ਅਨੋਖੀ ਘਟਨਾ ਬਾਰੇ ਦੱਸਦੇ ਆਂ ਕਿ ਕਿੱਥੇ ਅਤੇ ਕਿਵੇਂ ਵਾਪਰੀ ਸੀ ਇਹ ਬੀਅਰ ਦੇ ਹੜ੍ਹ ਵਾਲੀ ਘਟਨਾ?

ਸਥਾਨ ਲੰਦਨ,,,,, ਤਰੀਕ 17 ਅਕਤੂਬਰ 1814,,,,,, ਸਮਾਂ ਸ਼ਾਮ ਦੇ 6 ਵਜੇ,,,, ਟੈਟੇਨਹਮ ਕੋਰਟ ਰੋਡ ਨੇੜੇ ਸਥਿਤ ਆਪਣੇ ਘਰ ਦੇ ਬਾਹਰ ਇਕ ਲੜਕੀ ਹੰਨਾ ਬਾਮਫੀਲਡ ਆਪਣੀ ਮਾਂ ਦੇ ਨਾਲ ਬੈਠੀ ਹੋਈ ਸੀ। ਉਸ ਸਮੇਂ ਤੇਜ਼ ਆਵਾਜ਼ ਦੇ ਨਾਲ 15 ਫੁੱਟ ਉਚੀ ਲਹਿਰ ਦੇ ਨਾਲ ਹੜ੍ਹ ਆ ਜਾਂਦਾ ਏ। ਲੋਕਾਂ ਨੂੰ ਲੱਗਿਆ ਕਿ ਇਹ ਕਿਧਰੋਂ ਪਾਣੀ ਆ ਗਿਆ ਪਰ ਇਹ ਪਾਣੀ ਨਹੀਂ ਸੀ ਇਹ ਬੀਅਰ ਸੀ। ਇਹ ਲਹਿਰ ਇੰਨੀ ਜ਼ਿਆਦਾ ਤੇਜ਼ ਸੀ ਕਿ ਹੰਨਾ ਬਾਮਫੀਲਡ ਅਤੇ ਉਸ ਦੀ ਮਾਂ ਨੂੰ ਆਪਣੇ ਨਾਲ ਵਹਾਅ ਕੇ ਲੈ ਗਈ ਅਤੇ ਉਨ੍ਹਾਂ ਦੋਵਾਂ ਸਮੇਤ ਕੁੱਲ 8 ਲੋਕਾਂ ਦੀ ਮੌਤ ਹੋ ਗਈ।

ਦੁਨੀਆ ਵਿਚ ਕਈ ਕਿਸਮ ਦੀ ਬੀਅਰ ਵਿਕਦੀ ਐ, ਜਿਨ੍ਹਾਂ ਵਿਚ ਇਕ ਨੂੰ ਪੋਰਟਰ ਬੀਅਰ ਕਿਹਾ ਜਾਂਦਾ ਏ। ਇਸ ਬੀਅਰ ਦੀ ਸ਼ੁਰੂਆਤ ਸੰਨ 1700 ਵਿਚ ਲੰਡਨ ਵਿਚ ਹੋਈ ਸੀ। ਇਸ ਬੀਅਰ ਨੂੰ ਬਣਾਉਣ ਵਾਲੀ ਕੰਪਨੀ ਦਾ ਨਾਮ ‘ਹਾਰਸ ਸ਼ੋਅ ਬ੍ਰਿਯੂਰੀ ਸੀ। ਇਸ ਕੰਪਨੀ ਨੇ ਸਿਰਫ਼ ਬੀਅਰ ਹੀ ਨਹੀਂ ਬਣਾਈ ਬਲਕਿ ਬੀਅਰ ਸਟਾਕ ਰੱਖਣ ਦੇ ਲਈ ਵੱਡੇ ਵੱਡੇ ਡਰੰਮ ਵੀ ਬਣਾਏ ਹੋਏ ਸੀ, ਜਿੱਥੇ ਲੱਖਾਂ ਗੈਲਨ ਬੀਅਰ ਸਟਾਕ ਕਰਕੇ ਰੱਖੀ ਜਾਂਦੀ ਸੀ।

ਲੇਖਕ ਇਆਨ ਐਸ ਹਾਰਨੇਸ ਆਪਣੀ ਕਿਤਾਬ ‘ਏ ਹਿਸਟਰੀ ਆਫ਼ ਬੀਅਰ ਐਂਡ ਬ੍ਰਿਵਿੰਗ’ ਵਿਚ ਲਿਖਦੇ ਨੇ ਕਿ 1763 ਵਿਚ 1500 ਬੈਰਲ ਦੀ ਸਮਰੱਥਾ ਦਾ ਟੈਂਕ ਪਹਿਲੀ ਵਾਰ ਇਸ ਕੰਪਨੀ ਦੀ ਭੱਠੀ ਵਿਚ ਲਗਾਇਆ ਗਿਆ ਸੀ ਪਰ ਜਲਦ ਹੀ ਇਸ ਦੀ ਸਮਰੱਥਾ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਗਿਆ। ਲੰਡਨ ਵਿਚ ਇਹ ਉਹ ਸਮਾਂ ਸੀ ਜਦੋਂ ਲੋਕ ਬਹੁਤ ਚਾਅ ਨਾਲ ਬੀਅਰ ਪੀਂਦੇ ਸੀ, ਜਿਸ ਕਰਕੇ ਇਹ ਬੀਅਰ ਕੰਪਨੀ ਤੇਜ਼ੀ ਨਾਲ ਵਿਕਾਸ ਕਰ ਰਹੀ ਸੀ। ਹਾਰਸ ਸ਼ੋਅ ਬ੍ਰਿਯੂਰੀ ਕੰਪਨੀ ਦੇ ਸ਼ੁਰੂ ਹੋਣ ਦੇ ਕਰੀਬ 111 ਸਾਲ ਬਾਅਦ ਯਾਨੀ ਸੰਨ 1811 ਵਿਚ ਇਕ ਲੱਖ ਬੈਰਲ ਤੋਂ ਜ਼ਿਆਦਾ ਸਾਲਾਨਾ ਬੀਅਰ ਦੀ ਪ੍ਰੋਡਕਸ਼ਨ ਹੋਣ ਲੱਗ ਪਈ।

ਇਸ ਤਰ੍ਹਾਂ ਹੁਣ ਇਹ ਕੰਪਨੀ ਲੰਡਨ ਦੀ ਛੇਵੀਂ ਸਭ ਤੋਂ ਵੱਡੀ ਬੀਅਰ ਕੰਪਨੀ ਬਣ ਗਈ ਸੀ। ਇਸ ਕੰਪਨੀ ਨੇ ਲੰਡਨ ਵਿਚ ਸੇਂਟ ਗਿਲਸ ਨਾਂਅ ਦੇ ਜ਼ਿਲ੍ਹੇ ਵਿਚ ਟੋਟੇਨਹੈਮ ਕੋਰਟ ਰੋਡ ਦੇ ਕੰਢੇ ‘ਗ੍ਰੇਟ ਰਸਲ ਸਟ੍ਰੀਟ’ ਨਾਂਅ ਦੇ ਸਥਾਨ ’ਤੇ ਸ਼ਰਾਬ ਦੀ ਭੱਠੀ ਲਗਾਈ ਸੀ। ਇਹ ਭੱਠੀ ਸਿਰਫ਼ ਆਸਪਾਸ ਦੇ ਇਲਾਕਿਆਂ ਵਿਚ ਹੀ ਨਹੀਂ ਬਲਕਿ ਪੂਰੇ ਬ੍ਰਿਟੇਨ ਵਿਚ ਮਸ਼ਹੂਰ ਸੀ। ਇਸ ਭੱਠੀ ’ਤੇ ਸ਼ਰਾਬ ਰੱਖਣ ਲਈ 22 ਫੁੱਟ ਉਚੇ ਲੱਕੜੀ ਦੇ ਕਈ ਟੈਂਕ ਬਣਾਏ ਗਏ ਸੀ। ਘਟਨਾ ਦੇ ਸਮੇਂ ਕਰੀਬ 3500 ਬੈਰਲ ਬੀਅਰ ਇਨ੍ਹਾਂ ਟੈਂਕਾਂ ਵਿਚ ਸਟਾਕ ਹੁੰਦੀ ਸੀ। ਇਨ੍ਹਾਂ ਟੈਂਕਾਂ ਨੂੰ ਵਿਸ਼ਾਲਕਾਰੀ ਲੋਹੇ ਦੇ ਢੱਕਣ ਦੇ ਨਾਲ ਢਕਿਆ ਹੋਇਆ ਸੀ। ਇਸ ਢੱਕਣ ਨੂੰ ਬਣਾਉਣ ਵਿਚ ਹੀ 81 ਮੀਟ੍ਰਿਕ ਟਨ ਲੋਹੇ ਦੀ ਵਰਤੋਂ ਕੀਤੀ ਗਈ ਸੀ।

17 ਅਕਤੂਬਰ 1814 ਦੀ ਦੁਪਹਿਰ ਦਾ ਸਮਾਂ ਸੀ, ਰੋਜ਼ਾਨਾ ਵਾਂਗ ਬ੍ਰਿਯੂਰੀ ਵਿਚ ਕਲਰਕ ਆਪਣੇ ਕੰਮ ਵਿਚ ਲੱਗਿਆ ਹੋਇਆ ਸੀ, ਉਸੇ ਸਮੇਂ ਉਸ ਦੀ ਨਜ਼ਰ ਉਸ ਟੈਂਕ ’ਤੇ ਪਈ, ਜਿਸ ਵਿਚ 32 ਟਨ ਫਾਰਮੇਂਟਿੰਗ ਪੋਰਟਰ ਬੀਅਰ ਰੱਖੀ ਹੋਈ ਸੀ, ਉਸ ਨੇ ਦੇਖਿਆ ਕਿ ਉਸ ਟੈਂਕ ਨੂੰ 320 ਕਿਲੋ ਲੋਹੇ ਦੇ ਢੱਕਣ ਨਾਲ ਬੰਦ ਕੀਤਾ ਹੋਇਆ ਸੀ ਪਰ ਉਹ ਆਪਣੀ ਥਾਂ ਤੋਂ ਥੋੜ੍ਹਾ ਖਿਸਕਿਆ ਹੋਇਆ ਸੀ। ਇਸ ਮਗਰੋਂ ਕਲਰਕ ਨੇ ਤੁਰੰਤ ਇਸ ਦੀ ਜਾਣਕਾਰੀ ਸੁਪਰਵਾਈਜ਼ਰ ਨੂੰ ਦਿੱਤੀ ਪਰ ਸੁਪਰਵਾਈਜ਼ਰ ਨੇ ਕਲਰਕ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਆਖਿਆ ਕਿ ਕੋਈ ਗੱਲ ਨ੍ਹੀਂ, ਜਲਦ ਹੀ ਇਸ ਨੂੰ ਠੀਕ ਕਰ ਦੇਵਾਂਗੇ, ਇਸ ਗੱਲ ਨੂੰ ਹਾਲੇ ਇਕ ਘੰਟਾ ਵੀ ਨਹੀਂ ਹੋਇਆ ਸੀ ਕਿ 22 ਫੁੱਟ ਉਚੇ ਟੈਂਕ ਤੋਂ ਢੱਕਣ ਹਟ ਗਿਆ, ਜਿਸ ਮਗਰੋਂ ਬੀਅਰ ਦੀ ਤੇਜ਼ ਧਾਰ ਨੇ ਦੂਜੇ ਟੈਂਕਾਂ ਨੂੰ ਵੀ ਤਬਾਹ ਕਰ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਸੜਕ ’ਤੇ ਬੀਅਰ ਦਾ ਹੜ੍ਹ ਆ ਗਿਆ।

ਨਿਊ ਸਟ੍ਰੀਟ ’ਤੇ ਬਣੀ ਇਸ ਬੀਅਰ ਦੀ ਭੱਠੀ ਦੇ ਪਿੱਛੇ ਇਕ ਝੁੱਗੀ ਬਸਤੀ ਸੀ, ਜੋ ਲੰਡਨ ਦੇ ਗਰੀਬ ਲੋਕਾਂ ਦਾ ਟਿਕਾਣਾ ਸੀ ਅਤੇ ਪੂਰੇ ਲੰਡਨ ਵਿਚ ਕ੍ਰਾਈਮ ਦੇ ਲਈ ਬਦਨਾਮ ਸੀ। ਇਹ ਬਸਤੀ ਕਾਫ਼ੀ ਨੀਂਵੇਂ ਇਲਾਕੇ ਵਿਚ ਬਣੀ ਹੋਈ ਸੀ। ਜਿਵੇਂ ਹੀ ਬੀਅਰ ਦੀ ਭੱਠੀ ਵਾਲੀ ਪਿਛਲੀ ਕੰਧ ਡਿੱਗੀ ਤਾਂ ਇਸ ਝੁੱਗੀ ਬਸਤੀ ਵਿਚ ਬੀਅਰ ਦਾ ਹੜ੍ਹ ਗਿਆ। ਕੰਧ ਦੇ ਮਲਬੇ ਹੇਠਾਂ ਦਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਪੂਰੀ ਘਟਨਾ ਦੌਰਾਨ ਕੁੱਲ 8 ਲੋਕਾਂ ਦੀ ਮੌਤ ਹੋ ਗਈ।

ਬੀਅਰ ਦੇ ਹੜ੍ਹ ਦੇ ਰੁਕਣ ਤੋਂ ਬਾਅਦ ਪਤਾ ਚੱਲਿਆ ਕਿ 6 ਲੱਖ ਲੀਟਰ ਤੋਂ ਜ਼ਿਆਦਾ ਬੀਅਰ ਸੜਕ ’ਤੇ ਵਹਿ ਗਈ ਸੀ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪਤਾ ਚੱਲਿਆ ਕਿ ਜੇਕਰ ਇਹ ਹੜ੍ਹ ਇਕ ਜਾਂ ਦੋ ਘੰਟੇ ਬਾਅਦ ਆਉਂਦਾ ਤਾਂ ਮੌਤਾਂ ਦੀ ਗਿਣਤੀ ਹੋਰ ਜ਼ਿਆਦਾ ਵਧ ਸਕਦੀ ਸੀ ਕਿਉਂਕਿ ਘਟਨਾ ਦੇ ਸਮੇਂ ਬਸਤੀ ਦੇ ਜ਼ਿਆਦਾਤਰ ਲੋਕ ਕੰਮਾਂ ’ਤੇ ਗਏ ਹੋਏ ਸਨ। ਅਗਲੇ ਦਿਨ ਜਦੋਂ ਮਲਬਾ ਸਾਫ਼ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਕਈ ਲੋਕਾਂ ਨੂੰ ਮਲਬੇ ਵਿਚੋਂ ਜਿੰਦਾ ਬਾਹਰ ਕੱਢਿਆ ਗਿਆ।

ਕੁੱਝ ਦਿਨਾਂ ਮਗਰੋਂ ਬੀਅਰ ਦੇ ਹੜ੍ਹ ਦਾ ਇਹ ਮਾਮਲਾ ਅਦਾਲਤ ਵਿਚ ਪਹੁੰਚ ਗਿਆ। ਇਸ ਮਗਰੋਂ ਅਦਾਲਤ ਨੇ ਇਸ ਮਾਮਲੇ ਵਿਚ ਕਿਸੇ ਨੂੰ ਦੋਸ਼ੀ ਮੰਨਣ ਤੋਂ Çੲਨਕਾਰ ਕਰ ਦਿੱਤਾ ਅਤੇ ਇਸ ਘਟਨਾ ਨੂੰ ਮੰਦਭਾਗੀ ਘਟਨਾ ਦੱਸਿਆ ਗਿਆ। ਇਸ ਦੇ ਨਾਲ ਹੀ ਜੂਡੀਸ਼ੀਅਲ ਅਫ਼ਸਰਾਂ ਨੇ ਇਸ ਨੂੰ ‘ਐਕਟ ਆਫ਼ ਗੌਡ’ ਵੀ ਆਖਿਆ। ਘਟਨਾ ਤੋਂ ਬਾਅਦ ਅਦਾਲਤ ਨੇ ਕੰਪਨੀ ਮਾਲਕ ਨੂੰ ਮੁਆਵਜ਼ਾ ਦੇਣ ਲਈ ਮਜਬੂਰ ਨਹੀਂ ਕੀਤਾ ਬਲਕਿ ਨੁਕਸਾਨ ਦੀ ਭਰਪਾਈ ਦੇ ਲਈ ‘ਹਾਰਸ ਸ਼ੋਅ ਬ੍ਰਿਯੂਰੀ ’ਤੇ ’ਤੇ ਲਗਾਏ ਗਏ ਟੈਕਸ ਨੂੰ ਵੀ ਹਟਾ ਲਿਆ। ਹੋਰ ਤਾਂ ਹੋਰ ਕੰਪਨੀ ਨੂੰ 7250 ਪੌਂਡ ਮੁਆਵਜ਼ਾ ਵੀ ਦਿੱਤਾ ਗਿਆ ਸੀ।

ਕੰਪਨੀ ਨੇ ਇਸ ਘਟਨਾ ਮਗਰੋਂ ਫਿਰ ਤੋਂ ਬੀਅਰ ਬਣਾਉਣੀ ਅਤੇ ਸਟਾਕ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਘਟਨਾ ਤੋਂ ਬਾਅਦ ਹੁਣ ਟੈਂਕ ਨੂੰ ਬੰਦ ਕਰਨ ਲਈ ਲੱਕੜੀ ਜਾਂ ਲੋਹੇ ਦੇ ਢੱਕਣ ਦੀ ਜਗ੍ਹਾ ਕੰਕਰੀਟ ਦੇ ਮਜ਼ਬੂਤ ਢੱਕਣ ਲਗਾਏ ਗਏ। ਕਰੀਬ 100 ਸਾਲ ਤੱਕ ਪ੍ਰੋਡਕਸ਼ਨ ਕਰਨ ਤੋਂ ਬਾਅਦ ਸੰਨ 1921 ਵਿਚ ਇਹ ਭੱਠੀ ਬੰਦ ਹੋ ਗਈ। ਇਸ ਦੀ ਜਗ੍ਹਾ ਡੋਮੀਨਿਅਨ ਥਿਏਟਰ ਖੋਲਿ੍ਹਆ ਗਿਆ। ਜ਼ਿੰਦਗੀ ਅੱਗੇ ਵਧਦੀ ਗਈ ਅਤੇ ਹੌਲੀ ਹੌਲੀ ਲੋਕ ਉਸ ਦਰਦਨਾਕ ਘਟਨਾ ਨੂੰ ਵੀ ਭੁੱਲ ਗਏ। ਇਸ ਘਟਨਾ ਦੀ ਯਾਦ ਵਿਚ ਭਲੇ ਹੀ ਦੁਨੀਆ ਭਰ ਵਿਚ ਕਿਤੇ ਕੋਈ ਮੈਮੋਰੀਅਲ ਨਹੀਂ ਬਣਾਇਆ ਗਿਆ ਪਰ ਇਕ ਪੱਬ ਵੱਲੋਂ ਹਰ ਸਾਲ ਇਸ ਘਟਨਾ ਦੀ ਯਾਦ ਵਿਚ ਇਕ ਐਨੀਵਰਸਰੀ ਪ੍ਰੋਗਰਾਮ ਜ਼ਰੂਰ ਕੀਤਾ ਜਾਂਦਾ ਏ, ਇਸ ਪੱਬ ਦਾ ਨਾਮ ‘ਦਿ ਹੋਲਬੋਰਨ ਵਿਪੇਟ’ ਐ।

ਇਸ ਤੋਂ ਇਲਾਵਾ ਜਰਮਨੀ ਦੇ ਵੇਸਟੋਨੇਨ ਪਿੰਡ ਵਿਚ ਇਕ ਵਾਰ ਚਾਕਲੇਟ ਦਾ ਹੜ੍ਹ ਵੀ ਆ ਗਿਆ ਸੀ, ਜਦੋਂ 10 ਦਸੰਬਰ 2018 ਦੀ ਰਾਤ ਨੂੰ ਕਰੀਬ 8 ਵਜੇ ਅਚਾਨਕ ਚਾਕਲੇਟ ਵਾਲਾ ਟੈਂਕ ਫਟ ਗਿਆ ਸੀ, ਜਿਸ ਮਗਰੋਂ ਪੂਰੇ ਇਲਾਕੇ ਵਿਚ ਗਰਮ ਲਿਕੁਏਡ ਚਾਕਲੇਟ ਫੈਲ ਗਈ ਸੀ ਅਤੇ ਇਸ ਦੀ ਧਾਰ ਸੜਕ ਤੱਕ ਆ ਗਈ ਸੀ ਪਰ ਗ਼ਨੀਮਤ ਇਹ ਰਹੀ ਕਿ ਕੋਈ ਵਿਅਕਤੀ ਇਸ ਦੀ ਲਪੇਟ ਵਿਚ ਨਹੀਂ ਆਇਆ। ਠੰਡ ਜ਼ਿਆਦਾ ਹੋਣ ਕਰਕੇ ਜਲਦੀ ਹੀ ਸਾਰੀ ਚਾਕਲੇਟ ਸਖ਼ਤ ਹੋ ਗਈ ਸੀ। ਘਟਨਾ ਮਗਰੋਂ ਫਾਇਰ ਬ੍ਰਿਗੇਡ ਦੀ ਟੀਮ ਨੇ ਦੋ ਘੰਟੇ ਲਗਾ ਕੇ ਸੜਕ ਨੂੰ ਸਾਫ਼ ਕਰ ਦਿੱਤਾ ਸੀ।

ਸੋ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it