ਬਰਤਾਨੀਆ ਦੇ ਨਵੇਂ ਮੰਤਰੀ ਮੰਡਲ ਵਿਚ ਕੋਈ ਸਿੱਖ ਸ਼ਾਮਲ ਨਹੀਂ
ਬਰਤਾਨੀਆ ਦੇ 58ਵੇਂ ਪ੍ਰਧਾਨ ਮੰਤਰੀ ਕਿਅਰ ਸਟਾਰਮਰ ਵੱਲੋਂ ਆਪਣੀ ਕੈਬਨਿਟ ਵਿਚ ਕਿਸੇ ਸਿੱਖ ਐਮ.ਪੀ. ਨੂੰ ਸ਼ਾਮਲ ਨਹੀਂ ਕੀਤਾ ਗਿਆ ਜਦਕਿ ਇਨ੍ਹਾਂ ਵਿਚੋਂ ਕਈ ਸ਼ੈਡੋ ਮੰਤਰੀ ਦੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਸਨ
By : Upjit Singh
ਲੰਡਨ : ਬਰਤਾਨੀਆ ਦੇ 58ਵੇਂ ਪ੍ਰਧਾਨ ਮੰਤਰੀ ਕਿਅਰ ਸਟਾਰਮਰ ਵੱਲੋਂ ਆਪਣੀ ਕੈਬਨਿਟ ਵਿਚ ਕਿਸੇ ਸਿੱਖ ਐਮ.ਪੀ. ਨੂੰ ਸ਼ਾਮਲ ਨਹੀਂ ਕੀਤਾ ਗਿਆ ਜਦਕਿ ਇਨ੍ਹਾਂ ਵਿਚੋਂ ਕਈ ਸ਼ੈਡੋ ਮੰਤਰੀ ਦੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਸਨ। ਦੂਜੇ ਪਾਸੇ ਪਾਕਿਸਤਾਨੀ ਮੂਲ ਦੀ ਸ਼ਬਾਨਾ ਮਹਿਮੂਦ ਨੂੰ ਨਿਆਂ ਮੰਤਰੀ ਬਣਾਇਆ ਗਿਆ ਹੈ ਜਦਕਿ ਭਾਰਤੀ ਮੂਲ ਦੀ ਲਿਜ਼ਾ ਨੰਦੀ ਨੂੰ ਸਭਿਆਚਾਰ ਅਤੇ ਖੇਡ ਮਾਮਲਿਆਂ ਦਾ ਮੰਤਰਾਲਾ ਸੌਂਪਿਆ ਗਿਆ ਹੈ।
ਪਾਕਿਸਤਾਨ ਦੀ ਸ਼ਬਾਨਾ ਮਹਿਮੂਦ ਬਣੀ ਨਿਆਂ ਮੰਤਰੀ
ਰੇਚਲ ਰੀਵਜ਼ ਨੂੰ ਬਰਤਾਨੀਆ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਹੈ ਜਦਕਿ ਐਂਜਲਾ ਰੇਅਨਰ ਉਪ ਪ੍ਰਧਾਨ ਮੰਤਰੀ ਹੋਣਗੇ, ਅਵੈਟ ਕੂਪਰ ਨੂੰ ਗ੍ਰਹਿ ਮੰਤਰਾਲਾ ਸੌਂਪਿਆ ਗਿਆ ਹੈ ਅਤੇ ਜੌਹਨ ਹੀਲੀ ਨੂੰ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵੈਜ਼ ਸਟ੍ਰੀਟਿੰਗ ਸਿਹਤ ਮੰਤਰੀ ਬਣਾਏ ਗਏ ਹਨ ਜਕਿ ਬ੍ਰਿਜਟ ਫਿਲਿਪਸਨ ਨੂੰ ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ ਦਿਤੀ ਗਈ ਹੈ। ਹਾਊਸ ਆਫ ਲੌਡਰਜ਼ ਵਿਚ ਲੀਡਰ ਦੀ ਜ਼ਿੰਮੇਵਾਰੀ ਬੈਰੋਨਸ ਸਮਿੱਥ ਨੂੰ ਦਿਤੀ ਗਈ ਹੈ ਜਦਕਿ ਰਿਚਰਡ ਹਰਮਰ ਅਟਾਰਨੀ ਜਨਰਲ ਦੀ ਸੇਵਾ ਨਿਭਾਉਣਗੇ।
ਭਾਰਤ ਦੀ ਲਿਜ਼ਾ ਲੰਦੀ ਨੂੰ ਸਭਿਆਚਾਰ ਅਤੇ ਖੇਡ ਮਾਮਲਿਆਂ ਦਾ ਮੰਤਰਾਲਾ
ਇਥੇ ਦਸਣਾ ਬਣਦਾ ਹੈ ਕਿ ਬਰਤਾਨੀਆ ਵਿਚ ਪਹਿਲੀ ਵਾਰ ਭਾਰਤੀ ਮੂਲ ਦੇ 28 ਐਮ.ਪੀ. ਬਣੇ ਹਨ ਅਤੇ ਇਨ੍ਹਾਂ ਵਿਚੋਂ 12 ਪੰਜਾਬੀ ਮੂਲ ਦੇ ਹਨ। ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਵਿਚੋਂ ਕਿਸੇ ਇਕ ਨੂੰ ਮੰਤਰੀ ਬਣਾਏ ਜਾਣ ਦੇ ਆਸਾਰ ਸਨ ਪਰ ਸੰਭਾਵਤ ਤੌਰ ’ਤੇ ਯੋਜਨਾ ਬਦਲ ਦਿਤੀ ਗਈ।