ਅਮਰੀਕਾ ਵਿਚ ਭਾਰਤੀ ਡਾਕਟਰ ਦੀ ਵੀਡੀਓ ਨੇ ਪਾਇਆ ਭੜਥੂ
ਅਮਰੀਕਾ ਵਿਚ ਭਾਰਤੀ ਮੂਲ ਦੇ ਡਾਕਟਰ ਦੀ ਵੀਡੀਓ ਨੇ ਭੜਥੂ ਪਾ ਦਿਤਾ ਹੈ ਜਿਸ ਵਿਚ ਉਹ ਕੋਰੋਨਾ ਦੌਰਾਨ ਪਾਰਟੀਆਂ ਕਰਨ ਦੀ ਗੱਲ ਕਬੂਲ ਕਰਦਾ ਸੁਣਿਆ ਜਾ ਸਕਦਾ ਹੈ।
By : Upjit Singh
ਨਿਊ ਯਾਰਕ : ਅਮਰੀਕਾ ਵਿਚ ਭਾਰਤੀ ਮੂਲ ਦੇ ਡਾਕਟਰ ਦੀ ਵੀਡੀਓ ਨੇ ਭੜਥੂ ਪਾ ਦਿਤਾ ਹੈ ਜਿਸ ਵਿਚ ਉਹ ਕੋਰੋਨਾ ਦੌਰਾਨ ਪਾਰਟੀਆਂ ਕਰਨ ਦੀ ਗੱਲ ਕਬੂਲ ਕਰਦਾ ਸੁਣਿਆ ਜਾ ਸਕਦਾ ਹੈ। ਡਾ. ਜੈਅ ਵਰਮਾ ਨੂੰ ਮਹਾਂਮਾਰੀ ਦੌਰਾਨ ਬੰਦਿਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਦਕਾ ਬੇਹੱਦ ਵਾਹ-ਵਾਹੀ ਮਿਲੀ ਪਰ ਹੁਣ ਇੱਜ਼ਤ ਦੀਆਂ ਧੱਜੀਆਂ ਉਡ ਰਹੀਆਂ ਹਨ। ਡਾ. ਜੈਅ ਵਰਮਾ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਸਿਆਸਤਦਾਨਾਂ ਵੱਲੋਂ ਤਿੱਖੀ ਨੁਕਤਾਚੀਨੀ ਕੀਤੀ ਜਾ ਰਹੀ ਹੈ। ਡਾ. ਵਰਮਾ ਵੱਲੋਂ ਵੀਡੀਓ ਦੇ ਬੁਨਿਆਦੀ ਤੱਥਾਂ ਨੂੰ ਗਲਤ ਨਹੀਂ ਦੱਸਿਆ ਗਿਆ ਪਰ ਐਨਾ ਜ਼ਰੂਰ ਕਿਹਾ ਕਿ ਕੁਝ ਗੱਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਇਕ ਬਿਆਨ ਜਾਰੀ ਕਰਦਿਆਂ ਡਾ. ਵਰਮਾ ਨੇ ਕਿਹਾ ਕਿ ਉਹ ਸਹੀ ਸਮੇਂ ’ਤੇ ਵਾਜਬ ਫੈਸਲਾ ਨਾ ਲੈਣ ਦੀ ਜ਼ਿੰਮੇਵਾਰੀ ਕਬੂਲ ਕਰਦੇ ਹਨ।
ਕੋਰੋਨਾ ਦੌਰਾਨ ਵਾਹ-ਵਾਹੀ ਖੱਟਣ ਵਾਲਾ ਡਾਕਟਰ ਖੁਦ ਕਰਦਾ ਸੀ ਪਾਰਟੀਆਂ
ਹਾਵਰਡ ਤੋਂ ਪੜ੍ਹਨ ਵਾਲੇ ਡਾ. ਜੈਅ ਵਰਮਾ ਅਮਰੀਕਾ ਦੇ ਸੈਂਟਰ ਫੌਰ ਡਿਜ਼ੀਜ਼ ਕੰਟਰੋਲ ਵਾਸਤੇ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਚੀਨ, ਥਾਇਲੈਂਡ ਤੇ ਇਥੀਓਪੀਆ ਵਿਖੇ ਵੀ ਤੈਨਾਤ ਕੀਤਾ ਗਿਆ। ਦੂਜੇ ਪਾਸੇ ਇਕ ਹੋਰ ਭਾਰਤੀ ਡਾਕਟਰ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਜਿਸ ਦਾ ਨਾਂ ਡੇਵ ਚੌਕਸੀ ਦੱਸਿਆ ਜਾ ਰਿਹਾ ਹੈ। ਚੇਤੇ ਰਹੇ ਕਿ ਕੋਰੋਨਾ ਮਹਾਂਮਾਰੀ ਦੌਰਾਨ ਨਿਊ ਯਾਰਕ ਵਿਚ 65 ਲੱਖ ਤੋਂ ਵੱਧ ਮਰੀਜ਼ ਸਾਹਮਣੇ ਆਏ ਅਤੇ 77 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ। ਭਾਵੇਂ ਅਮਰੀਕਾ ਦੇ ਮੇਨਸਟ੍ਰੀਮ ਮੀਡੀਆ ਵੱਲੋਂ ਆਪਣੇ ਪੱਤਰਕਾਰਾਂ ਲੁਕਵੀਆਂ ਵੀਡੀਓ ਬਣਾਉਣ ਤੋਂ ਵਰਜ ਦਿਤਾ ਗਿਆ ਪਰ ਵੱਖਰੇ ਤਰੀਕੇ ਨਾਲ ਪੱਤਰਕਾਰੀ ਕਰਨ ਵਾਲਿਆਂ ਨੇ ਇਹ ਰੁਝਾਨ ਜਾਰੀ ਰੱਖਿਆ। ਡਾ. ਵਰਮਾ ਵਿਰੁੱਧ ਵੀ ਅਜਿਹਾ ਹੀ ਹਥਕੰਡਾ ਵਰਤਿਆ ਗਿਆ ਅਤੇ ਸਭ ਕੁਝ ਵੀਡੀਓ ’ਤੇ ਰਿਕਾਰਡ ਹੋ ਗਿਆ। ਦੱਸ ਦੇਈਏ ਕਿ ਬਰਤਾਨੀਆਂ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਤੇ ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ’ਤੇ ਵੀ ਕੋਰੋਨਾ ਦੌਰਾਨ ਪਾਰਟੀਆਂ ਕਰਨ ਦੇ ਦੋਸ਼ ਲੱਗੇ ਸਨ।