ਅਮਰੀਕਾ ਦੇ ਰਾਸ਼ਟਰਪਤੀ ਨੇ ਵਾਈਟ ਹਾਊਸ ਵਿਚ ਮਨਾਈ ਦੀਵਾਲੀ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਰਾਤ ਵਾਈਟ ਹਾਊਸ ਵਿਚ ਦਿਵਾਲੀ ਮਨਾਉਂਦਿਆਂ ਭਾਰਤੀ ਮੂਲ ਦੇ ਲੋਕਾਂ ਨੂੰ ਵਧਾਈ ਦਿਤੀ।
By : Upjit Singh
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਰਾਤ ਵਾਈਟ ਹਾਊਸ ਵਿਚ ਦਿਵਾਲੀ ਮਨਾਉਂਦਿਆਂ ਭਾਰਤੀ ਮੂਲ ਦੇ ਲੋਕਾਂ ਨੂੰ ਵਧਾਈ ਦਿਤੀ। ਸਮਾਗਮ ਵਿਚ 600 ਤੋਂ ਵੱਧ ਭਾਰਤੀ ਮੂਲ ਦੇ ਅਮਰੀਕੀ ਸ਼ਾਮਲ ਹੋਏ ਅਤੇ ਬਾਇਡਨ ਨੇ ਕਿਹਾ ਕਿ ਵਾਈਟ ਹਾਊਸ ਆਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਸਮਾਗਮ ਕਰਵਾਉਣਾ ਉਨ੍ਹਾਂ ਵਾਸਤੇ ਮਾਣ ਵਾਲੀ ਗੱਲ ਹੈ। ਆਪਣੇ ਸਿਆਸੀ ਸਫ਼ਰ ਦੌਰਾਨ ਭਾਰਤੀ ਮੂਲ ਦੇ ਲੋਕਾਂ ਨਾਲ ਕੀਤੇ ਕੰਮ ਨੂੰ ਯਾਦ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਾਊਥ ਏਸ਼ੀਅਨ ਭਾਈਚਾਰੇ ਨੇ ਅਮਰੀਕਾ ਨੂੰ ਹਰ ਪੱਖੋਂ ਮਜ਼ਬੂਤ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਅੱਗੇ ਕਿਹਾ ਕਿ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕ ਦੁਨੀਆਂ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਹਨ ਅਤੇ ਵਾਈਟ ਹਾਊਸ ਵਿਚ ਹਰ ਸਾਲ ਪੂਰੇ ਮਾਣ ਨਾਲ ਦੀਵਾਲੀ ਮਨਾਈ ਜਾਂਦੀ ਹੈ।
ਭਾਰਤੀ ਮੂਲ ਦੇ ਲੋਕਾਂ ਨੂੰ ਰੌਸ਼ਨੀਆਂ ਦੇ ਤਿਉਹਾਰ ਦੀ ਵਧਾਈ ਦਿਤੀ
ਇਸ ਵਾਰ ਦੇ ਸਮਾਗਮਾਂ ਵਿਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਫਰਸਟ ਲੇਡੀ ਜਿਲ ਬਾਇਡਨ ਸ਼ਾਮਲ ਨਾ ਹੋ ਸਕੇ। ਜੋਅ ਬਾਇਡਨ ਨੇ ਦੱਸਿਆ ਕਿ ਕਮਲਾ ਹੈਰਿਸ ਸਮਾਗਮ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਚੋਣ ਪ੍ਰਚਾਰ ਦੇ ਰੁਝੇਵਿਆਂ ਕਾਰਨ ਸੰਭਵ ਨਾ ਹੋ ਸਕਿਆ। ਇਸੇ ਦੌਰਾਨ ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿਚੋਂ ਦੀਵਾਲੀ ਦੀਆਂ ਵਧਾਈਆਂ ਦਿਤੀਆਂ। ਉਨ੍ਹਾਂ ਕਿਹਾ ਕਿ ਇਸ ਸਾਲ ਧਰਤੀ ਤੋਂ 400 ਕਿਲੋਮੀਟਰ ਉਤੇ ਦੀਵਾਲੀ ਮਨਾਉਣ ਦਾ ਵਿਲੱਖਣ ਮੌਕਾ ਮਿਲਿਆ ਹੈ। ਦੀਵਾਲੀ ਖੁਸ਼ੀਆਂ ਭਰਿਆ ਪਲ ਹੈ ਕਿਉਂਕਿ ਦੁਨੀਆਂ ਵਿਚ ਅੱਜ ਵੀ ਚੰਗਿਆਈ ਕਾਇਮ ਹੈ। ਇਥੇ ਦਸਣਾ ਬਣਦਾ ਹੈ ਕਿ ਵਾਈਟ ਹਾਊਸ ਵਿਚ ਦੀਵਾਲੀ ਦਾ ਪਹਿਲਾ ਸਮਾਗਮ 2003 ਵਿਚ ਜਾਰਜ ਬੁਸ਼ ਦੇ ਕਾਰਜਕਾਲ ਦੌਰਾਨ ਮਨਾਇਆ ਗਿਆ ਪਰ ਉਹ ਨਿਜੀ ਤੌਰ ’ਤੇ ਕਦੇ ਵੀ ਸਮਾਗਮ ਵਿਚ ਸ਼ਾਮਲ ਨਾ ਹੋਏ। ਇਸ ਮਗਰੋਂ 2009 ਵਿਚ ਬਰਾਕ ਓਬਾਮਾ ਨੇ ਵਾਈਟ ਹਾਊਸ ਵਿਚ ਨਿਜੀ ਤੌਰ ’ਤੇ ਦੀਵਾਲੀ ਮਨਾਈ। ਪਿਊ ਰਿਸਰਚ ਸੈਂਟਰ ਦੇ ਸਰਵੇਖਣ ਮੁਤਾਬਕ ਅਮਰੀਕਾ ਵਿਚ ਭਾਰਤੀ ਮੂਲ ਦੇ 54 ਲੱਖ ਲੋਕ ਵਸਦੇ ਹਨ ਅਤੇ 6 ਰਾਜਾਂ ਦੇ 10 ਜ਼ਿਲਿ੍ਹਆਂ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 18 ਫੀ ਸਦੀ ਤੱਕ ਹੈ। ਕੈਲੇਫੋਰਨੀਆ, ਟੈਕਸਸ, ਨਿਊ ਜਰਸੀ, ਨਿਊ ਯਾਰਕ ਅਤੇ ਇਲੀਨੌਇਸ ਵਿਚ ਭਾਰਤੀਆਂ ਦੀ ਸਭ ਤੋਂ ਜ਼ਿਆਦਾ ਆਬਾਦੀ ਵਸਦੀ ਹੈ।