ਅਮਰੀਕਾ ਦੀ ਅਦਾਲਤ ਨੇ ਗੂਗਲ ਵਿਰੁੱਧ ਸੁਣਾਇਆ ਵੱਡਾ ਫੈਸਲਾ
ਅਮਰੀਕਾ ਦੀ ਇਕ ਅਦਾਲਤ ਨੇ ਗੂਗਲ ਵਿਰੁੱਧ ਵੱਡਾ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਆਨਲਾਈਨ ਸਰਚ ਦੇ ਮਾਮਲੇ ਵਿਚ ਗੂਗਲ ਦਾ ਏਕਾਧਿਕਾਰ ਸਰਾਸਰ ਗੈਰਕਾਨੂੰਨੀ ਹੈ
By : Upjit Singh
ਨਿਊ ਯਾਰਕ : ਅਮਰੀਕਾ ਦੀ ਇਕ ਅਦਾਲਤ ਨੇ ਗੂਗਲ ਵਿਰੁੱਧ ਵੱਡਾ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਆਨਲਾਈਨ ਸਰਚ ਦੇ ਮਾਮਲੇ ਵਿਚ ਗੂਗਲ ਦਾ ਏਕਾਧਿਕਾਰ ਸਰਾਸਰ ਗੈਰਕਾਨੂੰਨੀ ਹੈ। ਅਦਾਲਤੀ ਫੈਸਲੇ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਗੂਗਲ ਵਿਰੁੱਧ ਪਹਿਲਾਂ ਹੀ ਮੁਕੱਦਮਾ ਦਾਇਰ ਕੀਤਾ ਜਾ ਚੁੱਕਾ ਹੈ ਜੋ ਆਨਲਾਈਨ ਸਰਚ ਬਾਜ਼ਾਰ ਉਤੇ ਕੰਪਨੀ ਦਾ 90 ਫੀ ਸਦੀ ਕੰਟਰੋਲ ਅਤੇ ਸਮਾਰਟਫੋਨਜ਼ ਵਿਚ 95 ਫੀ ਸਦੀ ਕੰਟਰੋਲ ਦਾ ਦਾਅਵਾ ਕਰਦਾ ਹੈ। ਭਾਰਤੀ ਮੂਲ ਦੇ ਜ਼ਿਲ੍ਹਾ ਜੱਜ ਅਮਿਤ ਮਹਿਤਾ ਨੇ ਆਪਣੇ ਫੈਸਲੇ ਵਿਚ ਕਿਹਾ, ‘‘ਅਦਾਲਤ ਇਸ ਨਤੀਜੇ ’ਤੇ ਪੁੱਜੀ ਹੈ ਕਿ ਗੂਗਲ ਆਪਣੇ ਏਕਾਧਿਕਾਰ ਨੂੰ ਕਾਇਮ ਰੱਖਣ ਲਈ ਲਗਾਤਾਰ ਯਤਸ਼ੀਲ ਰਹਿੰਦੀ ਹੈ।’’ ਗੂਗਲ ਵਿਰੁੱਧ ਆਇਆ ਫੈਸਲਾ ਏਕਾਧਿਕਾਰ ਖਤਮ ਕਰਨ ਦਾ ਰਾਹ ਪੱਧਰਾ ਕਰਦਾ ਹੈ ਜਿਸ ਤਹਿਤ ਸਮਾਰਟਫੋਨ ਤਿਆਰ ਕਰਨ ਵਾਲੀਆਂ ਨੂੰ ਕੰਪਨੀਆਂ ਨੂੰ ਹਰ ਸਾਲ ਅਰਬਾਂ ਡਾਲਰ ਦੀ ਅਦਾਇਗੀ ਰੋਕੀ ਜਾ ਸਕਦੀ ਹੈ। ਦੂਜੇ ਪਾਸੇ ਗੂਗਲ ਕੋਲ ਅਦਾਲਤੀ ਫੈਸਲੇ ਵਿਰੁੱਧ ਅਪੀਲ ਦਾਇਰ ਕਰਨ ਦਾ ਹੱਕ ਵੀ ਮੌਜੂਦ ਹੈ।
ਆਨਲਾਈਨ ਸਰਚ ਇੰਜਨ ਦੇ ਮਾਮਲੇ ਵਿਚ ਏਕਾਧਿਕਾਰ ਗੈਰਕਾਨੂੰਨੀ ਠਹਿਰਾਇਆ
ਅਦਾਲਤੀ ਫੈਸਲਾ ਆਉਂਦਿਆਂ ਹੀ ਗੂਗਲ ਨੂੰ ਚਲਾਉਣ ਵਾਲੀ ਕੰਪਨੀ ਐਲਫਾਬੈਟ ਦੇ ਸ਼ੇਅਰ 4.3 ਫੀ ਸਦੀ ਡਿੱਗ ਗਏ। ਜ਼ਿਲ੍ਹਾ ਜੱਜ ਅਮਿਤ ਮਹਿਤਾ ਨੇ ਕਿਹਾ ਕਿ ਗੂਗਲ ਵੱਲੋਂ ਸਾਲ 2021 ਦੌਰਾਨ ਸਮਾਰਟਫੋਨ ਕੰਪਨੀਆਂ ਨੂੰ 26 ਅਰਬ ਡਾਲਰ ਤੋਂ ਵੱਧ ਅਦਾਇਗੀ ਕੀਤੀ ਗਈ ਤਾਂਕਿ ਕਿਸੇ ਵੀ ਮੋਬਾਈਲ ਫੋਨ ਵਿਚ ਹੋਰ ਕੋਈ ਸਰਚ ਇੰਜਨ ਉਪਲਬਧ ਨਾ ਹੋਵੇ। ਜੱਜ ਨੇ ਕਿਹਾ ਕਿ ਜੇ ਕੋਈ ਕੰਪਨੀ ਬਿਹਤਰੀਨ ਸੇਵਾਵਾਂ ਮੁਹੱਈਆ ਕਰਵਾਉਣ ਦੀ ਸਮਰੱਥਾ ਰਖਦੀ ਹੈ ਤਾਂ ਵੀ ਅਜਿਹਾ ਨਹੀਂ ਕਰ ਸਕੇਗੀ ਕਿਉਂਕਿ ਉਸ ਕੋਲ ਮੋਬਾਈਲ ਕੰਪਨੀਆਂ ਨੂੰ ਦੇਣ ਲਈ ਅਰਬਾਂ ਡਾਲਰ ਨਹੀਂ ਹੋਣਗੇ। ਬਿਨਾਂ ਸ਼ੱਕ ਗੂਗਲ ਚੰਗੀ ਤਰ੍ਹਾਂ ਜਾਣਦੀ ਹੈ ਕਿ ਹੋਰ ਕੰਪਨੀਆਂ ਦੇ ਇਸ ਖੇਤਰ ਵਿਚ ਦਾਖਲ ਹੋਣ ਨਾਲ ਅਰਬਾਂ ਡਾਲਰ ਦੀ ਕਮਾਈ ਦਾ ਨੁਕਸਾਨ ਹੋ ਸਕਦਾ ਹੈ। ਅਦਾਲਤੀ ਫੈਸਲੇ ਮਗਰੋਂ ਤਕਨੀਕੀ ਖੇਤਰਾਂ ਦੇ ਮਾਹਰਾਂ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਏਕਾਧਿਕਾਰ ਖਤਮ ਹੋਣ ਨਾਲ ਐਲਫਾਬੈਟ ਦੀ ਆਮਦਨ ’ਤੇ ਵੱਡਾ ਅਸਰ ਪੈ ਸਕਦਾ ਹੈ ਪਰ ਮੋਬਾਈਲ ਕੰਪਨੀਆਂ ਨਾਲ ਕੀਤੇ ਸਮਝੌਤੇ ਫੈਸਲਾਕੁੰਨ ਸਾਬਤ ਹੋ ਸਕਦੇ ਹਨ। ਦੱਸ ਦੇਈਏ ਕਿ ਗੂਗਲ ਤੋਂ ਪਹਿਲਾਂ ਮਾਈਕਰੋਸਾਫਟ ਬਿਲਕੁਲ ਇਸੇ ਕਿਸਮ ਦੇ ਮਸਲੇ ’ਤੇ ਅਮਰੀਕਾ ਦੇ ਨਿਆਂ ਮੰਤਰਾਲੇ ਨਾਲ ਸਮਝੌਤਾ ਕਰ ਚੁੱਕੀ ਹੈ।